ਜਸਬੀਰ ਸਿੰਘ ਚਾਨਾ
ਫਗਵਾੜਾ, 8 ਜੂਨ
ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਭਾਵੇਂ ਉਹ ਚੋਣਾਂ ਹਾਰ ਗਏ ਹਨ ਪਰ ਉਹ ਇਸੇ ਸ਼ਹਿਰ ਵਿੱਚ ਰਹਿ ਕੇ ਪੂਰੇ ਲੋਕ ਸਭਾ ਹਲਕੇ ’ਚ ਆਪਣੀਆਂ ਸੇਵਾਵਾ ਜਾਰੀ ਰੱਖਣਗੇ। ਅੱਜ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਪ੍ਰਤੀ ਗਲਤ ਪ੍ਰਚਾਰ ਕਰ ਰਹੇ ਹਨ ਪਰ ਉਸ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਗਵਾੜਾ ’ਚ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਜਨਤਾ ਦੀ ਰਸੋਈ ਵੀ ਲਗਤਾਰ ਜਾਰੀ ਰਹੇਗੀ, ਜਿਸ ’ਚ ਲੋਕਾਂ ਨੂੰ 10 ਰੁਪਏ ਦੀ ਥਾਲੀ ਮਿਲਦੀ ਹੈ ਤੇ ਇਹ ਰਸੋਈ ਵੀ ਅਗਲੇ ਹਫ਼ਤੇ ਤੋਂ ਮੁੜ ਸ਼ੁਰੂ ਹੋ ਜਾਵੇਗੀ। ਉਨ੍ਹਾਂ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਲਈ ਦਿਨ ਰਾਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਜਦੋਂ ਵੀ ਜ਼ਰੂਰਤ ਹੋਵੇ, ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਸਾਬਕਾ ਮੇਅਰ ਅਰੁਨ ਖੋਸਲਾ, ਰਕੇਸ਼ ਦੁੱਗਲ, ਕਿਸਾਨ ਮੋਰਚੇ ਦੇ ਕੌਮੀ ਆਗੂ ਅਵਤਾਰ ਸਿੰਘ ਮੰਡ ਸਮੇਤ ਕਈ ਮੈਂਬਰ ਸ਼ਾਮਿਲ ਸਨ।