ਲਾਜਵੰਤ ਸਿੰਘ
ਨਵਾਂਸ਼ਹਿਰ, 20 ਨਵੰਬਰ
ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਪਿੰਡ ਸ਼ਹਾਬਪੁਰ ਵਿੱਚ ਪਾਰਟੀ ਦੇ ਉੱਘੇ ਆਗੂ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 29ਵੀਂ ਬਰਸੀ ਮਨਾਈ ਗਈ। ਸ਼ਹੀਦ ਦੀ ਯਾਦਗਾਰ ਉੱਤੇ ਝੰਡਾ ਲਹਿਰਾਉਣ ਉਪਰੰਤ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ ਕਾਮਰੇਡ ਦਰਸ਼ਨ ਸਿੰਘ ਖਟਕੜ, ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨਾ ਕਿਸਾਨਾਂ ਦੀ ਏਕਤਾ ਅਤੇ ਸੰਘਰਸ਼ ਦੀ ਜਿੱਤ ਹੈ।
ਇਸ ਘੋਲ ਵਿਚ 700 ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੇ ਕਲਾਕਾਰਾਂ, ਬਲਜਿੰਦਰ ਸਿੰਘ ਬੈਂਸ, ਮਨਜੀਤ ਕੌਰ ਮੰਗੂਵਾਲ ਨੇ ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਮੰਚ ਸੰਚਾਲਨ ਅਵਤਾਰ ਸਿੰਘ ਤਾਰੀ ਅਤੇ ਹਰੀ ਰਾਮ ਰਸੂਲਪੁਰੀ ਨੇ ਕੀਤੀ। ਇਸ ਮੌਕੇ ਕਮਲਜੀਤ ਸਨਾਵਾ, ਗੁਰਦਿਆਲ ਰੱਕੜ, ਕੁਲਦੀਪ ਸਿੰਘ ਸ਼ਹਾਬਪੁਰ ਵੀ ਮੌਜੂਦ ਸਨ।