ਪੱਤਰ ਪ੍ਰੇਰਕ
ਸ਼ਾਹਕੋਟ, 28 ਮਈ
ਦੇਰ ਸ਼ਾਮ ਚੱਲੀ ਤੇਜ਼ ਹਨੇਰੀ ਨਾਲ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਸ਼ਾਹਕੋਟ ਦੀ ਚਾਰਦੀਵਾਰੀ ਦੇ ਬਾਹਰ ਲੱਗੇ ਬਿਜਲੀ ਦੇ ਦੋ ਟਰਾਂਫਾਰਮਰਾਂ ਉਪਰ ਨਿੰਮ ਦੇ ਦਰੱਖਤ ਦੇ ਡਿੱਗਣ ਨਾਲ ਦੋਵੇ ਟਰਾਂਫਾਰਮਰ ਬੁਰੀ ਤਰ੍ਹਾਂ ਨੁਕਸਾਨੇ ਗਏ। ਦਰੱਖ਼ਤ ਡਿੱਗਣ ਕਾਰਨ ਸਕੂਲ ਦੀ ਕੰਧ ਵੀ ਢਹਿ-ਢੇਰੀ ਹੋ ਗਈ। ਟਰਾਂਸਫਾਰਮਰਾਂ ਦੇ ਹੋਏ ਨੁਕਸਾਨ ਨਾਲ ਐਂਪਲਾਇਜ਼ ਕਲੋਨੀ ਦੀ ਬਿਜਲੀ ਬੰਦ ਹੋ ਗਈ, ਜਿਸਦੀ ਸਪਲਾਈ ਚਾਲੂ ਕਰਨ ਲਈ ਪਾਵਰਕੌਮ ਦੇ ਮੁਲਾਜ਼ਮ ਜੁੱਟੇ ਹੋਏ ਸਨ। ਨਿੰਮ ਦੇ ਡਿੱਗਣ ਨਾਲ ਐਂਪਲਾਇਜ਼ ਕਲੋਨੀ ਅਤੇ ਢੰਡੋਵਾਲ ਨੂੰ ਜਾਂਦਾ ਰਸਤਾ ਵੀ ਕਾਫੀ ਦੇਰ ਤੱਕ ਬੰਦ ਰਿਹਾ, ਜਿਸਨੂੰ ਕਸਬਾ ਵਾਸੀਆਂ ਨੇ ਕਾਫੀ ਜੱਦੋਜਹਿਦ ਤੋਂ ਬਾਅਦ ਚਾਲੂ ਕਰ ਦਿੱਤਾ।