ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 16 ਜੁਲਾਈ
ਸਰਫੇਸ ਵਾਟਰ ਟਰੀਟਮੈਂਟ ਪਲਾਂਟ ਨੇੜੇ ਜਗਰਾਵਾਂ ਤੋਂ ਜਲੰਧਰ ਤੱਕ ਪਾਈਪ ਲਾਈਨ ਪਾਉਣ ਦਾ ਸੁਸਰੀ ਚਾਲੇ ਚੱਲ ਰਹੇ ਕੰਮ ਨੂੰ ਉਸ ਵੇਲੇ ਬਰੇਕ ਲੱਗ ਗਈ ਜਦੋਂ ਇਲਾਕੇ ਦੇ ਪੀੜਤ ਲੋਕਾਂ ਨੇ ਲਾਰਸਨ ਐਂਡ ਟਰਬੋ ਕੰਪਨੀ ਵੱਲੋਂ ਅੰਡਰ ਗਰਾਊਂਡ ਪਾਈਆਂ ਜਾ ਰਹੀਆਂ ਪਾਈਪਾਂ ਦਾ ਕੰਮ ਰੁਕਵਾ ਦਿੱਤਾ। ਲੋਕਾਂ ਨੇ ਮੰਗ ਕੀਤੀ ਹੈ ਕਿ ਅਲਾਵਲਪੁਰ ਤੋਂ ਦੋਲੀਕੇ ਤਕ ਮੁਰਾਦਪੁਰ, ਜਗਰਾਵਾਂ ਦੋਲੀਕੇ ਦੂਹੜੇ ਜਫ਼ਲਾਂ ਆਦਿ ਨੂੰ ਜਾਣ ਲਈ ਲੋਕਾਂ ਦੀ ਆਵਾਜਾਈ ਲਈ ਵੱਖਰੇ ਰਸਤੇ ਦਾ ਬਦਲਵਾਂ ਪ੍ਰਬੰਧ ਕਰਕੇ ਦਿੱਤਾ ਜਾਵੇ ਤਾਂ ਕਿ ਦੋ ਮਹੀਨੇ ਤੋਂ ਵੱਧ ਚੱਲਣ ਵਾਲੇ ਇਸ ਪਾਈਪ ਪਾਉਣ ਦੇ ਪ੍ਰਾਜੈਕਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਅਲਾਵਲਪੁਰ ਤੋਂ ਦੋਲੀਕੇ ਤਕ ਜਾਣ ਵਾਲੀ ਲਿੰਕ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਇਕੱਠੇ ਹੋਏ ਮੁਰਾਦਪੁਰ, ਜਗਰਾਵਾਂ, ਦੋਲੀਕੇ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਕਿ ਲੋਕਾਂ ਦੀ ਆਵਾਜਾਈ ਲਈ ਵੱਖਰਾ ਰਸਤਾ ਪੱਕਾ ਬਣਾਇਆ ਜਾਵੇ। ਇਸ ਮੌਕੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਪ੍ਰੋਜੈਕਟ ਅਸਿਸਟੈਂਟ ਮੈਨੇਜਰ ਦੀਪਕ ਸ਼ਰਮਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਪੰਜ ਦਿਨਾਂ ਤਕ ਉੱਚ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਰੱਖੀ ਜਾਵੇਗੀ ਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਹੱਲ ਕਰਨ ਲਈ ਜਲਦ ਹੀ ਯਤਨ ਕੀਤੇ ਜਾਣਗੇ। ਇਸ ਮੌਕੇ ਅਮਰਜੀਤ ਸਿੰਘ, ਗੁਰਦਿਆਲ ਸਿੰਘ, ਭੁਪਿੰਦਰ ਸਿੰਘ ਫਗੂੜਾ, ਸਤਨਾਮ ਸਿੰਘ, ਸੁਖਦੇਵ ਸਿੰਘ ,ਸੰਦੀਪ ਸਿੰਘ, ਲਖਵੀਰ ਸਿੰਘ, ਗੁਰਮੁਖ ਸਿੰਘ ,ਗੁਰਦੀਪ ਸਿੰਘ ,ਪਰਵਿੰਦਰ ਸਿੰਘ, ਪਿੰਡ ਜਗਰਾਵਾਂ ਅਤੇ ਮੁਰਾਦਪੁਰ ਸਮੂਹ ਪੰਚਾਇਤਾਂ ਅਤੇ ਨਗਰ ਨਿਵਾਸੀ ਹਾਜ਼ਰ ਸਨ।