ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਮਾਰਚ
ਪਵਿੱਤਰ ਕਾਲੀ ਵੇਈਂ ਦੀ ਦਿੱਖ ਸੰਵਾਰਨ ਲਈ ਇਸ ਦੇ ਕਿਨਾਰਿਆਂ ’ਤੇ ਇੰਟਰਲੌਕ ਟਾਈਲਾਂ ਲਗਾਉਣ ਦੀ ਕਾਰ ਸੇਵਾ ਲਗਾਤਾਰ ਜਾਰੀ ਹੈੈ। ਸੁਲਤਾਨਪੁਰ ਲੋਧੀ ਵਿੱਚ ਇਸ ਕਾਰ ਸੇਵਾ ਦੀ ਸ਼ੁਰੂਆਤ 2019 ਵਿਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਮਹਾਂਪੁਰਸ਼ਾਂ ਵੱਲੋਂ ਕੀਤੀ ਗਈ ਸੀ। ਰੈਸਟ ਹਾਊਸ ਤੋਂ ਗੁਰਦੁਆਰਾ ਸੰਤ ਘਾਟ ਸਾਹਿਬ ਤੱਕ ਇੰਟਰਲੌਕ ਲਗਾਈ ਜਾ ਚੁੱਕੀ ਹੈ। ਸੰਤ ਸੀਚੇਵਾਲ ਨੇ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਗਤਾਂ ਨੇ ਹੀ ਪਿਛਲੇ 20 ਸਾਲਾਂ ਤੋਂ ਚੱਲੀ ਆ ਰਹੀ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ। ਜ਼ਿਕਰਯੋਗ ਹੈ ਕਿ 550 ਸਾਲਾ ਸਮਾਗਮਾਂ ਦੌਰਾਨ ਸੂਬਾ ਸਰਕਾਰ ਨੇ ਵੇਈਂ ਦੇ ਕਿਨਾਰਿਆਂ ’ਤੇ ਗਰਿਲ ਲਗਾਈ ਸੀ ਤਾਂ ਵੇਈਂ ਦੇ ਰਸਤੇ ਪੁੱਟ ਦਿੱਤੇ ਗਏ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਸ ਲਾਪ੍ਰਵਾਹੀ ਨਾਲ ਰੁੱਖਾਂ ਨੂੰ ਪਾਣੀ ਲਗਾਉਣ ਵਾਲੀਆਂ ਪਾਈਪ ਤੇ ਰਾਤ ਵੇਲੇ ਸੰਗਤਾਂ ਦੀ ਖਿੱਚ ਦੇ ਕੇਂਦਰ ਬਣੇ ਘੜੇ ਦੇ ਗਲੋਬਾਂ ਦੀ ਬਿਜਲੀ ਦੀ ਸਪਲਾਈ ਵੀ ਨੁਕਸਾਨੀ ਗਈ ਸੀ। ਹੁਣ ਸੰਗਤਾਂ ਦੇ ਸਹਿਯੋਗ ਨਾਲ ਦੁਬਾਰਾ ਤੋਂ ਰਸਤਿਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ।