ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਦੋ ਪੜਾਅ ਪੂਰੇ ਹੋ ਚੁੱਕੇ ਹਨ ਅਤੇ ਹੁਣ ਤੀਸਰੇ ਪੜਾਅ ਲਈ ਵੋਟਾਂ 7 ਨਵੰਬਰ ਨੂੰ ਪੈਣਗੀਆਂ। ਬਿਹਾਰ ਵਿਚ ਵਿਰੋਧੀ ਪਾਰਟੀਆਂ ਦਾ ਮਹਾਂ-ਗੱਠਬੰਧਨ, ਜਿਸ ਵਿਚ ਰਾਸ਼ਟਰੀ ਜਨਤਾ ਦਲ (ਆਰਜੇਡੀ), ਕਾਂਗਰਸ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ-ਲਬਿਰੇਸ਼ਨ), ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਸੀਪੀਐੱਮ) ਸ਼ਾਮਲ ਹਨ, ਸੱਤਾਧਾਰੀ ਜਨਤਾ ਦਲ (ਯੂਨਾਈਟਿਡ-ਜੇਡੀਯੂ) ਅਤੇ ਭਾਰਤੀ ਜਨਤਾ ਪਾਰਟੀ ਨੂੰ ਫਸਵੀਂ ਟੱਕਰ ਦੇ ਰਿਹਾ ਹੈ। ਜੇਡੀਯੂ ਅਤੇ ਭਾਜਪਾ ਆਗੂਆਂ ਦੀਆਂ ਰੈਲੀਆਂ ਵਿਚ ਹੁੰਦੇ ਇਕੱਠਾਂ ਤੋਂ ਲੱਗਦਾ ਹੈ ਕਿ ਬਿਹਾਰ ਦੇ ਲੋਕ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਤੋਂ ਨਿਰਾਸ਼ ਹਨ। ਇਸ ਦਾ ਝਲਕਾਰਾ ਜੇਡੀਯੂ ਅਤੇ ਭਾਜਪਾ ਆਗੂਆਂ ਦੇ ਭਾਸ਼ਨਾਂ ਵਿਚੋਂ ਵੀ ਝਲਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨਾਂ ਵਿਚ ਕਿਹਾ ਹੈ ਕਿ ਜੇ ਬਿਹਾਰ ਵਿਚ ਆਰਜੇਡੀ ਦੀ ਅਗਵਾਈ ਵਾਲੀ ਸਰਕਾਰ ਬਣਦੀ ਹੈ ਤਾਂ ਸੂਬੇ ਵਿਚ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਜਿਹੇ ਨਾਅਰੇ ਲਾਉਣਾ ਮੁਸ਼ਕਿਲ ਹੋ ਜਾਵੇਗਾ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਜਿਹੀ ਨਾਕਾਰਾਤਮਕ ਸ਼ਬਦਾਵਲੀ ਵਿਚ ਭਾਸ਼ਨ ਦੇਣਾ ਸੋਭਾ ਨਹੀਂ ਦਿੰਦਾ। ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਮੰਗ ਕਰਦੀ ਹੈ ਕਿ ਚੋਣਾਂ ਸਮੇਂ ਦਿੱਤੇ ਜਾਣ ਵਾਲੇ ਭਾਸ਼ਨਾਂ ਦੌਰਾਨ ਸਿਆਸੀ ਬਹਿਸ ਨੂੰ ਮਿਆਰੀ ਬਣਾਇਆ ਜਾਵੇ।
ਨਿਤੀਸ਼ ਕੁਮਾਰ ਲਗਭਗ 15 ਸਾਲਾਂ ਤੋਂ (ਵਿਚ ਕੁਝ ਸਮਾਂ ਛੱਡ ਕੇ) ਸੂਬੇ ਦੇ ਮੁੱਖ ਮੰਤਰੀ ਹਨ। ਕੇਂਦਰ ਵਿਚ 6 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਇਸ ਲਈ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਆਪਣੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗਣੀਆਂ ਚਾਹੀਦੀਆਂ ਹਨ। ਆਪਣੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗਣ ਦੀ ਥਾਂ ਆਰਜੇਡੀ ਦਾ ਰਾਜ ਆਉਣ ’ਤੇ ‘ਜੰਗਲ ਰਾਜ’ ਆਉਣ ਅਤੇ ਤੇਜਸਵੀ ਯਾਦਵ ਨੂੰ ‘ਜੰਗਲ ਦਾ ਯੁਵਰਾਜ’ ਕਹਿ ਕੇ ਭਾਜਪਾ ਅਤੇ ਜੇਡੀਯੂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਿਤੀਸ਼ ਕੁਮਾਰ ਬਹੁਤ ਤਿਲਕਵੀਂ ਜ਼ਮੀਨ ’ਤੇ ਖਲੋਤੇ ਲੱਗਦੇ ਹਨ ਕਿਉਂਕਿ ਉਹ ਆਪਣੀ ਅਗਵਾਈ ਵਾਲੀ ਸਰਕਾਰ ਲਈ ਵੋਟਾਂ ਮੰਗਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਜਿਹੀ ਗ਼ਲਤੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤੀ ਸੀ ਜਦੋਂ ਇਸ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੀ ਪ੍ਰਮੁੱਖ ਖੇਤਰੀ ਪਾਰਟੀ ਹੋਣ ਦੇ ਆਧਾਰ ’ਤੇ ਵੋਟਾਂ ਮੰਗਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਵੋਟਾਂ ਮੰਗੀਆਂ। ਕਿਸੇ ਵੀ ਸਿਆਸੀ ਪਾਰਟੀ ਦੇ ਕਿਸੇ ਦੂਸਰੀ ਪਾਰਟੀ ਦੇ ਆਗੂ ’ਤੇ ਨਿਰਭਰ ਹੋ ਜਾਣ ਦੇ ਅਰਥ ਉਸ ਪਾਰਟੀ ਦੇ ਆਧਾਰ ਦਾ ਖੁਰਨਾ ਹੀ ਹੁੰਦੇ ਹਨ। ਨਿਤੀਸ਼ ਕੁਮਾਰ ਦੇ ਆਰਜੇਡੀ ਨਾਲੋਂ ਨਾਤਾ ਤੋੜ ਕੇ ਭਾਜਪਾ ਨਾਲ ਰਿਸ਼ਤਾ ਗੰਢਣ ਨੇ ਉਸ ਦੇ ਅਕਸ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਉਹ ਵਿਅਕਤੀ (ਨਿਤੀਸ਼ ਕੁਮਾਰ), ਜਿਸ ਦੇ ਬਾਰੇ ਰਾਜਸੀ ਮਾਹਿਰ ਇਹ ਰਾਏ ਰੱਖਦੇ ਸਨ ਕਿ ਕਿਸੇ ਵੇਲੇ ਉਹ ਭਾਜਪਾ ਵਿਰੁੱਧ ਬਣ ਸਕਣ ਵਾਲੇ ਮਹਾਂ-ਗੱਠਬੰਧਨ ਵਿਚ ਵਿਰੋਧੀ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੋ ਸਕਦਾ ਹੈ, ਅੱਜ ਆਪਣੀ ਸਹਿਯੋਗੀ ਪਾਰਟੀ ਦੇ ਆਗੂ ਦੇ ਨਾਂ ’ਤੇ ਵੋਟਾਂ ਮੰਗ ਰਿਹਾ ਹੈ। ਇਸ ਤਰ੍ਹਾਂ ਭਾਜਪਾ ਇਕ ਹੋਰ ਖੇਤਰੀ ਪਾਰਟੀ ਨੂੰ ਆਪਣੇ ਸਾਹਮਣੇ ਝੁਕਾਉਣ ਵਿਚ ਕਾਮਯਾਬ ਹੋਈ ਹੈ। ਕੁਝ ਸਿਆਸੀ ਮਾਹਿਰਾਂ ਅਨੁਸਾਰ ਭਾਜਪਾ ਨਿਤੀਸ਼ ਕੁਮਾਰ ਨੂੰ ਕਮਜ਼ੋਰ ਕਰਨ ਲਈ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੂੰ ਅਸਿੱਧੇ ਰੂਪ ਵਿਚ ਉਤਸ਼ਾਹਿਤ ਕਰ ਰਹੀ ਹੈ।
ਬਿਹਾਰ ਵਿਧਾਨ ਸਭਾ ਦੇ ਨਤੀਜੇ ਦੇਸ਼ ਦੀ ਸਿਆਸਤ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਨਗੇ। ਚੋਣਾਂ ਜਮਹੂਰੀ ਪ੍ਰਕਿਰਿਆ ਦੀ ਬੁਨਿਆਦ ਹਨ ਅਤੇ ਚੋਣਾਂ ਲੜਨ ਵੇਲੇ ਜਮਹੂਰੀ ਕਦਰਾਂ-ਕੀਮਤਾਂ ਦੀ ਕਦਰ ਕਰਨੀ ਬੇਹੱਦ ਜ਼ਰੂਰੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਨਾਂਹ-ਪੱਖੀ ਭਾਸ਼ਾ ਵਰਤਣੀ ਮੰਦਭਾਗੀ ਅਤੇ ਜਮਹੂਰੀ ਰਵਾਇਤਾਂ ਦੇ ਉਲਟ ਹੈ। ਅਜਿਹੀ ਭਾਸ਼ਾ ਅਤੇ ਵਿਚਾਰ ਲੋਕਾਂ ਅਤੇ ਸਮਾਜ ਵਿਚ ਕੁੜੱਤਣ ਪੈਦਾ ਕਰਦੇ ਹਨ। ਦੇਸ਼ ਦੇ ਆਗੂਆਂ ਨੂੰ ਚੋਣਾਂ ਲੜਦੇ ਸਮੇਂ ਸਮਾਜ ਵਿਚ ਸਮਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੇ ਉਦੇਸ਼ਾਂ ਨੂੰ ਦਿਲੋਂ ਵਿਸਾਰਨਾ ਨਹੀਂ ਚਾਹੀਦਾ।