ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 8 ਸਤੰਬਰ
ਸ਼ਾਹਕੋਟ ਅਤੇ ਲੋਹੀਆਂ ਖਾਸ ਦੀ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਦੇ ਪੁੱਤਰ ਸਮੇਤ ਚਾਰ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਸ਼ਾਹਕੋਟ ਦੇ ਡੀਐੱਸਪੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਾਹਕੋਟ ਦੇ ਐੱਸਐੱਚਓ ਅਮਨ ਸੈਣੀ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਨਾਕਾ ਲਾ ਕੇ ਸਕੂਟਰੀ ਸਵਾਰ ਨੌਜਵਾਨ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 250 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਰਵਿੰਦਰਜੀਤ ਸਿੰਘ ਉਰਫ ਬੁੱਕਣ ਵਾਸੀ ਬਾਜਵਾ ਕਲਾਂ ਵਜੋਂ ਹੋਈ। ਮੁਲਜ਼ਮ ਦਾ ਪਿਤਾ ਆਮ ਆਦਮੀ ਪਾਰਟੀ ਵਿਚ ਪੂਰੀ ਸਰਗਮੀ ਨਾਲ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਅਫੀਮ ਕਿੱਥੋਂ ਲਿਆਂਦੀ ਸੀ ਅਤੇ ਕਿਸ ਨੂੰ ਦੇਣੀ ਸੀ। ਇਸੇ ਤਰ੍ਹਾਂ ਸ਼ਾਹਕੋਟ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰ ਪਰਮਜੀਤ ਸਿੰਘ ਉਰਫ ਪੱਪਾ ਪੁੱਤਰ ਜਗਤਾਰ ਸਿੰਘ ਅਤੇ ਗਗਨਪ੍ਰੀਤ ਸਿੰਘ ਉਰਫ ਗਗਨ ਪੁੱਤਰ ਬਲਿਹਾਰ ਸਿੰਘ ਵਾਸੀ ਹਰੀਪੁਰ (ਮਹਿਤਪੁਰ) ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਮੁਲਜ਼ਮਾਂ ਨੇ 28 ਅਗਸਤ ਨੂੰ ਪਿੰਡ ਕੋਟਲੀ ਗਾਜਰਾਂ ਦੇ ਅਰਸ਼ਦੀਪ ਸਿੰਘ ਪੁੱਤਰ ਹਰੀ ਸਿੰਘ ਕੋਲੋ ਮੋਬਾਈਲ ਅਤੇ 2000 ਰੁਪਏ ਦੀ ਨਗਦੀ ਖੋਹੀ ਸੀ। ਬਰਾੜ ਨੇ ਅੱਗੇ ਦੱਸਿਆ ਕਿ ਸ਼ਾਹਕੋਟ ਪੁਲੀਸ ਨੇ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀਆਂ 2 ਟਰੈਕਟਰ-ਟਰਾਲੀਆਂ ਵੀ ਜ਼ਬਤ ਕੀਤੀਆਂ ਹਨ। ਥਾਣਾ ਲੋਹੀਆਂ ਖਾਸ ਦੇ ਮੁਖੀ ਲਾਭ ਸਿੰਘ ਨੇ 8 ਕੇਸਾਂ ਵਿੱਚ ਭਗੌੜੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਬੱਗਾ ਸਿੰਘ ਵਾਸੀ ਬੋਵੇਵਾਲਾ ਥਾਣਾ ਫਤਿਹਗੜ੍ਹ ਪੰਜਤੂਰ (ਮੋਗਾ) ਨੂੰ ਵੀ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਖਿਲਾਫ ਥਾਣਾ ਲੋਹੀਆਂ ਅਤੇ ਥਾਣਾ ਧਰਮਕੋਟ ਵਿਚ 4-4 ਕੇਸ ਦਰਜ ਹਨ।