ਪੱਤਰ ਪ੍ਰੇਰਕ
ਮੁਕੇਰੀਆਂ, 12 ਅਪਰੈਲ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੇ ਮੰਗਾਂ ਨਾ ਮੰਨਣ ’ਤੇ ਪਰਿਵਾਰਾਂ ਸਮੇਤ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਬ੍ਰਾਂਚ ਮੁਕੇਰੀਆਂ-ਤਲਵਾੜਾ ਦੀ ਮੀਟਿੰਗ ਕਮੇਟੀ ਪਾਰਕ ਵਿੱਚ ਹੋਈ। ਮੀਟਿੰਗ ਵਿੱਚ ਵਰਕਰਾਂ ਦੀਆਂ ਲੰਮੇ ਸਮੇਂ ਤੋ ਲਟਕਦੀਆਂ ਹੱਕੀ ਤੇ ਜਾਇਜ਼ ਮੰਗਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ਕਾਮਿਆਂ ਤੋ ਪਿਛਲੇ 10-15 ਸਾਲਾ ਤੋਂ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਵਾਇਆ ਜਾ ਰਿਹਾ। ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨਾਲ ਹੋਈ ਮੀਟਿੰਗ ਵਿੱਚ ਅਧਿਕਾਰੀ ਨੇ ਮੰਨਿਆ ਗਿਆ ਕਿ ਠੇਕਾ ਕਾਮਿਆਂ ਦੀਆਂ ਤਨਖਾਹਾਂ ਬਹੁਤ ਘੱਟ ਹਨ ਅਤੇ ਅਜੋਕੇ ਮਹਿੰਗਾਈ ਦੇ ਸਮੇਂ ਅੰਦਰ ਪਰਿਵਾਰਕ ਗੁਜ਼ਾਰਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀ ਨਾਲ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਜੇਕਰ ਵਰਕਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਠੇਕਾ ਕਾਮਿਆਂ ਵੱਲੋਂ ਆਪਣਾ ਕੰਮ ਬੰਦ ਕਰਕੇ, ਦਫਤਰੀ ਸਟਾਫ ਅਤੇ ਪੇਂਡੂ ਜਲ ਘਰਾਂ ਦੇ ਕਾਮਿਆਂ ਸਮੇਤ ਪਰਿਵਾਰਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।