ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 27 ਮਈ
ਸਾਂਝਾ ਕਿਸਾਨ ਮਜ਼ਦੂਰ ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਦੀ ਇੱਕ ਮੀਟਿੰਗ ਸੁਰਜੀਤ ਸਿੰਘ ਮੱਲਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਰਾਣਾ ਕਰਨ ਸਿੰਘ ਨੇ ਦੱਸਿਆ ਕਿ ਪਹਿਲੀ ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਪ੍ਰਤੀ ਪੰਜਾਬ ਦੇ ਲੋਕਾਂ ਵਿੱਚ ਉਦਾਸੀ ਹੈ ਜਿਸ ਦਾ ਕਾਰਨ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਥੋਕ ਵਿੱਚ ਹੋ ਰਹੀ ਦਲ-ਬਦਲੀ ਅਤੇ ਲੋਕ ਮਸਲਿਆਂ ਨੂੰ ਵਿਸਾਰਨਾ ਤੇ ਕਿਸਾਨਾਂ-ਮਜ਼ਦੂਰਾਂ ਦੇ ਜ਼ਰੂਰੀ ਮੁੱਦਿਆਂ ’ਤੇ ਗੱਲ ਨਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਪੰਜਾਬ ਵਿੱਚ ਬੀਜੇਪੀ ਨੂੰ ਵੋਟ ਦੀ ਚੋਟ ਕਰ ਕੇ ਉਸ ਵੱਲੋਂ ਕਿਸਾਨਾਂ-ਮਜ਼ਦੂਰਾਂ ਨਾਲ ਕੀਤੀ ਵਾਅਦਾਖਿਲਾਫ਼ੀ ਅਤੇ ਧੱਕੇਸ਼ਾਹੀ ਦਾ ਠੋਕਵਾਂ ਜਵਾਬ ਦੇਵੇਗੀ। ਉਨ੍ਹਾਂ ਪੰਜਾਬ ਦੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਅਤੇ ਇਸਦੇ ਸਹਿਯੋਗੀਆਂ ਨੂੰ ਵੋਟ ਨਾ ਪਾਈ ਜਾਵੇ। ਇਸ ਮੌਕੇ ਸੀਪੀਆਈ ਦੇ ਤਹਿਸੀਲ ਸਕੱਤਰ ਕਾਮਰੇਡ ਪਰਵਿੰਦਰ ਮੇਨਕਾ, ਕਰਨੈਲ ਸਿੰਘ ਭੱਲਾ, ਪ੍ਰਤਾਪ ਸਿੰਘ ਰਾਣਾ, ਜਸਵਿੰਦਰ ਕੌਰ ਅਤੇ ਇੰਦਰਜੀਤ ਕੌਰ ਮੌਜੂਦ ਸਨ।