ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 20 ਅਗਸਤ
ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਚੇਅਰਮੈਨ ਰਵੀ ਅਰੋੜਾ ਨੇ ਦੱਸਿਆ ਕਿ ਸਕੂਲ ਦੀਆਂ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨੇ ਫੁੱਲਾਂ ਨਾਲ ਸਜਾਈਆਂ ਹੋਈਆਂ ਪੀਂਘਾਂ ਝੂਟੀਆਂ ਅਤੇ ਲੋਕ ਗੀਤ ਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਵਿਦਿਆਰਥਣਾਂ ਵਲੋਂ ਪੰਜਾਬ ਦੇ ਲੋਕ ਨਾਚ ਗਿੱਧੇ ਪੇਸ਼ਕਾਰੀ ਕੀਤੀ ਗਈ। ਸਮਾਰੋਹ ਦੌਰਾਨ ਸਕੂਲ ਦੀ ਪ੍ਰਿੰਸੀਪਲ ਵਿਭੂਤੀ ਅਰੋੜਾ ਵਲੋਂ ਵਿਦਿਆਰਥਣਾਂ ਨੂੰ ਵੱਖ-ਵੱਖ ਵੰਨਗੀਆਂ ਦੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਦਸਵੀਂ ਜਮਾਤ ਦੀ ਗੁਰਪਿੰਦਰ ਕੌਰ ਨੂੰ ‘ਮਿਸ ਤੀਜ’, ਛੇਵੀਂ ਦੀ ਨੂਰਦੀਪ ਨੂੰ ‘ਗਿੱਧਿਆਂ ਦੀ ਰਾਣੀ’, ਅੱਠਵੀਂ ਦੀ ਨਵਦੀਪ ਕੌਰ ਨੂੰ ‘ਮਹਿੰਦੀ’ ਅਤੇ ਬਾਰ੍ਹਵੀਂ ਦੀ ਦੀਕਸ਼ਾ ਨੂੰ ‘ਪੰਜਾਬਣ ਦੇ ਪਹਿਰਾਵੇ’ ਲਈ ਸਨਮਾਨਿਤ ਕੀਤਾ ਗਿਆ। ਇਸ ‘ਤ੍ਰਿੰਞਣ’ ਮੇਲੇ ‘ਚ ਇੱਕ ਧੀ ਦੇ ਬਚਪਨ ਤੋਂ ਵਿਆਹ ਤੱਕ ਦੇ ਸਫਰ ਨੂੰ ਬਾਖੂਬੀ ਪੇਸ਼ ਕੀਤਾ ਗਿਆ।
ਸਮਾਰੋਹ ਨੂੰ ਸਫਲ ਬਣਾਉਣ ਹਿਤ ਸਕੂਲ ਸਟਾਫ ਦੇ ਮੈਡਮ ਸੁਸ਼ਮਾ, ਮਨਪ੍ਰੀਤ, ਪ੍ਰੀਤੀ, ਜਤਿੰਦਰ ਕੌਰ, ਸੁਮਨ, ਪੂਨਮ ਅਤੇ ਰੀਤਿਕਾ ਆਦਿ ਅਧਿਆਪਕਾਵਾਂ ਦਾ ਭਰਵਾਂ ਯੋਗਦਾਨ ਰਿਹਾ।
ਫਗਵਾੜਾ (ਪੱਤਰ ਪ੍ਰੇਰਕ): ਸਰਬ ਨੌਜਵਾਨ ਸਭਾ ਵਲੋਂ ‘ਤੀਆਂ ਦਾ ਮੇਲਾ’ ਪਲਾਹੀ ਰੋਡ ਸਥਿਤ ਆਰੀਆ ਆਈ.ਐਮ.