ਸਵਰਾਜਬੀਰ
ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਇਸ ਸਮੇਂ ਇਕ ਅਜੀਬ ਮੰਜ਼ਰ ’ਚੋਂ ਗੁਜ਼ਰ ਰਹੀਆਂ ਹਨ।
ਭਾਰਤ : ਦੇਸ਼ ਦੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਕਿ ਮੁਸਲਿਮ ਫ਼ਿਰਕੇ ਨਾਲ ਸਬੰਧਿਤ ਵਿਦਿਆਰਥਣਾਂ ਨੂੰ ਕਰਨਾਟਕ ਦੇ ਸਕੂਲਾਂ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। ਕਰਨਾਟਕ ਵਿਚ ਕੁਝ ਸਕੂਲਾਂ ਨੇ ਵਿਦਿਆਰਥਣਾਂ ਦੇ ਸਕੂਲਾਂ ਵਿਚ ਹਿਜਾਬ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਸੀ। ਕਰਨਾਟਕ ਹਾਈ ਕੋਰਟ ਨੇ ਇਸ ਪਾਬੰਦੀ ਨੂੰ ਦੋ ਪੱਖਾਂ ਤੋਂ ਵਾਜਬ ਠਹਿਰਾਇਆ ਹੈ; ਪਹਿਲਾ, ਹਿਜਾਬ ਪਹਿਨਣਾ ਇਸਲਾਮ ਦਾ ਬੁਨਿਆਦੀ ਤੇ ਜ਼ਰੂਰੀ ਦਸਤੂਰ/ਰੀਤ (essential practice) ਨਹੀਂ ਹੈ; ਦੂਸਰਾ, ਇਹ ਕਿ ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਨੂੰ ਵਿਦਿਆਰਥੀਆਂ ਲਈ ਵਰਦੀ (ਯੂਨੀਫਾਰਮ) ਨਿਯਤ ਕਰਨ ਦਾ ਅਧਿਕਾਰ ਹੈ। ਕਰਨਾਟਕ ਦੇ ਕੁਝ ਸਕੂਲਾਂ ਵਿਚ ਹਿਜਾਬ ਪਹਿਨਣ ਤੋਂ ਮਨ੍ਹਾਂ ਕੀਤੇ ਜਾਣ ’ਤੇ ਕਈ ਵਿਦਿਆਰਥਣਾਂ ਨੇ ਸਕੂਲ ਆਉਣਾ ਛੱਡ ਦਿੱਤਾ ਹੈ। ਸੁਪਰੀਮ ਕੋਰਟ ਵਿਚ ਹੋ ਰਹੀ ਬਹਿਸ ਦਾ ਮੁੱਖ ਮੁੱਦਾ ਇਹ ਹੈ ਕਿ ਕੀ ਲਬਿਾਸ ਪਹਿਨਣ ਕਾਰਨ ਵਿਦਿਆਰਥਣਾਂ ਨੂੰ ਵਿੱਦਿਆ ਪ੍ਰਾਪਤ ਕਰਨ ਦੇ ਮੌਲਿਕ ਅਧਿਕਾਰ ਤੋਂ ਵਾਂਝਿਆਂ ਕੀਤਾ ਜਾ ਸਕਦਾ ਹੈ।
ਇਰਾਨ : ਇਰਾਨ ਵਿਚ ਇਕ ਨੌਜਵਾਨ ਔਰਤ ਦੇ ਹਿਜਾਬ ਨਾ ਪਹਿਨਣ ਕਾਰਨ ਪੁਲੀਸ ਦੁਆਰਾ ਉਸ ਨੂੰ ਗ੍ਰਿਫ਼ਤਾਰ ਕਰਨ ਅਤੇ ਹਿਰਾਸਤ ਵਿਚ ਹੋਈ ਉਸ ਦੀ ਮੌਤ ਦਾ ਮੁੱਦਾ ਭਖਿਆ ਹੋਇਆ ਹੈ। ਪਿਛਲੇ ਹਫ਼ਤੇ ਇਰਾਨ ਦੀ ਨੈਤਿਕ ਕਦਰਾਂ-ਕੀਮਤਾਂ ’ਤੇ ਨਿਗਾਹਬਾਨੀ ਕਰਨ ਵਾਲੀ ਪੁਲੀਸ ‘ਗਸ਼ਤ-ਏ-ਇਰਸ਼ਾਦ’ (ਸਹੀ ਰਸਤਾ ਦਿਖਾਉਣ (ਇਰਸ਼ਾਦ) ਵਾਲੇ ਗਸ਼ਤੀ ਦਸਤੇ/ਪੁਲੀਸ) ਨੇ 22 ਸਾਲਾਂ ਦੀ ਮਹਸਾ ਅਮੀਨੀ (Mahsa Amini) ਨੂੰ ਹਿਜਾਬ ਨਾ ਪਹਿਨਣ ਕਾਰਨ ਗ੍ਰਿਫ਼ਤਾਰ ਕਰ ਲਿਆ, ਉਸ ਦੀ ਕੁੱਟ-ਮਾਰ ਕੀਤੀ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਇਸ ਦਾ ਵਿਰੋਧ ਕਰਦਿਆਂ ਇਰਾਨ ਵਿਚ ਕੁਝ ਔਰਤਾਂ ਨੇ ਹਿਜਾਬ ਉਤਾਰੇ ਤੇ ਸਾੜ ਦਿੱਤੇ। ਪੁਲੀਸ ਨੇ ਇਸ ਸਬੰਧ ਵਿਚ 21 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕੁਝ ਔਰਤਾਂ ਨੇ ਆਪਣੇ ਵਾਲ ਵੀ ਕੱਟੇ। ਇਸ ਵਿਰੁੱਧ ਹੋਏ ਇਕ ਮੁਜ਼ਾਹਰੇ ਵਿਚ ਪੁਲੀਸ ਕਾਰਵਾਈ ਕਾਰਨ ਪੰਜ ਲੋਕ ਮਾਰੇ ਗਏ। ਮਹਸਾ ਅਮੀਨੀ ਨੂੰ ਦਫ਼ਨ ਕਰਨ ਸਮੇਂ ਲੋਕਾਂ ਨੇ ਰੋਸ ਵਜੋਂ ‘ਤਾਨਾਸ਼ਾਹ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ। ਇਰਾਨ ਵਿਚ ਔਰਤਾਂ ਨੇ 2017-18 ਵਿਚ ਵੀ ਹਿਜਾਬ ਪਹਿਨਣ ਦੇ ਹੁਕਮਾਂ ਦਾ ਵੱਡੀ ਪੱਧਰ ’ਤੇ ਵਿਰੋਧ ਕੀਤਾ ਸੀ।
1936 ਵਿਚ ਇਰਾਨ ਦੇ ਸ਼ਾਹ ਰਜ਼ਾ ਸ਼ਾਹ ਪਹਲਵੀ ਨੇ ‘ਕਸ਼ਫ਼-ਏ-ਹਿਜਾਬ (ਪਰਦਾ ਉਠਾਉਣ)’ ਦਾ ਹੁਕਮ ਜਾਰੀ ਕਰ ਕੇ ਹਿਜਾਬ, ਬੁਰਕਾ ਅਤੇ ਪਰਦਾ ਕਰਨ ਵਾਲੇ ਹੋਰ ਲਬਿਾਸ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਸੀ। ਸ਼ਾਹ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਉਸ ਨੇ ਔਰਤਾਂ ਨੂੰ ਹਿਜਾਬ ਪਹਿਨਣ ਤੋਂ ਜ਼ਬਰਦਸਤੀ ਮਨ੍ਹਾ ਕੀਤਾ। ਇਸ ਦਾ ਵਿਰੋਧ ਹੋਇਆ। 1970ਵਿਆਂ ਵਿਚ ਹਿਜਾਬ ਪਹਿਨਣਾ ਤਤਕਾਲੀਨ ਹਕੂਮਤ ਵਿਰੁੱਧ ਵਿਦਰੋਹ ਦਾ ਚਿੰਨ੍ਹ ਬਣ ਗਿਆ। ਕਈ ਚਿੰਤਕਾਂ ਅਨੁਸਾਰ ਔਰਤਾਂ ਦਾ ਹਿਜਾਬ ਦੇ ਹੱਕ ਵਿਚ ਭੁਗਤਣਾ ਇਰਾਨ ਵਿਚ ਤੇਜ਼ੀ ਨਾਲ ਹੋ ਰਹੇ ਪੱਛਮੀਕਰਨ, ਥੋਪੀ ਜਾ ਰਹੀ ਆਧੁਨਿਕਤਾ, ਪੱਛਮੀ ਸੱਭਿਆਚਾਰ ਵਿਚ ਔਰਤਾਂ ਦੇ ਸਰੀਰ ਨੂੰ ਵਪਾਰਕ ਵਸਤੂ ਵਜੋਂ ਪ੍ਰਗਟ ਕਰਨਾ ਆਦਿ ਵਰਤਾਰਿਆਂ ਦੇ ਵਿਰੋਧ ਦਾ ਪ੍ਰਤੀਕ ਸੀ। 