ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਜੁਲਾਈ
ਪਿੰਡ ਬਜੂਹਾਂ ਦੀ ਪੰਚਾਇਤ ਵੱਲੋਂ ਔਰਤ ਦੀ ਕਥਿਤ ਕੁੱਟਮਾਰ ਕਰਨ ਅਤੇ ਸਥਾਨਕ ਪੁਲੀਸ ਵੱਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ’ਤੇ ਪੀੜਤ ਔਰਤ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਭਖ਼ ਗਿਆ ਹੈ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਪਹੁੰਚੇ। ਮੰਚ ਨੇ ਮੰਗ ਕੀਤੀ ਕਿ ਸਰਕਾਰ ਮ੍ਰਿਤਕ ਔਰਤ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਪੰਜਾਹ ਲੱਖ ਰੁਪਏ ਦੇਵੇ।
ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਬਣਦਾ ਐੱਸਸੀ/ਐੱਸਟੀ ਐਕਟ ਵੀ ਲਗਾਇਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ’ਤੇ ਪੁਲੀਸ ਅਧਿਕਾਰੀਆਂ ਉੱਪਰ ਵੀ ਕਾਰਵਾਈ ਕੀਤੀ ਜਾਵੇ। ਮ੍ਰਿਤਕ ਦੇਹ ਦੇ ਪੋਸਟਮਾਰਟਮ ਮੌਕੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਖ਼ਿਲਾਫ਼ ਰੋਸ ਜਤਾਇਆ ਕਿ ਪੁਲੀਸ ਵੱਲੋਂ ਇਨਸਾਫ ’ਚ ਦੇਰੀ ਤੇ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਤਰਸੇਮ ਪੀਟਰ, ਕਿਰਤੀ ਕਿਸਾਨ ਯੂਨੀਅਨ ਵਲੋਂ ਪੁਸ਼ਮਿੰਦਰ ਕੌਰ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਜਸਕਰਨ ਆਜ਼ਾਦ ਆਦਿ ਹਾਜ਼ਰ ਸਨ।