ਟੀ ਕਾਲਜ ਦੇ ਵਿਹੜੇ ’ਚ ਮਨਾਇਆ ਗਿਆ ਜਿਸਦੀ ਪ੍ਰਧਾਨਗੀ ਸਨਅਤਕਾਰ ਕੁਲਦੀਪ ਸਰਦਾਨਾ ਨੇ ਕੀਤਾ ਤੇ ਵਿਸ਼ੇਸ਼ ਤੌਰ ’ਤੇ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਵਿਸ਼ੇ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੌਰਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਲੜਕੀਆਂ ਨੇ ਚਰਖਾ ਕੱਤ ਕੇ ਤੇ ਦੁੱਧ ਰਿੜਕ ਕੇ ਪੁਰਾਤਨ ਪੰਜਾਬ ਦੀ ਮਨਮੋਹਕ ਝਲਕ ਪੇਸ਼ ਕੀਤੀ। ਇਸ ਤੋਂ ਇਲਾਵਾ ਢੋਲ ਦੀ ਥਾਪ ’ਤੇ ਡੀ.ਜੇ. ਦੀ ਧੁੰਨ ਤੇ ਗਿੱਧਾ, ਬੋਲੀਆ, ਫਰੀ ਸਟਾਈਲ ਭੰਗੜੇ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਮੌਕੇ ਜਿਲ੍ਹਾ ਕਪੂਰਥਲਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ, ਸੀ.ਡੀ.ਪੀ.ਓ ਸੁਸ਼ੀਲ ਲਤਾ ਭਾਟੀਆ, ਸੁਲਭਾ ਸਿੰਗਲਾ, ਪ੍ਰਿੰਸੀਪਲ ਮੋਨਿਕਾ ਸੱਭਰਵਾਲ, ਸਬ ਇੰਸ. ਕਾਂਤੀ ਰਾਣੀ, ਸਾਬਕਾ ਕੌਂਸਲਰ ਜਸਵਿੰਦਰ ਕੌਰ ਵੀ ਸ਼ਾਮਿਲ ਸਨ।
ਸ਼ਾਹਕੋਟ (ਪੱਤਰ ਪ੍ਰੇਰਕ): ਪਿੰਡ ਬੱਗਾ ਵਿਚ ਤੀਆਂ ਦਾ ਤਿਉਹਾਰ ਲੜਕੀਆਂ ਅਤੇ ਔਰਤਾਂ ਵੱਲੋਂ ਸੰਯੁਕਤ ਰੂਪ ’ਚ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਇਸ ਤਿਉਹਾਰ ਦੀ ਪ੍ਰੰਪਰਾ ਮੁਤਾਬਿਕ ਪੀਘਾਂ ਝੂਟੀਆਂ,ਗਿੱਧਾ ਪਾਇਆ ਅਤੇ ਤੀਆਂ ਨਾਲ ਸਬੰਧਿਤ ਗੀਤ ਗਾਏ।
ਸੁਖਪ੍ਰੀਤ ਕੌਰ ਬਾਂਸਲ ਨੇ ਦੱਸਿਆ ਕਿ ਉਹ ਇਸਤਿਉਹਾਰ ਨੂੰ ਮਨਾ ਕੇ ਨੌਜ਼ਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਰਹੇ ਹਨ। ਇਸ ਮੌਕੇ ਚਾਹ/ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸੰਦੀਪ ਕੌਰ ਮੱਟੂ,ਬਲਵਿੰਦਰ ਕੌਰ ਚੱਠਾ,ਸੁਖਜੀਤ ਕੌਰ ਮੱਟੂ,ਕਮਲਜੀਤ ਕੌਰ ਹੂੰਝਣ,ਸੁਖਪ੍ਰੀਤ ਕੌਰ ਬਾਂਸਲ,ਬਲਵਿੰਦਰ ਕੌਰ ਮੱਟੂ,ਸਤਨਾਮ ਕੌਰ ਬਾਂਸਲ ਅਤੇ ਕੁਲਦੀਪ ਕੌਰ ਹਾਜ਼ਰ ਸਨ।