ਪਾਕਿਸਤਾਨ ਦੀ ਸਿਆਸੀ ਸਥਿਤੀ ਹੋਰ ਜਟਿਲ ਤੇ ਗੁੰਝਲਦਾਰ ਹੋ ਰਹੀ ਹੈ। ਪਾਕਿਸਤਾਨ ਆਪਣੀ ਹੋਂਦ ਵਿਚ ਆਉਣ ਤੋਂ ਬਾਅਦ ਸਥਿਰ ਜਮਹੂਰੀਅਤ ਨਹੀਂ ਬਣ ਸਕਿਆ ਅਤੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣੀ ਪੰਜ ਸਾਲਾਂ ਦੀ ਮਿਆਦ ਪੂਰੀ ਨਹੀਂ ਕੀਤੀ। ਵਿਰੋਧੀ ਪਾਰਟੀਆਂ ਨੇ ਇਮਰਾਨ ਖ਼ਾਨ ਦੀ ਹਕੂਮਤ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਸੀ ਅਤੇ ਜਮਹੂਰੀ ਰਵਾਇਤਾਂ ਅਨੁਸਾਰ ਉਸ ਦੀ ਸਰਕਾਰ ਨੂੰ ਇਸ ਮਤੇ ਦਾ ਨੈਸ਼ਨਲ ਅਸੈਂਬਲੀ ਵਿਚ ਸਾਹਮਣਾ ਕਰਨਾ ਚਾਹੀਦਾ ਸੀ। ਡਿਪਟੀ ਸਪੀਕਰ ਨੇ ਮਤੇ ਨੂੰ ਹੀ ਰੱਦ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਲਾਹ ’ਤੇ ਰਾਸ਼ਟਰਪਤੀ ਨੇ ਅਸੈਂਬਲੀ ਭੰਗ ਕਰ ਦਿੱਤੀ। ਚੋਣਾਂ ਤਿੰਨ ਮਹੀਨਿਆਂ ਦੇ ਵਿਚ ਵਿਚ ਹੋਣਗੀਆਂ। ਇਹ ਸਭ ਕੁਝ ਹੋਣ ਤੋਂ ਪਹਿਲਾਂ ਪਾਕਿਸਤਾਨ ਦੀ ਥਲ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ ਅਤੇ ਆਈਐੱਸਆਈ ਦੇ ਮੁਖੀ ਨਦੀਮ ਅੰਜੁਮ ਨੇ ਇਮਰਾਨ ਨਾਲ ਮੁਲਾਕਾਤ ਕੀਤੀ; ਸਿਆਸੀ ਮਾਹਿਰਾਂ ਅਨੁਸਾਰ ਸਭ ਕਾਰਵਾਈਆਂ ਫ਼ੌਜ ਦੀ ਸਹਿਮਤੀ ਨਾਲ ਹੋ ਰਹੀਆਂ ਹਨ। ਪਾਕਿਸਤਾਨ ਸਰਕਾਰ ਵੱਲੋਂ ਐਤਵਾਰ ਜਾਰੀ ਕੀਤੇ ਨੋਟੀਫ਼ਿਕੇਸ਼ਨ ਅਨੁਸਾਰ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜਦੋਂਕਿ ਹੋਰ ਖ਼ਬਰਾਂ ਅਨੁਸਾਰ ਇਮਰਾਨ ਖ਼ਾਨ ਉਦੋਂ ਤਕ ਪ੍ਰਧਾਨ ਮੰਤਰੀ ਰਹੇਗਾ ਜਦ ਤਕ ਨਵਾਂ ਕਾਇਮ-ਮੁਕਾਮ ਪ੍ਰਧਾਨ ਮੰਤਰੀ ਨਿਯੁਕਤ ਨਹੀਂ ਹੋ ਜਾਂਦਾ। ਰਾਸ਼ਟਰਪਤੀ ਆਰਿਫ਼ ਅਲਵੀ ਨੇ ਇਮਰਾਨ ਖ਼ਾਨ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਹਬਿਾਜ਼ ਸ਼ਰੀਫ਼ ਤੋਂ ਸੁਝਾਅ ਮੰਗੇ ਹਨ ਕਿ ਕਿਸ ਵਿਅਕਤੀ ਨੂੰ ਕਾਇਮ-ਮੁਕਾਮ ਪ੍ਰਧਾਨ ਮੰਤਰੀ ਬਣਾਇਆ ਜਾਵੇ।
