ਪਾਲ ਸਿੰਘ ਨੌਲੀ
ਜਲੰਧਰ, 20 ਮਈ
ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਮੁਹੱਲੇ ਦੇ ਕੁਝ ਲੋਕਾਂ ਨੇ ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ ਦੇ ਘਰ ਦੇ ਬਾਹਰ ਧਰਨਾ ਲਾਇਆ। ਆਪਣੀਆਂ ਮੰਗਾਂ ਲਈ ਨਾਅਰੇਬਾਜ਼ੀ ਕਰਦਿਆਂ ਲੋਕ ਮੇਅਰ ਦੇ ਘਰ ਦੇ ਬਾਹਰ ਇਕੱਠੇ ਹੋ ਗਏ। ਪੀਣ ਵਾਲੇ ਪਾਣੀ ਸਮੇਤ ਨਗਰ ਨਿਗਮ ਦੇ ਦਫਤਰ ਵਿੱਚ ਆ ਰਹੀਆਂ ਸਮੱਸਿਆਵਾਂ ਕਾਰਨ ਲੋਕ ਪ੍ਰੇਸ਼ਾਨ ਸਨ। ਇਨ੍ਹਾਂ ਮੰਗਾਂ ਸਬੰਧੀ ਲੋਕਾਂ ਨੇ ਮੇਅਰ ਦੇ ਘਰ ਅੱਗੇ ਧਰਨਾ ਲਾਇਆ। ਨਾਅਰੇਬਾਜ਼ੀ ਦੀ ਆਵਾਜ਼ ਸੁਣ ਕੇ ਮੇਅਰ ਜਗਦੀਸ਼ ਰਾਜਾ ਬਾਹਰ ਆ ਗਏ ਤੇ ਧਰਨਾਕਾਰੀਆਂ ਦੇ ਸਾਹਮਣੇ ਬੈਠ ਗਏ। ਲੋਕ ਮੰਗ ਕਰ ਰਹੇ ਸਨ ਕਿ ਸ਼ਹਿਰ ਦੇ ਜਿਹੜੇ ਵਿਧਾਇਕ ਲੋਕਾਂ ਦੇ ਕੰਮ ਨਹੀਂ ਕਰ ਰਹੇ ਉਨ੍ਹਾਂ ਨੂੰ ਹੁਣੇ ਹੀ ਇੱਥੇ ਤਲਬ ਕੀਤਾ ਜਾਵੇ।
ਮੇਅਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ 23 ਮਈ ਨੂੰ ਨਗਰ ਨਿਗਮ ਦੇ ਦਫਤਰ ਆਪਣਾ ਵਫਦ ਭੇਜ ਦੇਣ ਉੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਬੈਠ ਕੇ ਹੱਲ ਕੀਤਾ ਜਾਵੇਗਾ। ਜਿਹੜੇ ਅਧਿਕਾਰੀ ਵੀ ਲੋਕਾਂ ਦੇ ਕੰਮ ਨਹੀਂ ਕਰ ਰਹੇ ਉਨ੍ਹਾਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਧਰਨੇ ਵਿੱਚ ਸ਼ਾਮਲ ਔਰਤਾਂ ਦਾ ਕਹਿਣਾ ਸੀ ਕਿ ਅਤਿ ਦੀ ਗਰਮੀ ਵਿਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਹੈ ਤੇ ਸਰਕਾਰੀ ਟਿਊਬਵੈਲ ਦੁਪਹਿਰ ਵੇਲੇ ਵੀ ਚਲਾਏ ਜਾਣ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਮੇਂ ਸਿਰ ਮਿਲ ਸਕੇ।