ਭਗਵਾਨ ਦਾਸ ਸੰਦਲ
ਦਸੂਹਾ, 4 ਜੁਲਾਈ
ਪੰਜਾਬ ਪਾਵਰਕੌਮ ਨੇ ਸ਼ਹਿਰ ਦੇ ਖਪਤਕਾਰਾਂ ਦੇ ਘਰਾਂ ਵਿੱਚੋਂ ਬਾਹਰ ਕੱਢੇ ਬਿਜਲੀ ਮੀਟਰਾਂ ਦੇ ਖੁੱਲ੍ਹੇ ਤੇ ਹੇਠਾਂ ਲਟਕੇ ਬਕਸਿਆਂ, ਹਾਈਵੋਲਟੇਜ਼ ਤਾਰਾਂ ਦੇ ਨੰਗੇ ਜੋੜਾਂ ਤੇ ਟਰਾਂਸਫਾਰਮਰਾਂ ਨੇੜੇ ਫੈਲੀ ਗੰਦਗੀ ਪ੍ਰਤੀ ਮਹਿਕਮੇ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
5 ਤੋਂ 20 ਮੀਟਰਾਂ ਨੂੰ ਬਕਸਿਆਂ ਵਿੱਚ ਮਜ਼ਬੂਤੀ ਨਾਲ ਫਿਕਸ ਨਾ ਕੀਤੇ ਜਾਣ ਕਾਰਨ ਇਹ ਬਕਸੇ ਹਵਾ ਵਿੱਚ ਹੀ ਲਟਕ ਰਹੇ ਹਨ, ਜਿਨ੍ਹਾਂ ਦੀਆਂ ਜ਼ਿਆਦਾਤਰ ਤਾਰਾਂ ਦੇ ਜੋੜ ਵੀ ਨੰਗੇ ਹਨ ਜੋ ਵੱਡੇ ਹਾਦਸਿਆਂ ਦਾ ਸਬੱਬ ਬਣ ਸਕਦੇ ਹਨ। ਇਸ ਤੋਂ ਇਲਾਵਾ ਸ਼ਹਿਰ ’ਚ ਕਈ ਥਾਈਂ ਬਿਜਲੀ ਟਰਾਂਸਫਾਰਮਰਾਂ ਦੇ ਆਲੇ ਦੁਆਲੇ ਉੱਗੀ ਸੰਘਣੀ ਜੰਗਲੀ ਬੂਟੀ ਤੇ ਫੈਲੀ ਗੰਦਗੀ ਬਾਰੇ ਵਪਾਰ ਮੰਡਲ ਦਸੂਹਾ ਨੇ ਮਹਿਕਮੇ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕੀ ਹੈ। ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਕਿਹਾ ਕਿ ਮਿਸ਼ਨ ਰੋਡ, ਮੁਹੱਲਾ ਕਸਬਾ ਸਮੇਤ ਹੋਰ ਕਈ ਥਾਵਾਂ ਅਜਿਹੀਆਂ ਵੀ ਹਨ, ਜਿਥੇ ਨੀਵੇਂ ਟਰਾਂਸਫਾਰਮਟਾਂ ਨੇੜੇ ਫੈਲੀ ਗੰਦਗੀ ਤੇ ਨੰਗੀਆਂ ਤਾਰਾਂ ਦੇ ਜੋੜ ਜੋ ਕੰਧਾਂ, ਰੁੱਖਾਂ ਤੇ ਖੰਭਿਆਂ ਨੂੰ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਮਹਿਕਮੇ ਦੀ ਇਹ ਅਣਗਹਿਲੀ ਘਾਤਕ ਸਾਬਤ ਹੋ ਸਕਦੀ ਹੈ ਜਦੋਂਕਿ ਹੇਠਾਂ ਲਟਕੇ ਮੀਟਰਾਂ ਦੇ ਬਕਸਿਆਂ ਨਾਲ ਅਵਾਰਾ ਪਸ਼ੂ ਖਹਿੰਦੇ ਰਹਿੰਦੇ ਹਨ। ਜਿਨ੍ਹਾਂ ਨਾਲ ਖਪਤਕਾਰਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਪਾਵਰਕੌਮ ਨੂੰ ਮੀਟਰ ਬਾਹਰ ਕੱਢਣ ਵਿੱਚ ਸਟੇਟ ਇਲੈਕਟ੍ਰੀਸਿਟੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਸਬੰਧੀ ਪਾਵਰਕੌਮ ਦੇ ਐੱਸਡੀਓ ਅਸ਼ੀਸ਼ ਸ਼ਰਮਾ ਨੇ ਕਿਹਾ ਕਿ ਜਿਥੇ ਕਿਤੇ ਵੀ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜ ਸ਼ਨਾਖਤ ਹੁੰਦੇ ਹਨ ਉਨ੍ਹਾਂ ਦੀ ਤੁਰੰਤ ਮੁਰਮੰਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੀਟਰ ਬਕਸਿਆਂ ਦੇ ਸੁੱਚਜੇ ਪ੍ਰਬੰਧਾਂ ਤੇ ਟਰਾਂਸਫਾਰਮਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਲਈ ਉਹ ਸਬੰਧਤ ਜੇ.ਈਜ਼ ਨੂੰ ਹਦਾਇਤਾਂ ਜਾਰੀ ਕਰਨਗੇ।