ਇਮਰਾਨ ਖ਼ਾਨ ਨੇ ਸੁਝਾਅ ਦਿੱਤਾ ਹੈ ਕਿ ਪਾਕਿਸਤਾਨ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੂੰ ਕਾਇਮ-ਮੁਕਾਮ ਪ੍ਰਧਾਨ ਮੰਤਰੀ ਬਣਾਇਆ ਜਾਵੇ। ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਪਾਕਿਸਤਾਨ ਸੁਪਰੀਮ ਕੋਰਟ ਦੇ ਜੱਜਾਂ ਦੇ ਉਸ ਬੈਂਚ ਦਾ ਹਿੱਸਾ ਸੀ ਜਿਸ ਨੇ ਪਨਾਮਾ ਪੇਪਪਜ਼ ਕੇਸ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਦੋਸ਼ੀ ਠਹਿਰਾਉਂਦਿਆਂ ਇਹ ਫ਼ੈਸਲਾ ਦਿੱਤਾ ਸੀ ਕਿ ਉਹ ਭਵਿੱਖ ਵਿਚ ਚੋਣਾਂ ਨਹੀਂ ਲੜ ਸਕੇਗਾ। ਵਿਰੋਧੀ ਧਿਰ ਦੇ ਆਗੂਆਂ ਨੇ ਨੈਸ਼ਨਲ ਅਸੈਂਬਲੀ ਭੰਗ ਕਰਨ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ ਕੀਤੀ ਹੈ ਜਿਸ ਦੀ ਸੁਣਵਾਈ ਜਾਰੀ ਹੈ। ਆਉਣ ਵਾਲੇ ਦਿਨਾਂ ਵਿਚ ਇਹ ਫ਼ੈਸਲਾ ਹੋਵੇਗਾ ਕਿ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨਾ ਕਾਨੂੰਨੀ ਤੇ ਸੰਵਿਧਾਨਕ ਤੌਰ ’ਤੇ ਸਹੀ ਸੀ ਜਾਂ ਗ਼ਲਤ।
ਇਸ ਦੇ ਨਾਲ ਨਾਲ ਇਮਰਾਨ ਖ਼ਾਨ ਨੇ ਇਹ ਬਿਰਤਾਂਤ ਉਸਾਰਿਆ ਹੈ ਕਿ ਅਮਰੀਕਾ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਵਿਚ ਦਖ਼ਲ ਦੇ ਰਿਹਾ ਹੈ। ਪਾਕਿਸਤਾਨ ਦੇ ਅਮਰੀਕਾ ਵਿਚ ਸਫ਼ੀਰ ਦੀ ਘੱਲੀ ਕੇਬਲ ਦੇ ਹਵਾਲੇ ਨਾਲ ਇਮਰਾਨ ਖ਼ਾਨ ਨੇ ਦੇਸ਼ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਪਾਕਿਸਤਾਨੀ ਸਫ਼ੀਰ ਨੂੰ ਸਾਫ਼ ਤੌਰ ’ਤੇ ਦੱਸਿਆ ਕਿ ਇਮਰਾਨ ਖ਼ਾਨ ਨੂੰ ਸੱਤਾ ਤੋਂ ਅਲੱਗ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ। ਪਾਕਿਸਤਾਨ ਦੇ ਲੋਕਾਂ ਦੇ ਮਨਾਂ ਵਿਚ ਅਮਰੀਕਾ ਪ੍ਰਤੀ ਵਿਰੋਧ ਬੜੇ ਗੂੜ੍ਹੇ ਅੱਖਰਾਂ ਵਿਚ ਲਿਖਿਆ ਹੋਇਆ ਹੈ। ਅਮਰੀਕਾ ਨੂੰ ਪਾਕਿਸਤਾਨ ਅਤੇ ਇਸਲਾਮ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਪਾਕਿਸਤਾਨੀ ਹਾਕਮਾਂ ਦੇ ਅਮਰੀਕਾ ਨਾਲ ਗਹਿਰੇ ਸਬੰਧ ਰਹੇ ਹਨ ਅਤੇ 1980ਵਿਆਂ ਤੋਂ ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿਚ ਅਮਰੀਕੀ ਦਖ਼ਲ ਲਈ ਅਮਰੀਕਾ ਨੂੰ ਆਪਣੀ ਧਰਤੀ ਵਰਤਣ ਦੀ ਇਜਾਜ਼ਤ ਦਿੱਤੀ ਹੈ। ਇਵਜ਼ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ ਵਿੱਤੀ ਤੇ ਫ਼ੌਜੀ ਸਹਾਇਤਾ ਦਿੱਤੀ ਅਤੇ ਫ਼ੌਜੀ ਜਰਨੈਲਾਂ ਤੇ ਸਿਆਸਤਦਾਨਾਂ ਦੀਆਂ ਝੋਲੀਆਂ ਭਰੀਆਂ। ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਦੀਆਂ ਚੀਨ ਨਾਲ ਨਜ਼ਦੀਕੀਆਂ ਵਧੀਆਂ ਹਨ ਅਤੇ ਅਮਰੀਕਾ ਇਸ ਤੋਂ ਖੁਸ਼ ਨਹੀਂ ਹੈ। ਅਮਰੀਕਾ ਇਹ ਵੀ ਸਮਝਦਾ ਹੈ ਕਿ ਤਾਲਿਬਾਨ ਦੇ ਮਾਮਲੇ ਵਿਚ ਪਾਕਿਸਤਾਨ ਦੀ ਨੀਤੀ ਦੋਗਲੀ ਰਹੀ ਹੈ; ਉਹ ਬਾਹਰੀ ਤੌਰ ’ਤੇ ਤਾਂ ਅਮਰੀਕਾ ਦਾ ਸਾਥ ਦਿੰਦਾ ਰਿਹਾ ਪਰ ਅੰਦਰੂਨੀ ਤੌਰ ’ਤੇ ਤਾਲਿਬਾਨ ਨੂੰ ਤਗੜਾ ਕਰਦਾ ਰਿਹਾ ਹੈ। ਇਨ੍ਹਾਂ ਸਭ ਮਸਲਿਆਂ ਵਿਚ ਸਮਤੋਲ ਪਾਕਿਸਤਾਨ ਦੇ ਸਿਆਸੀ ਆਗੂ ਨਹੀਂ ਸਗੋਂ ਫ਼ੌਜ ਦੀ ਅਫਸਰਸ਼ਾਹੀ ਪੈਦਾ ਕਰਦੀ ਹੈ। ਪਾਕਿਸਤਾਨੀ ਫ਼ੌਜ ਨਾ ਤੇ ਅਮਰੀਕਾ ਨੂੰ ਨਾਰਾਜ਼ ਕਰਨੀ ਚਾਹੁੰਦੀ ਹੈ ਨਾ ਹੀ ਚੀਨ ਨੂੰ। ਪਾਕਿਸਤਾਨ ਵਿਚ ਫ਼ੌਜ ਨੂੰ ਦੇਸ਼ ਨੂੰ ਸਥਿਰਤਾ ਦੇਣ ਵਾਲੀ ਤਾਕਤ ਮੰਨਿਆ ਜਾਂਦਾ ਹੈ ਅਤੇ ਆਖ਼ਰੀ ਫ਼ੈਸਲਾ ਫ਼ੌਜ ਨੇ ਹੀ ਕਰਨਾ ਹੈ ਕਿ ਕੌਣ ਕਾਇਮ-ਮੁਕਾਮ ਪ੍ਰਧਾਨ ਮੰਤਰੀ ਬਣੇਗਾ ਅਤੇ ਚੋਣਾਂ ਕਦ ਹੋਣਗੀਆਂ।