1979 ਦੇ ਇਸਲਾਮੀ ਇਨਕਲਾਬ ਤੋਂ ਬਾਅਦ ਹਿਜਾਬ ਪਹਿਨਣ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ ਅਤੇ 1983 ਵਿਚ ਬਣਾਏ ਗਏ ਕਾਨੂੰਨ ਅਨੁਸਾਰ ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਨੂੰ ਕੈਦ ਤੇ ਜੁਰਮਾਨੇ ਕਰਨ ਦੀਆਂ ਸਜ਼ਾਵਾਂ ਨਿਰਧਾਰਿਤ ਕੀਤੀਆਂ ਗਈਆਂ।
ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਤੁਰਕੀ ਵਿਚ ਵੀ ਹਿਜਾਬ ਪਹਿਨਣ ’ਤੇ ਪਾਬੰਦੀ ਲਗਾਈ ਗਈ ਸੀ। ਉੱਥੇ ਵੀ 1960ਵਿਆਂ ਤੋਂ ਔਰਤਾਂ ਨੇ ਸਰਕਾਰ ਦਾ ਵਿਰੋਧ ਕਰਨ ਲਈ ਹਿਜਾਬ ਪਹਿਨਣਾ ਸ਼ੁਰੂ ਕੀਤਾ। 2019 ਦੇ ਅੰਕੜਿਆਂ ਅਨੁਸਾਰ ਤੁਰਕੀ ਦੀਆਂ 2 ਫ਼ੀਸਦੀ ਔਰਤਾਂ ਬੁਰਕਾ ਪਹਿਨਦੀਆਂ ਹਨ, 10 ਫ਼ੀਸਦੀ ਪੱਗੜੀ ਬੰਨ੍ਹਦੀਆਂ ਅਤੇ 45 ਫ਼ੀਸਦੀ ਸਿਰ ਢਕਣ ਲਈ ਰੁਮਾਲ/ਸਕਾਰਫ਼ ਆਦਿ ਵਰਤਦੀਆਂ ਹਨ। ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਨੇ ਔਰਤ ਦੇ ਬੁਰਕਾ ਪਹਿਨਣ ਨੂੰ ਜ਼ਰੂਰੀ ਕਰਾਰ ਦਿੱਤਾ ਹੈ।
ਕਿਸੇ ਵੀ ਮਨੁੱਖ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਉਹ ਕੀ ਪਹਿਨੇ ਅਤੇ ਕੀ ਨਾ ਪਹਿਨੇ। ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਰਦ ਜਾਂ ਔਰਤ ਨੇ ਪਹਿਰਾਵਾ ਤਾਂ ਪਹਿਨਣਾ ਹੀ ਹੈ ਕਿਉਂਕਿ ਮਨੁੱਖੀ ਤਨ ਨੂੰ ਗਰਮੀ, ਸਰਦੀ, ਬਾਰਸ਼, ਲੂਆਂ, ਠੱਕਿਆਂ ਆਦਿ ਤੋਂ ਬਚਾਉਣ ਲਈ ਲਬਿਾਸ ਪਹਿਨਣਾ ਜ਼ਰੂਰੀ ਹੈ। ਵੱਖ ਵੱਖ ਸੱਭਿਆਚਾਰਾਂ ਵਿਚ ਸਥਾਨਕ ਮੌਸਮ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਲਬਿਾਸ ਪਹਿਨੇ ਜਾਣ ਲੱਗੇ; ਹਾਰ-ਸ਼ਿੰਗਾਰ ਤੇ ਸੋਹਣੇ ਲੱਗਣ ਦੀਆਂ ਭਾਵਨਾਵਾਂ ਅਤੇ ਸਮਾਜਿਕ ਤੇ ਧਾਰਮਿਕ ਸੋਚ ਨੇ ਵੀ ਲਬਿਾਸ ਦੇ ਰੂਪ-ਸਰੂਪ ’ਤੇ ਵੱਡੇ ਅਸਰ ਪਾਏ। ਲਬਿਾਸ ਨੂੰ ਸਥਾਨਕ ਭਾਈਚਾਰਕ ਸਾਂਝ ਦਾ ਪ੍ਰਤੀਕ ਮੰਨਿਆ ਤੇ ਸਵੀਕਾਰ ਕੀਤਾ ਗਿਆ। ਇਸ ਤਰ੍ਹਾਂ ਲਬਿਾਸ ਸਮਾਜਿਕ ਤੇ ਸੱਭਿਆਚਾਰਕ ਸੋਚ ਤੋਂ ਉਪਜੀ ਵਸਤੂ ਹੈ।
ਮਨੁੱਖਤਾ ਦੇ ਵਿਕਾਸ ਦੌਰਾਨ ਸਮਾਜ ਦੇ ਜ਼ਿਆਦਾਤਰ ਸ਼ੋਅਬਿਆਂ ਵਿਚ ਮਰਦ-ਪ੍ਰਧਾਨ ਸੋਚ ਨੇ ਪ੍ਰਮੁੱਖਤਾ ਹਾਸਲ ਕੀਤੀ; ਮਰਦਾਂ ਨੂੰ ਸਮਾਜ ਤੇ ਸੱਤਾ ਵਿਚ ਉੱਚਾ ਦਰਜਾ ਮਿਲਿਆ ਅਤੇ ਇਹ ਮੰਨਿਆ ਗਿਆ ਕਿ ਸਿਰਫ਼ ਮਰਦ ਹੀ ਤੈਅ ਕਰਨਗੇ ਕਿ ਔਰਤਾਂ ਕਿਹੋ ਜਿਹਾ ਲਬਿਾਸ ਪਹਿਨਣ, ਉਨ੍ਹਾਂ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਵੇ, ਸਿਰਫ਼ ਬਿਰਾਦਰੀ, ਧਰਮ ਅਤੇ ਜਾਤ ਅੰਦਰ ਹੋਵੇ; ਇਨ੍ਹਾਂ ਪਾਬੰਦੀਆਂ ਨੂੰ ਮਰਿਆਦਾ ਦਾ ਨਾਂ ਦਿੱਤਾ ਗਿਆ।
ਇੱਥੇ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਮਨੁੱਖੀ ਸੋਚ ਇਕਪਾਸੜ ਤਰੀਕੇ ਨਾਲ ਮਰਦ-ਪ੍ਰਧਾਨ ਸੋਚ ਬਣਨ ਵੱਲ ਵਧਦੀ ਰਹੀ ਹੈ ਜਾਂ ਇਸ ਵਿਕਾਸ ਨੂੰ ਕਿਸੇ ਦੁਬਿਧਾ ਜਾਂ ਦਵੰਦ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਿਸੇ ਸੋਚ ਜਾਂ ਵਿਚਾਰਧਾਰਾ ਦੇ ਪਨਪਣ ਵਿਚ ਦਵੰਦ ਹਮੇਸ਼ਾ ਮੌਜੂਦ ਹੁੰਦੇ ਹਨ। ਇੱਥੇ ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਔਰਤਾਂ ਨੂੰ ਪਰਦੇ ਹੇਠ ਰੱਖਣਾ, ਬੁਰਕਾ ਜਾਂ ਹਿਜਾਬ ਪਹਿਨਣ ਜਾਂ ਘੁੰਡ ਕੱਢਣ ਲਈ ਕਹਿਣਾ ਕੀ ਮਨੁੱਖੀ ਸੋਚ ਦੇ ਇਕਪਾਸੜ ਤਰੀਕੇ ਨਾਲ ਮਰਦ-ਪ੍ਰਧਾਨ ਸੋਚ ਬਣਨ ਦਾ ਵਰਤਾਰਾ ਹੈ ਜਾਂ ਉਨ੍ਹਾਂ ਸਮਾਜਾਂ, ਜਿਨ੍ਹਾਂ ਨੇ ਇਹ ਪਾਬੰਦੀਆਂ ਲਗਾਈਆਂ, ਦੀ ਸਮੂਹਿਕ ਸੋਚ ਵਿਚ ਕੁਝ ਹੋਰ ਵੀ ਪਨਪ ਰਿਹਾ ਸੀ। ਮਰਦਾਂ ਦੇ ਲਬਿਾਸ ਦੇ ਰੂਪ-ਸਰੂਪ ਦੇ ਵਿਕਾਸ ਵਿਚ ਇਕ ਹਿੱਸਾ ਸਥਾਨਕ ਵਾਤਾਵਰਨ ਤੇ ਮੌਸਮ ਅਨੁਸਾਰ ਸਰੀਰ ਨੂੰ ਢਕਣ ਅਤੇ ਮੌਸਮੀ ਕਹਿਰਾਂ ਤੋਂ ਬਚਣ ਦਾ ਸੀ, ਇਕ ਹਿੱਸਾ ਸੋਹਣੇ ਲੱਗਣ ਤੇ ਇਕ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਲੱਗਣ ਦਾ; ਕਿਤੇ ਮੁਕਟ ਪਹਿਨਣ ਨੂੰ ਤਰਜੀਹ ਦਿੱਤੀ ਗਈ, ਕਿਤੇ ਦਸਤਾਰ ਬੰਨ੍ਹਣ ਨੂੰ ਤੇ ਕਿਤੇ ਹੈਟ ਤੇ ਟੋਪੀਆਂ ਪਾਉਣ ਨੂੰ। ਔਰਤਾਂ ਦੇ ਲਬਿਾਸ ਦੇ ਵਿਕਾਸ ਵਿਚ ਵੀ ਮੌਸਮ/ਵਾਤਾਵਰਨ ਦਾ ਪ੍ਰਭਾਵ ਅਤੇ ਸੋਹਣੇ-ਸੁਨੱਖੇ ਤੇ ਸਜੀਲੇ ਲੱਗਣ ਦੀ ਤਾਂਘ ਮੌਜੂਦ ਸੀ ਪਰ ਬਹੁਤੀਆਂ ਥਾਵਾਂ ’ਤੇ ਔਰਤ-ਲਬਿਾਸ ਨੂੰ ਤਾਕਤ/ਸੱਤਾ ਦੇ ਪ੍ਰਤੀਕਾਂ ਤੋਂ ਲਾਂਭੇ ਰੱਖਿਆ ਗਿਆ। ਬਹੁਤੇ ਸਮਾਜਾਂ ਵਿਚ ਲਬਿਾਸ ਨਾਲ ਸਬੰਧਿਤ ਸੋਚ ਦੇ ਵਿਕਾਸ ਦਾ ਪੱਲੜਾ ਮਰਦ-ਪ੍ਰਧਾਨ ਸੋਚ ਵਾਲੇ ਪਾਸੇ ਝੁਕਦਾ ਗਿਆ; ਸਿਰਫ਼ ਲਬਿਾਸ ਹੀ ਨਹੀਂ, ਔਰਤਾਂ ਦੀ ਪੂਰੀ ਜੀਵਨ-ਜਾਚ ਨੂੰ ਵੱਸ ’ਚ ਕਰਨਾ ਮਰਦਾਂ ਦਾ ‘ਫ਼ਰਜ਼’ ਮੰਨਿਆ ਗਿਆ।
ਸਮਾਜਾਂ ਦੇ ਜੰਗਜੂ ਬਣਨ ਕਾਰਨ ਮਰਦ ਸਮਾਜ ਦੇ ਹਰ ਸ਼ੋਅਬੇ ’ਤੇ ਹਾਵੀ ਹੋਏ; ਜੰਗਾਂ ਵਿਚ ਔਰਤਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ; ਨਤੀਜੇ ਵਜੋਂ ਮਰਦ ਔਰਤਾਂ ਤੇ ਬੱਚਿਆਂ ਦੇ ਰੱਖਿਅਕ ਬਣੇ ਅਤੇ ਇਸ ਨਾਲ ਸਮਾਜ ਵਿਚ ਵਿਕਸਿਤ ਹੁੰਦੀ ਮਰਦ-ਪ੍ਰਧਾਨ ਸੋਚ ਦੇ ਰਖਵਾਲੇ ਵੀ; ਚੇਤਨ ਅਤੇ ਅਵਚੇਤਨ ਦੇ ਪੱਧਰ ’ਤੇ ਉਹ ਇਸ ਸੋਚ ਦੇ ਸਿਰਜਕ ਤੇ ਤਰਤੀਬਕਾਰ ਵੀ ਬਣੇ ਤੇ ਗ਼ੁਲਾਮ ਵੀ। ਇਸ ਸੋਚ ਦੇ ਸਿਰ ’ਤੇ ਉਨ੍ਹਾਂ ਨੇ ਸਮਾਜ ਵਿਚ ਔਰਤਾਂ ਨਾਲੋਂ ਉੱਚਾ ਰੁਤਬਾ ਹਾਸਲ ਕੀਤਾ ਅਤੇ ਔਰਤਾਂ ਨੇ ਵੀ ਬਹੁਤਾ ਕਰਕੇ ਮਰਦ-ਪ੍ਰਧਾਨ ਸੋਚ ਨੂੰ ਅਪਣਾ/ਆਤਮਸਾਤ ਕਰ ਲਿਆ।
