ਸ਼ੁੱਕਰਵਾਰ ਨੂੰ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਪਾਰਲੀਮਾਨੀ ਗਰੁੱਪ ਦੀ ਮੀਟਿੰਗ ਵਿੱਚ ਨਰਿੰਦਰ ਮੋਦੀ ਨੂੰ ਆਪਣਾ ਆਗੂ ਚੁਣ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਆਖਿਆ ਕਿ ਆਪਣੇ ਤੀਜੇ ਕਾਰਜਕਾਲ ਦੌਰਾਨ ਉਹ ਸਰਕਾਰ ਦੇ ਸਾਰੇ ਫ਼ੈਸਲਿਆਂ ਵਿੱਚ ਆਮ ਸਹਿਮਤੀ ਯਕੀਨੀ ਬਣਾਉਣ ਲਈ ਤਰੱਦਦ ਕਰਨਗੇ। ਉਨ੍ਹਾਂ ਐੱਨਡੀਏ ਨੂੰ ਸਜੀਵ ਗੱਠਜੋੜ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਹ ‘ਦੇਸ਼ ਪਰਮ ਅਗੇਤ’ (ਨੇਸ਼ਨ ਫਸਟ) ਦੇ ਅਸੂਲ ਨੂੰ ਪ੍ਰਣਾਇਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਹ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਕੁਲੀਸ਼ਨ ਗੱਠਜੋੜ ਹੈ। ਇਹ ਪਹਿਲੀ ਵਾਰ ਹੈ ਜਦੋਂ ਮੋਦੀ ਨੂੰ ਸਹੀ ਮਾਇਨਿਆਂ ਵਿੱਚ ਕੁਲੀਸ਼ਨ ਸਰਕਾਰ ਦੀ ਅਗਵਾਈ ਕਰਨੀ ਪਵੇਗੀ। ਕਹਿਣ ਨੂੰ ਤਾਂ 2014 ਅਤੇ 2019 ਵਿੱਚ ਵੀ ਐੱਨਡੀਏ ਦੀਆਂ ਸਰਕਾਰਾਂ ਸਨ ਪਰ ਉਦੋਂ ਭਾਜਪਾ ਨੂੰ ਆਪਣੇ ਬਲਬੂਤੇ ਬਹੁਮਤ ਹਾਸਿਲ ਸੀ ਜਿਸ ਕਰ ਕੇ ਸਰਕਾਰ ਵਿੱਚ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦੀ ਬਹੁਤੀ ਸੱਦ-ਪੁੱਛ ਕਦੇ ਨਹੀਂ ਕੀਤੀ ਗਈ ਪਰ ਇਸ ਵਾਰ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਦੇ ਜਾਦੂਈ ਅੰਕੜੇ ਤੋਂ ਕਰੀਬ 32 ਸੀਟਾਂ ਘੱਟ ਰਹਿ ਗਈ ਜਿਸ ਕਰ ਕੇ ਆਂਧਰਾ ਪ੍ਰਦੇਸ਼ ਤੋਂ ਐੱਨ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਅਤੇ ਬਿਹਾਰ ਤੋਂ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਜਿਹੇ ਭਿਆਲਾਂ ਦੀ ਹਮਾਇਤ ਮਾਇਨਾਖੇਜ਼ ਬਣ ਗਈ। ਇਹ ਦੋਵੇਂ ਮਜ਼ਬੂਤ ਖੇਤਰੀ ਧਿਰਾਂ ਮੰਨੀਆਂ ਜਾਂਦੀਆਂ ਹਨ ਜੋ ਨਾ ਕੇਵਲ ਕੇਂਦਰ ਦੀ ਸੱਤਾ ਵਿੱਚ ਆਪਣੀ ਬਣਦੀ ਹਿੱਸੇਦਾਰੀ ਮੰਗ ਰਹੇ ਹਨ ਸਗੋਂ ਗੱਠਜੋੜ ਦੀ ਅਗਵਾਈ ਕਰਨ ਵਾਲੀ ਧਿਰ ਦੀ ਹੋਸ਼ ਵੀ ਟਿਕਾਣੇ ਰੱਖਣਗੇ।
ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਐੱਨਡੀਏ ਵਿੱਚ ਆਪਸੀ ਵਿਸ਼ਵਾਸ ਬਹੁਤ ਗਹਿਰਾ ਹੈ ਪਰ ਇਸ ਵਿਸ਼ਵਾਸ ਦੀ ਪਰਖ ਉਦੋਂ ਹੋਵੇਗੀ ਜਦੋਂ ਇਹ ਸਰਕਾਰ ਆਪਣੇ ਕਾਰਜਕਾਲ ਦੀ ਸ਼ੁਰੂਆਤ ਕਰੇਗੀ। ਪਿਛਲੇ ਇੱਕ ਦਹਾਕੇ ਦੌਰਾਨ ਸੱਤਾਧਾਰੀ ਭਾਜਪਾ ਇੱਕ ਤੋਂ ਬਾਅਦ ਇੱਕ ਬਿਲ ਮਨਮਰਜ਼ੀ ਨਾਲ ਪਾਸ ਕਰਾਉਂਦੀ ਰਹੀ ਹੈ ਕਿਉਂਕਿ ਇਸ ਦੇ ਭਿਆਲ ਲਾਚਾਰ ਸਨ ਅਤੇ ਵਿਰੋਧੀ ਧਿਰ ਬਹੁਤ ਕਮਜ਼ੋਰ ਸੀ। ਬਹਰਹਾਲ, ਇਸ ਵਾਰ ਨਾ ਤਾਂ ਭਗਵੀ ਪਾਰਟੀ ਦੇ ਸਾਥੀ ਹੀ ਅਜਿਹੇ ਹਨ ਤੇ ਨਾ ਹੀ ਵਿਰੋਧੀ ਧਿਰ ਜਿਨ੍ਹਾਂ ’ਤੇ ਸੌਖਿਆਂ ਹੀ ਪ੍ਰਭਾਵ ਜਮਾਇਆ ਜਾ ਸਕੇ। ਆਪਣੀ ਚੁਣਾਵੀ ਸਫਲਤਾ ਤੋਂ ਉਤਸ਼ਾਹਿਤ ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗੱਠਜੋੜ ਸਰਕਾਰ ਨੂੰ ਅਗਨੀਪਥ ਸਕੀਮ, ਯੂਨੀਫਾਰਮ ਸਿਵਲ ਜ਼ਾਬਤੇ ਅਤੇ ਹੋਰ ਅਹਿਮ ਮੁੱਦਿਆਂ ਉੱਤੇ ਘੇਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਸਭ ਤੋਂ ਮਹੱਤਵਪੂਰਨ ਸਵਾਲ ਹੈ: ਕੀ ਸਪੱਸ਼ਟ ਬਹੁਮਤ ਦੀ ਘਾਟ ਕਾਰਨ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਆਪਣੇ ਸਹਿਯੋਗੀ ਦਲਾਂ ਦੀਆਂ ਖਾਹਿਸ਼ਾਂ ਅਤੇ ਲੋੜਾਂ ਪ੍ਰਤੀ ਜਿ਼ਆਦਾ ਖੁੱਲ੍ਹਾ ਦਿਲ ਰੱਖਣਗੇ ਅਤੇ ਸਿਆਸੀ ਵਿਰੋਧੀਆਂ ਨੂੰ ਉਹ ਕਿਸ ਹੱਦ ਤੱਕ ਨਜ਼ਰਅੰਦਾਜ਼ ਕਰ ਸਕਣਗੇ? ਗੱਠਜੋੜ ਧਰਮ ਨੂੰ ਬੇਹੱਦ ਕੁਸ਼ਲਤਾ ਨਾਲ ਨਿਭਾਉਣ ਲਈ ਯਾਦ ਕੀਤੇ ਜਾਂਦੇ ਅਟਲ ਬਿਹਾਰੀ ਵਾਜਪਾਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਤੇ ਸਹਿਮਤੀ ਕਾਇਮ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੋਦੀ ਉਨ੍ਹਾਂ ਦੀਆਂ ਪੈੜਾਂ ’ਤੇ ਚੱਲਣ ਲਈ ਖ਼ੁਦ ਨੂੰ ਨਵੇਂ ਸਿਰਿਓਂ ਢਾਲ ਸਕਣਗੇ।