ਪਾਲ ਸਿੰਘ ਨੌਲੀ
ਜਲੰਧਰ, 9 ਅਪਰੈਲ
ਇੱਥੋਂ ਦੇ ਥਾਣਾ ਰਾਮਾਮੰਡੀ ਅਧੀਨ ਆਉਂਦੇ ਮੁਹੱਲਾ ਅਜੀਤ ਨਗਰ ਵਿੱਚ ਇੱਕ ਸਮਾਗਮ ਦੌਰਾਨ ਇੱਕ ਰਾਜਸੀ ਆਗੂ ਵੱਲੋਂ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਣ ਨਾਲ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਚੱਲ ਰਹੀਆਂ ਗੋਲੀਆਂ ਦੀਆਂ ਘਟਨਾਵਾਂ ਨੇ ਪਹਿਲਾ ਸੂਬਾ ਸਰਕਾਰ ਦੀ ਸਿਰਦਰਦੀ ਵਧਾਈ ਹੋਈ ਹੈ। ਮੌਜੂਦਾ ਗੋਲੀਆਂ ਚਲਾਉਣ ਦੀ ਵਾਇਰਲ ਵੀਡੀਓ ਵਿੱਚ ਇੱਕ ਰਾਜਨੀਤਕ ਆਗੂ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿੱਚ ਸੰਗੀਤਕ ਪ੍ਰੋਗਰਾਮ ਵੀ ਚੱਲ ਰਿਹਾ ਹੈ ਤੇ ਤੇਜ਼ ਵੱਜਦੇ ਸੰਗੀਤ ਦੌਰਾਨ ਹੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਕਤ ਆਗੂ ਗੋਲੀਆਂ ਦਾਗ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਵੀਡੀਓ ਨੂੰ ਪੁਲੀਸ ਅਧਿਕਾਰੀਆਂ ਨੇ ਬੜੀ ਗਹੁ ਨਾਲ ਦੇਖਿਆ ਹੈ। ਇਲਾਕੇ ਦੇ ਲੋਕ ਇਹ ਆਸ ਲਾਈ ਬੈਠੇ ਹਨ ਕਿ ਪੁਲੀਸ ਆਪਣੀ ਨੱਕ ਬਚਾਉਣ ਦੀ ਖਾਤਰ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰੇਗੀ। ਆਮ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਆਖਰ ਪੁਲੀਸ ਰਾਜਸੀ ਆਗੂ ਵਿਰੁੱਧ ਕੀ ਕਾਰਵਾਈ ਕਰਦੀ ਹੈ। ਇਲਾਕੇ ਦੇ ਕਈ ਸਮਾਜਿਕ ਆਗੂਆਂ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਵਿਆਹ-ਸ਼ਾਦੀਆਂ ਜਾਂ ਖੁਸ਼ੀ ਦੇ ਹੋਰ ਪ੍ਰੋਗਰਾਮਾਂ ਸਮੇਂ ਮੈਰਿਜ ਪੈਲੇਸਾਂ ਜਾਂ ਹੋਰ ਜਨਤਕ ਥਾਵਾਂ ’ਤੇ ਹਥਿਆਰ ਲੈ ਕੇ ਜਾਣ ਦੀ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ ਪਰ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕਾਂ ਦਾ ਪ੍ਰਸ਼ਾਸਨ ਤੋਂ ਭਰੋਸਾ ਟੁੱਟਦਾ ਜਾ ਰਿਹਾ ਹੈ।
ਥਾਣੇ ਤੋਂ ਜਾਂਚ ਅਧਿਕਾਰੀ ਅਜਮੇਰ ਲਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਾਇਰਲ ਹੋਈ ਵੀਡੀਓ ਦੇ ਮੱਦੇਨਜ਼ਰ ਪੁਲੀਸ ਮਾਮਲੇ ਦੀ ਬੜੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।