ਜਦੋਂ ਕੱਟੜਤਾ ਵਧਦੀ ਹੈ ਤਾਂ ਲਬਿਾਸ ’ਤੇ ਪਾਬੰਦੀਆਂ ਵੀ ਵਧਦੀਆਂ ਹਨ। ਲਬਿਾਸ ਮਨੁੱਖੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹੈ; ਮਨੁੱਖ ਲਬਿਾਸ ਰਾਹੀਂ ਪਰੰਪਰਾ ਤੇ ਰਵਾਇਤ ਦਾ ਵਫ਼ਾਦਾਰ ਹੋਣ ਦਾ ਦਾਅਵਾ ਕਰਨ ਦੇ ਨਾਲ ਨਾਲ ਬਗ਼ਾਵਤ ਦਾ ਐਲਾਨ ਵੀ ਕਰਦਾ ਹੈ; ਪੰਜਾਬ ਵਿਚ 1920ਵਿਆਂ ਵਿਚ ਪਨਪੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅਕਾਲੀ ਆਗੂਆਂ ਤੇ ਕਾਰਕੁਨਾਂ ਦੁਆਰਾ ਕਾਲੀ ਪੱਗ ਬੰਨ੍ਹਣਾ ਬਸਤੀਵਾਦੀ ਸਰਕਾਰ ਦੇ ਜ਼ੁਲਮਾਂ ਵਿਰੁੱਧ ਰੋਸ ਦਾ ਪ੍ਰਗਟਾਵਾ ਸੀ।
ਮਨੁੱਖ ਇਕ ਜਟਿਲ ਪ੍ਰਾਣੀ ਹੈ। ਕਈ ਵਾਰ ਉਹ ਲਬਿਾਸ ਤਾਂ ਰਵਾਇਤੀ ਪਹਿਨਦਾ ਹੈ ਪਰ ਭਾਸ਼ਾ ਤੇ ਬੋਲਾਂ ਰਾਹੀਂ ਰਵਾਇਤ ਤੇ ਪਰੰਪਰਾ ਦਾ ਵਿਰੋਧ ਕਰਦਾ ਹੋਇਆ ਇਨਕਲਾਬੀ ਵਿਚਾਰਾਂ ਨੂੰ ਜਨਮ ਵੀ ਦਿੰਦਾ ਹੈ।
ਕਰਨਾਟਕ ਅਤੇ ਇਰਾਨ ਵਿਚ ਔਰਤਾਂ ਦੇ ਲਬਿਾਸ ਸਬੰਧੀ ਅਪਣਾਏ ਜਾ ਰਹੇ ਦ੍ਰਿਸ਼ਟੀਕੋਣਾਂ ਵਿਚ ਕਈ ਤਰ੍ਹਾਂ ਦੀਆਂ ਸਮਾਨਤਾਵਾਂ ਹਨ। ਦੋਵੇਂ ਤਰ੍ਹਾਂ ਦੇ ਰਵੱਈਏ ਇਕਸੁਰਤਾ ਤੇ ਇਕਸਾਰਤਾ ਲੋਚਦੇ ਹਨ : ਇਕ, ਕੁੜੀਆਂ ਨੂੰ ਹਿਜਾਬ ਪਹਿਨਣ ਤੋਂ ਪੂਰਨ ਤੌਰ ’ਤੇ ਮਨ੍ਹਾਂ ਕਰਦਾ ਹੈ ਤੇ ਦੂਸਰਾ, ਸਭ ਕੁੜੀਆਂ/ਔਰਤਾਂ ਨੂੰ ਹਿਜਾਬ ਪਹਿਨਾਉਣਾ ਚਾਹੁੰਦਾ ਹੈ। ਦੋਵੇਂ ਤਰ੍ਹਾਂ ਦੇ ਰਵੱਈਏ ਵਿਚੋਂ ਸਹਿਣਸ਼ੀਲਤਾ ਗਾਇਬ ਹੈ; ਕਰਨਾਟਕ ਦੇ ਸਕੂਲ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਅਤੇ ਇਰਾਨ ਸਰਕਾਰ ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਦੀ ਗੱਲ ਸੁਣਨ ਤੋਂ ਇਨਕਾਰੀ ਹੈ। ਦੋਵੇਂ ਰਵੱਈਏ ਦਮਨਕਾਰੀ ਹਨ; ਔਰਤਾਂ ਨੂੰ ਸਜ਼ਾ ਦਿੰਦੇ ਹਨ; ਕਰਨਾਟਕ ਦੇ ਸਕੂਲ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਨੂੰ ਵਿੱਦਿਆ ਤੋਂ ਵਿਰਵੇ/ਵਾਂਝਿਆਂ ਰੱਖਣ ਦੀ ਸਜ਼ਾ ਦੇ ਰਹੇ ਹਨ ਅਤੇ ਇਰਾਨ ਸਰਕਾਰ ਕੋੜੇ ਮਾਰਨ ਦੀ। ਦੋਵੇਂ ਰਵੱਈਏ ਕਿਸੇ ਤਰ੍ਹਾਂ ਦੇ ਵਖਰੇਵੇਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ : ਕਰਨਾਟਕ ਦੇ ਸਕੂਲ ਚਾਹੁੰਦੇ ਹਨ ਕਿ ਕਿਸੇ ਕੁੜੀ ਨੇ ਹਿਜਾਬ ਨਾ ਪਹਿਨਿਆ ਹੋਵੇ ਤੇ ਇਰਾਨ ਸਰਕਾਰ ਚਾਹੁੰਦੀ ਹੈ ਹਰ ਕੁੜੀ/ਔਰਤ ਹਿਜਾਬ ਪਹਿਨੇ। ਦੋਵੇਂ ਰਵੱਈਏ ਨਿੱਜੀ ਚੋਣ ਅਤੇ ਆਜ਼ਾਦੀ ਦੇ ਵਿਰੁੱਧ ਹਨ। ਦੋਵਾਂ ਦ੍ਰਿਸ਼ਟੀਕੋਣਾਂ ’ਚੋਂ ਔਰਤਾਂ ਦੀ ਆਵਾਜ਼ ਗਾਇਬ ਹੈ। ਦੋਵੇਂ ਰਵੱਈਏ ਔਰਤਾਂ ਦੀ ਰੱਖਿਆ ਕਰਨ ਦਾ ਦਾਅਵਾ ਕਰਦੇ ਹਨ: ਕਰਨਾਟਕ ਦੇ ਸਕੂਲਾਂ ਦਾ ਰਵੱਈਆ ਔਰਤਾਂ ਨੂੰ ਧਾਰਮਿਕ ਦਮਨ ਤੋਂ ਅਤੇ ਇਰਾਨ ਸਰਕਾਰ ਦਾ ਰਵੱਈਆ ਉਨ੍ਹਾਂ ਨੂੰ ਪੱਛਮੀਕਰਨ ਦੇ ਪ੍ਰਭਾਵਾਂ ਤੋਂ ਬਚਾਉਣ ਦਾ ਦਾਅਵਾ ਕਰਦਾ ਹੈ।
ਦੋਵੇਂ ਰਵੱਈਏ ਕੱਟੜਤਾ ’ਚੋਂ ਉਪਜੇ ਹਨ। ਕੱਟੜਤਾ ਸਹਿਜ ਮਨੁੱਖੀ ਵਿਹਾਰ, ਸਹਿਣਸ਼ੀਲਤਾ, ਸਾਂਝੀਵਾਲਤਾ, ਦਿਆਲਤਾ, ਕਰੁਣਾ, ਵਿਚਾਰ-ਸੁਤੰਤਰਤਾ, ਸੰਵੇਦਨਸ਼ੀਲਤਾ ਅਤੇ ਨਿੱਜੀ ਆਜ਼ਾਦੀ ਦੇ ਵਿਰੁੱਧ ਖੜ੍ਹੀ ਹੋਣ ਵਾਲੀ ਪ੍ਰਮੁੱਖ ਤਾਕਤ ਹੈ। ਇਹ ਮਨੁੱਖਾਂ ਵਿਚ ਵੰਡੀਆਂ ਪਾ ਕੇ ਵਿਤਕਰੇ, ਦਮਨ ਤੇ ਨਫ਼ਰਤ ਵਧਾਉਂਦੀ ਹੈ; ਇਹ ਮਨੁੱਖਤਾ ਦੀ ਮੁੱਖ ਦੁਸ਼ਮਣ ਹੈ। ਇਸ ਵਿਰੁੱਧ ਲੜਾਈ ਮਨੁੱਖਤਾ ਨੂੰ ਜਿਊਂਦੇ ਰੱਖਣ ਦੀ ਲੜਾਈ ਹੈ। ਇਹ ਜਟਿਲ ਲੜਾਈ ਬਹੁਤ ਸੰਵੇਦਨਸ਼ੀਲ ਢੰਗ ਨਾਲ ਲੜੀ ਜਾਣੀ ਹੈ; ਹਰ ਥਾਂ ’ਤੇ ਵੱਖ ਵੱਖ ਤਰੀਕਿਆਂ ਨਾਲ। ਇਰਾਨ ਦੇ ਇਤਿਹਾਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਿਜਾਬ ਦੇ ਪਹਿਨਣ ਜਾਂ ਨਾ ਪਹਿਨਣ ਬਾਰੇ ਕੋਈ ਵੀ ਵਿਚਾਰ ਧਿੰਗੋਜ਼ੋਰੀ ਨਹੀਂ ਥੋਪਿਆ ਜਾ ਸਕਦਾ।
