ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਜ਼ਿਲ੍ਹੇ ਦੇ ਇੱਕ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਵਲੋਂ ਕਥਿਤ 10 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਲਿਖੇ ਪੱਤਰ ਵਿੱਚ ਬੋਰਡ ਦੇ ਚੇਅਰਮੈਨ ਨੇ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਵੇਰਵੇ ਦਿੱਤੇ ਹਨ। ਇਹ ਫੰਡ ਪੰਜਾਬ ਨਿਰਮਾਣ ਯੋਜਨਾ ਤਹਿਤ ਦਿੱਤੇ ਗਏ ਸਨ। ਚੇਅਰਮੈਨ ਨੇ ਆਪਣੇ ਪੱਤਰ ਨਾਲ ਉਨ੍ਹਾਂ ਨਕਲੀ ਬਿੱਲਾਂ ਦਾ ਵੀ ਹਵਾਲਾ ਦਿੱਤਾ ਹੈ ਜਿਨ੍ਹਾਂ ਰਾਹੀਂ ਘੁਟਾਲਾ ਕੀਤਾ ਗਿਆ ਸੀ। ਫਿਲੌਰ ਦੇ ਬੀਡੀਪੀਓ ਦਫਤਰ ਵਿਚ ਕੀਤੀ ਗਈ ਕਥਿਤ ਹੇਰਾਫੇਰੀ ਵਿੱਚ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਦੱਸੀ ਗਈ ਹੈ। ਚੇਅਰਮੈਨ ਨੇ ਆਪਣੇ ਪੱਤਰ ਵਿੱਚ ਕਾਂਗਰਸੀ ਵਿਧਾਇਕ ਦੀ ਕਥਿਤ ਸ਼ਮੂਲੀਅਤ ਵੱਲ ਵੀ ਇਸ਼ਾਰਾ ਕੀਤਾ ਹੈ ਕਿਉਂਕਿ ਇਹ ਫੰਡ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵਿਧਾਨ ਸਭਾ ਖੇਤਰਾਂ ਦੇ ਵਿਕਾਸ ਲਈ ਜਾਰੀ ਕੀਤੇ ਗਏ ਸਨ।