ਗੁਰਦੇਵ ਸਿੰਘ ਗਹੂੰਣ
ਬਲਾਚੌਰ, 15 ਮਈ
ਮਹਿੰਦੀਪੁਰ (ਬਲਾਚੌਰ) ਵਿੱਚ ਸਥਿਤ ਰਿਹਾਇਸ਼ੀ ਮਕਾਨ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਸ਼ਿਵਾ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ। ਸਿਟੀ ਬਲਾਚੌਰ ਦੀ ਪੁਲੀਸ ਵੱਲੋਂ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਵਾਰਡ ਨੰਬਰ 10 ਮਹਿੰਦੀਪੁਰ (ਬਲਾਚੌਰ) ਵਾਸੀ ਸੁਸ਼ੀਲ ਦੇਵੀ ਪਤਨੀ ਸਵਰਗਵਾਸੀ ਸ਼ਸ਼ੀ ਭੂਸ਼ਨ ਵੱਲੋਂ ਪੁਲੀਸ ਨੂੰ ਦਰਜ ਕਰਵਾਏ ਬਿਆਨ ਅਨੁਸਾਰ ਨਵਨੀਤ ਵਾਸੀ ਮਹਿੰਦੀਪੁਰ, ਉਸ ਦੇ ਲੜਕੇ ਸ਼ਿਵਾ ਨੂੰ ਇਹ ਕਹਿ ਕੇ ਲੈ ਗਿਆ ਕਿ ਗੱਡੀ ਦਾ ਏਅਰ ਕੰਡੀਸ਼ਨਰ ਠੀਕ ਕਰਵਾਉਣਾ ਹੈ। ਇਸ ਮਗਰੋਂ ਮਾਰਕੀਟ ਜਾਣ ਮਗਰੋਂ ਉਹ ਸ਼ਿਵਾ ਨੂੰ ਆਪਣੇ ਘਰ ਲੈ ਗਿਆ, ਜਿੱਥੇ ਕਿ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਹਰਮੇਸ਼ ਸ਼ਰਮਾ ਮੌਜੂਦ ਸਨ। ਜਦੋਂ ਉਸ ਦਾ ਲੜਕਾ ਸ਼ਿਵਾ ਉਨ੍ਹਾਂ ਦੇ ਘਰ ’ਚ ਸਥਿਤ ਬਾਥਰੂਮ ਗਿਆ ਤਾਂ ਉੱਥੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆ ਗਿਆ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਮੈਡੀਕਲ ਚੈੱਕਅੱਪ ਕਰਨ ਮਗਰੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਉਕਤ ਪਰਿਵਾਰ ਵੱਲੋਂ ਵਾਸ਼ਰੂਮ ਜਾਣ ਵੇਲੇ ਬਿਜਲੀ ਦੀਆਂ ਤਾਰਾਂ ਸਬੰਧੀ ਜਾਣਕਾਰੀ ਨਾ ਦੇਣ ਕਾਰਨ ਹੋਈ ਹੈ। ਘਟਨਾ ਸਬੰਧੀ ਹਰਮੇਸ਼ ਸ਼ਰਮਾ ਨੇ ਕਿਹਾ ਕਿ ਇਹ ਕੁਦਰਤੀ ਹਾਦਸਾ ਹੈ, ਜਿਸ ਦਾ ਉਨ੍ਹਾਂ ਦੇ ਪਰਿਵਾਰ ਨੂੰ ਵੀ ਬਹੁਤ ਡੂੰਘਾ ਦੁੱਖ ਹੈ, ਪ੍ਰੰਤੂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਵਿੱਚ ਕੋਈ ਦੋਸ਼ ਨਹੀਂ ਹੈ।