ਧਿਆਨ ਸਿੰਘ ਭਗਤ
ਕਪੂਰਥਲਾ, 25 ਦਸੰਬਰ
ਤਕਨੀਕ ਸਿੱਖਿਆ, ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅਜ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਵਲੋਂ ਸੂਬੇ ਭਰ ਵਿੱਚ ਓਟ ਕਲੀਨਿਕਾਂ ਅਤੇ ‘ਰੈੱਡ ਸਕਾਈ ਮਿਸ਼ਨ’ ਤਹਿਤ ਰਜਿਸਟਰਡ ਨੌਜਵਾਨਾਂ ਲਈ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਇਹ ਨੌਜਵਾਨ ਹੁਨਰ ਹਾਸਲ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਓਟ ਕਲੀਨਿਕ ਵਿੱਚ ਰਜਿਸਟਰ ਲੋਕਾਂ ਨੂੰ ਅਲਾਇੰਸ ਇੰਡੀਆ ਦੇ ਸਹਿਯੋਗ ਨਾਲ ਘਰੇਲੂ ਵਰਤੋਂ ਦਾ ਜ਼ਰੂਰੀ ਸਾਮਾਨ ਵੰਡਣ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਨਸ਼ਿਆਂ ’ਤੇ ਨਿਰਭਰ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਕੇ ਮੁੱਖ ਧਾਰਾ ਵਿੱਚ ਲਿਆਉਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨਵਜੀਵਨ ਕੇਂਦਰ ਅਤੇ ਰੈਡ ਸਕਾਈ ਮਿਸ਼ਨ ਵਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸਦਕਾ ਕਪੂਰਥਲਾ ਵਿੱਚ 110 ਤੋਂ ਜ਼ਿਆਦਾ ਨੌਜਵਾਨਾਂ ਨੂੰ ਨਸ਼ੇ ਤਿਆਗਣ ਉਪਰੰਤ ਕੰਪਨੀਆਂ ਵੱਲੋਂ ਰੁਜ਼ਗਾਰ ਲਈ ਚੁਣਿਆ ਗਿਆ ਹੈ।ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਅਤੇ ਡਾ ਸੰਦੀਪ ਭੋਲਾ ਅਤੇ ਐੱਸਐੱਮਓ ਕਪੂਰਥਲਾ ਡਾ ਸੰਦੀਪ ਧਵਨ ਨੇ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਰਾਣਾ ਇੰਦਰ ਪ੍ਰਤਾਪ ਸਿੰਘ, ਵਿਸ਼ਾਲੀ ਸੋਨੀ ਅਤੇ ਰਜਿੰਦਰ ਕੌੜਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।