ਜੇ.ਬੀ.ਸੇਖੋਂ
ਗੜ੍ਹਸ਼ੰਕਰ, 22 ਸਤੰਬਰ
ਪਿੰਡ ਡੱਲੇਵਾਲ ਵਿੱਚ ਦਲਿਤ ਪਰਿਵਾਰਾਂ ਦੇ ਘਰਾਂ ਉੱਪਰੋਂ ਬਿਜਲੀ ਵਿਭਾਗ ਵੱਲੋਂ ਹਾਈ ਵੋਲਟੇਜ ਤਾਰਾਂ ਲੰਘਾਉਣ ’ਤੇ ਸਬੰਧਤ ਪਰਿਵਾਰਾਂ ਵਿੱਚ ਰੋਸ ਹੈ। ਪਿੰਡ ਵਾਸੀਆਂ ਨੇ ਕੀਤੇ ਇਕੱਠ ਦੌਰਾਨ ਪਾਵਰਕੌਮ ਖ਼ਿਲਾਫ਼ ਭੜਾਸ ਕੱਢੀ ਅਤੇ ਹਾਈ ਵੋਲਟੇਜ ਤਾਰਾਂ ਪਾਉਣ ਤਹਿਤ ਪਿੰਡ ਦੇ ਕੁਝ ਲੋਕਾਂ ਦੇ ਰਾਜਸੀ ਅਸਰ ਰਸੂਖ ਦੇ ਪ੍ਰਭਾਵ ਹੇਠ ਕੰਮ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਸੰਜਨਾ ਸ਼ਰਮਾ, ਕਾਲਾ ਸਿੰਘ, ਸੁਰਜੀਤ, ਪੂਨਮ ਸ਼ਰਮਾ, ਮਮਤਾ ਦੇਵੀ ਅਤੇ ਉਰਮਿਲਾ ਦੇਵੀ ਨੇ ਕਿਹਾ ਕਿ ਪਿੰਡ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਤਹਿਤ ਇੱਕ ਟਰਾਂਸਫਾਰਮਰ ਲਗਾਇਆ ਗਿਆ ਹੈ ਜਿਸ ਤੋਂ ਸਪਲਾਈ ਲਈ ਦਲਿਤ ਘਰਾਂ ਦੇ ਉੱਪਰੋਂ ਹਾਈ ਵੋਲਟੇਜ ਤਾਰਾਂ ਪਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਦੂਜੇ ਪਾਸੇ ਅਜਿਹੀ ਸਪਲਾਈ ਲਈ ਮੋਟੀ ਕੇਬਲ ਦੀ ਵਰਤੋਂ ਕੀਤੀ ਗਈ ਹੈ ਜਦਕਿ ਦਲਿਤ ਘਰਾਂ ਉੱਪਰੋਂ ਪਾਈਆਂ ਗਈਆਂ ਤਾਰਾਂ ਮੋਟੀ ਕੇਬਲ ਦੀ ਪਰਤ ਤੋਂ ਬਗੈਰ ਹਨ ਜਿਸ ਕਰਕੇ ਹਰ ਸਮੇਂ ਬਿਜਲੀ ਦੇ ਕਰੰਟ ਦਾ ਖਤਰਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਤਾਰਾਂ ਇੱਥੋਂ ਹਟਾ ਕੇ ਮੋਟੀ ਕੇਬਲ ਪਾਈ ਜਾਵੇ। ਐੱਸਡੀਓ ਅਵਤਾਰ ਸਿੰਘ ਨੇ ਕਿਹਾ ਕਿ ਪੁਲੀਸ ਦੀ ਹਾਜ਼ਰੀ ਵਿੱਚ ਵਿਭਾਗ ਵੱਲੋਂ ਕੰਮ ਕੀਤਾ ਗਿਆ ਹੈ ਅਤੇ ਇਸ ਸਬੰਧੀ ਪਿੰਡ ਵਾਸੀਆਂ ਦੀ ਸਹਿਮਤੀ ਲਈ ਗਈ ਹੈ।