ਮੁਸਲਿਮ ਫ਼ਿਰਕੇ ਦੀਆਂ ਔਰਤਾਂ ਹਰ ਥਾਂ ’ਤੇ ਕੱਟੜਤਾ ਵਿਰੁੱਧ ਲੜਾਈ ਲੜ ਰਹੀਆਂ ਹਨ। ਹੋਰ ਧਾਰਮਿਕ ਭਾਈਚਾਰਿਆਂ ਵਿਚ ਵੀ ਅਜਿਹੇ ਸੰਘਰਸ਼ ਹੋ ਰਹੇ ਹਨ। ਪੁਰਾਣੇ ਸੋਚ-ਪ੍ਰਬੰਧ ਤੇ ਲੋਕ-ਬੋਧ ਢਹਿ-ਢੇਰੀ ਵੀ ਹੋ ਰਹੇ ਨੇ ਅਤੇ ਉਨ੍ਹਾਂ ਦੇ ਕੁਝ ਹਿੱਸੇ ਵਾਪਸ ਵੀ ਆ ਰਹੇ ਹਨ। ਉਨ੍ਹਾਂ ਨੂੰ ਕਾਇਮ ਰੱਖਣ ਵਾਲੇ ਕੱਟੜਤਾ ਤੇ ਧਾਰਮਿਕ ਬੁਨਿਆਦਪ੍ਰਸਤੀ ਦਾ ਆਸਰਾ ਲੈਂਦੇ ਹਨ ਤੇ ਕਈ ਵਾਰ ਕੱਟੜਤਾ ਵਿਰੁੱਧ ਲੜਨ ਵਾਲੇ ਆਪਣੀ ਬਣਾਈ ਨਵੀਂ ਬੁਨਿਆਦਪ੍ਰਸਤੀ ਦਾ ਸ਼ਿਕਾਰ ਹੋ ਜਾਂਦੇ ਹਨ, ਆਧੁਨਿਕਤਾ ਤੇ ਤਰਕਸ਼ੀਲਤਾ ਦੀ ਬੁਨਿਆਦਪ੍ਰਸਤੀ। ਔਰਤਾਂ ਨੂੰ ਪਰਦੇ ਹੇਠ ਰੱਖਣ ਦਾ ਯਤਨ ਕੀਤਾ ਜਾ ਰਿਹਾ ਏ ਪਰ ਉਹ ਪੜ੍ਹ-ਲਿਖ ਕੇ ਸਮਾਜ ਤੇ ਅਰਥਚਾਰੇ ਦੇ ਵੱਖ ਵੱਖ ਸ਼ੋਅਬਿਆਂ ਵਿਚ ਕੰਮ ਵੀ ਕਰ ਰਹੀਆਂ ਨੇ। ਉਨ੍ਹਾਂ ’ਚੋਂ ਕੁਝ ਹਿਜਾਬ ਪਹਿਨਣਾ ਚਾਹੁੰਦੀਆਂ ਹਨ ਤੇ ਕੁਝ ਹਿਜਾਬ ਸਾੜ ਕੇ ਵਿਰੋਧ ਕਰਦੀਆਂ ਹਨ; ਪੜ੍ਹੀਆਂ-ਲਿਖੀਆਂ ਔਰਤਾਂ ਵਿਚੋਂ ਵੀ ਕੁਝ ਬੁਨਿਆਦਪ੍ਰਸਤੀ ਅਤੇ ਮਰਦ-ਪ੍ਰਧਾਨ ਸੋਚ ਦੇ ਸਾਂਚਿਆਂ ਨੂੰ ਅਪਣਾਉਂਦੀਆਂ ਨੇ ਤੇ ਕੁਝ ਨਿੱਜੀ ਆਜ਼ਾਦੀ ਤੇ ਨਾਰੀਵਾਦ ਦੀਆਂ ਅਲੰਬਰਦਾਰ ਬਣਦੀਆਂ ਹਨ। ਇਸ ਜੰਗ ਨੇ ਹਮੇਸ਼ਾ ਜਾਰੀ ਰਹਿਣਾ ਹੈ।
ਮਨੁੱਖਤਾ ਖਾਤਰ ਲੜਾਈ ਸਮਾਜ ਵਿਚ ਸਹਿਣਸ਼ੀਲਤਾ ਤੇ ਸਾਂਝੀਵਾਲਤਾ ਕਾਇਮ ਕਰਨ ਦੀ ਲੜਾਈ ਹੈ। ਸਹਿਣਸ਼ੀਲਤਾ ਜ਼ਿਆਦਾ ਬੁਨਿਆਦੀ ਹੈ; ਸਾਂਝੀਵਾਲਤਾ ਦਾ ਨਿਜ਼ਾਮ ਵੀ ਉਸੇ ’ਤੇ ਹੀ ਉਸਰ ਸਕਦਾ ਹੈ। ਸਾਰੀਆਂ ਜਮਹੂਰੀ ਤੇ ਤਰਕਸ਼ੀਲ ਤਾਕਤਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਜਮਹੂਰੀਅਤ ਅਤੇ ਸਮਾਜਿਕ ਬਰਾਬਰੀ ਲਈ ਲੜਾਈ ਦੀ ਬੁਨਿਆਦ ਧਾਰਮਿਕ ਤੇ ਸੱਭਿਆਚਾਰਕ ਵਖਰੇਵਿਆਂ ਨੂੰ ਸਵੀਕਾਰ ਕਰਦੇ ਹੋਏ, ਸਹਿਣਸ਼ੀਲਤਾ ਦੇ ਆਧਾਰ ’ਤੇ ਹੀ ਰੱਖੀ ਜਾ ਸਕਦੀ ਹੈ।