ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਮਾਰਚ
ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਧਰਤੀ ’ਤੇ 23 ਮਾਰਚ 1998 ਨੂੰ ਭਗਵੰਤ ਮਾਨ ਨੇ ਆਪਣੇ ਸਾਥੀਆਂ ਨਾਲ ਨਾਟਕ ਖੇਡਿਆ ਸੀ ਤੇ 16 ਮਾਰਚ ਨੂੰ ਉਸੇ ਧਰਤੀ ’ਤੇ ਬਤੌਰ ਮੁੱਖ ਮੰਤਰੀ ਪੰਜਾਬ ਵਜੋਂ ਸਹੁੰ ਚੁੱਕਣਗੇ। ਖਟਕੜ ਕਲਾਂ ਪਿੰਡ ਵਿੱਚ 24 ਸਾਲ ਪਹਿਲਾਂ ਭਗਵੰਤ ਮਾਨ ਵੱਲੋਂ ਕੀਤੇ ਸਟੇਜ ਦੇ ਪ੍ਰੋਗਰਾਮ ਦੌਰਾਨ ਉਨ੍ਹਾਂ ਨਾਲ ਪੰਜਾਬੀ ਗਾਇਕ ਹਰਭਜਨ ਮਾਨ ਵੀ ਮੌਜੂਦ ਸਨ। ਅਮਰਦੀਪ ਬੰਗਾ ਨਾਂ ਦੇ ਨੌਜਵਾਨ ਨੇ ਇਸ ਸਟੇਜ ਪ੍ਰੋਗਰਾਮ ਦੀਆਂ ਸੋਸ਼ਲ ਮੀਡੀਆ ’ਤੇ ਭਗਵੰਤ ਮਾਨ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹੁਣ ਉਹ ਇੱਥੇ ਇਤਿਹਾਸ ਦੀ ਨਵੀਂ ਇਬਾਰਤ ਲਿਖਣ ਲਈ ਆ ਰਹੇ ਹਨ।
ਸ਼ਹੀਦ ਭਗਤ ਸਿੰਘ ਦੇ ਪਿੰਡ ਦੇ ਲੋਕ ਵੀ ਇਸ ਗੱਲ ਤੋਂ ਵੀ ਖ਼ੁਸ਼ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੇ ਇਤਿਹਾਸਕ ਪਿੰਡ ਵਿੱਚ ਪਹਿਲੀ ਵਾਰ ਪੰਜਾਬ ਦੇ ਬਣਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅਹੁਦੇ ਦੀ ਸਹੁੰ ਚੁੱਕਣਗੇ। ਭਗਵੰਤ ਮਾਨ ਜਦੋਂ ਪਹਿਲੀ ਵਾਰ 2014 ਵਿੱਚ ਐਮਪੀ ਬਣੇ ਸਨ, ਉਦੋਂ ਵੀ ਉਹ ਪਤਨੀ ਤੇ ਬੱਚਿਆਂ ਸਣੇ ਖਟਕੜ ਕਲਾਂ ਆਏ ਸਨ। ਉਨ੍ਹਾਂ ਨੇ ਆਪਣੇ ਸੰਸਦ ਮੈਂਬਰ ਬਣਨ ਦਾ ਚੋਣ ਕਮਿਸ਼ਨ ਵੱਲੋਂ ਦਿੱਤਾ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਪੈਰਾਂ ਵਿੱਚ ਰੱਖਿਆ ।
ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ 2014 ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਅਰਵਿੰਦ ਕੇਜਰੀਵਾਲ ਨਾਲ ਆਏ ਸਨ। ਚੰਡੀਗੜ੍ਹ ਨੂੰ ਜਾਂਦੇ ਸਮੇਂ ਵੀ ਉਹ ਕਈ ਵਾਰ ਇੱਥੇ ਰੁਕ ਕੇ ਜਾਂਦੇ ਹਨ। ਸਾਲ 2019 ਦੀਆਂ ਲੋਕਾਂ ਸਭਾ ਚੋਣਾਂ ਜਿੱਤਣ ਬਾਅਦ ਜਦੋਂ ਉਹ ਭਗਤ ਸਿੰਘ ਦੀ ਯਾਦਗਾਰ ਵਿਖੇ ਸਿਜਦਾ ਕਰਨ ਲਈ ਆਏ ਸਨ ਤਾਂ ਉਨ੍ਹਾਂ ਨੂੰ ਪਿੰਡ ਖਟਕੜ ਕਲਾਂ ਦੀਆਂ ਕੁਝ ਮੰਗਾਂ ਬਾਰੇ ਪੱਤਰ ਦਿੱਤਾ ਸੀ।
ਗੁਰਜੀਤ ਸਿੰਘ ਨੇ ਦੱਸਿਆ ਕਿ ਖਟਕੜ ਕਲਾਂ ਵਿੱਚ ਬੱਚਿਆਂ ਦੇ ਖੇਡਣ ਲਈ ਕੋਈ ਮੈਦਾਨ ਨਹੀਂ ਹੈ। ਇੱਥੇ ਹਰ ਸਾਲ 23 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਜਾਂ ਕੇਂਦਰੀ ਮੰਤਰੀ ਆਉਂਦੇ ਰਹਿੰਦੇ ਹਨ ਪਰ ਭਗਤ ਸਿੰਘ ਦੇ ਪਿੰਡ ਦੇ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਲੰਧਰ ਵਿੱਚ ਖੇਡ ਯੂਨੀਵਰਸਿਟੀ ਦਾ ਐਲਾਨ ਕਰਨ ਵਾਲੇ ਭਗਵੰਤ ਮਾਨ ਮੁੱਖ ਮੰਤਰੀ ਬਣਨਗੇ ਤਾਂ ਸ਼ਾਇਦ ਇਸ ਪਿੰਡ ਦੇ ਬੱਚਿਆਂ ਦੀ ਮੰਗ ਵੀ ਸ਼ਾਇਦ ਮੰਨੀ ਜਾਵੇ।