ਜਲੰਧਰ (ਪਾਲ ਸਿੰਘ ਨੌਲੀ): ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਨੇ ਪਿੰਡ ਭੂਪੇ ਉੱਪਲ ਵਿਚ ਰੈਲੀ ਕਰਕੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਦਿੱਲੀ ਨੂੰ ਮੋਟਰਸਾਈਕਲਾਂ ’ਤੇ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੰਤੋਖ ਸਿੰਘ ਸੰਧੂ ਅਤੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿੱਚ 200 ਤੋਂ ਵੱਧ ਕਿਸਾਨ ਤੇ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਆਪਣੇ ਅੜ੍ਹੀਅਲ ਰਵੱਈਏ ’ਤੇ ਕਾਇਮ ਹੈ। ਇਸ ਮੌਕੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਤਰਪਰੀਤ ਸਿੰਘ ਉੱਪਲ ਅਤੇ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਇਸ ਜਨ ਅੰਦੋਲਨ ’ਚ ਨੌਜਵਾਨਾਂ ਦੀ ਵੱਡੀ ਭੂਮਿਕਾ ਹੈ। ਨੌਜਵਾਨ ਵਰਗ ਦਾ ਕੰਮ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਰਹਿਣਾ ਨਹੀਂ ਹੁੰਦਾ, ਉਨ੍ਹਾਂ ਨੂੰ ਦੇਸ਼ ਦੇ ਸਿਆਸੀ ਮਾਹੌਲ ਨੂੰ ਸਮਝਣਾ ਤੇ ਸੰਘਰਸ਼ ਕਰਨਾ ਵੀ ਹੁੰਦਾ ਹੈ। ਉਨ੍ਹਾਂ ਸਮੂਹ ਨੌਜਵਾਨ ਨੂੰ ਦਿੱਲੀ ਅੰਦੋਲਨ ’ਚ ਸ਼ਮੂਲੀਅਤ ਦਾ ਸੱਦਾ ਦਿੱਤਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਹਰਦੀਪ ਸਿੰਘ ਅਤੇ ਸਰਪੰਚ ਸੋਢੀ ਸਿੰਘ ਵੀ ਹਾਜ਼ਰ ਸਨ।