ਬੰਗਾ: ਇੱਥੋਂ ਦੇ ਨੱਥਾ ਸਿੰਘ ਮੰਢਾਲੀ ਭਵਨ ਵਿਖੇ ਲੇਖਕ ਤੇ ਪੱਤਰਕਾਰ ਐਸ. ਅਸ਼ੋਕ ਭੌਰਾ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਦੋਂ ਕੋਈ ਲੇਖਕ ਆਪਣੀ ਮਾਂ ਬੋਲੀ ਵਿੱਚ ਪਾਠਕਾਂ ਦੇ ਪੱਧਰ ’ਤੇ ਆ ਕੇ ਲਿਖਦਾ ਹੈ ਤਾਂ ਉਸ ਦੀ ਹਰ ਲਿਖਤ ਪ੍ਰਵਾਨ ਚੜ੍ਹਦੀ ਹੈ। ਉਨ੍ਹਾਂ ਕਿਹਾ ਕਿ ਔਖੇ ਤੇ ਬੋਝਲ ਸ਼ਬਦਾਂ ਵਾਲੀਆਂ ਲਿਖਤਾਂ ਨੂੰ ਪਾਠਕ ਅਕਸਰ ਨਕਾਰ ਦਿੰਦੇ ਹਨ। ਇਹ ਪ੍ਰੋਗਰਾਮ ਪ੍ਰਿੰਸੀਪਲ ਜਸਵੀਰ ਸਿੰਘ ਖਾਨਖਾਨਾ ਅਤੇ ਸਮਾਜ ਸੇਵੀ ਮੋਹਣ ਬੀਕਾ ਦੀ ਅਗਵਾਈ ’ਚ ਨੇਪਰੇ ਚੜ੍ਹਿਆ। ਪ੍ਰਧਾਨਗੀ ਮੰਡਲ ’ਚ ਸ਼ਾਮਲ ਕਵੀ ਪ੍ਰੋ. ਸੰਧੂ ਵਰਿਆਣਵੀ, ਕਹਾਣੀਕਾਰ ਅਜ਼ਮੇਰ ਸਿੱਧੂ ਅਤੇ ਕਿਰਤੀ ਆਗੂ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਅਸ਼ੋਕ ਭੌਰਾ ਦੀਆਂ ਲਿਖਤਾਂ ਬਾਰੇ ਚਰਚਾ ਕੀਤੀ। ਸਟੇਜ ਦਾ ਸੰਚਾਲਨ ਦੀ ਜਿੰਮੇਵਾਰੀ ਰਾਜ ਹੀਉਂ ਨੇ ਨਿਭਾਈ। -ਪੱਤਰ ਪੇ੍ਰਕ