ਸ਼ੇਖ ਹਸੀਨਾ ਦੀ ਅਗਵਾਈ ਹੇਠਲੀ ਅਵਾਮੀ ਲੀਗ ਦੀ ਸਰਕਾਰ ਡਿੱਗਣ ਤੋਂ ਬਾਅਦ ਭਾਰਤ ਹੌਲੀ-ਹੌਲੀ ਬੰਗਲਾਦੇਸ਼ ਦੀਆਂ ਜ਼ਮੀਨੀ ਹਕੀਕਤਾਂ ਨਾਲ ਤਾਲਮੇਲ ਬਿਠਾਉਣ ਵੱਲ ਵਧ ਰਿਹਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨੇ ਲੰਘੇ ਸੋਮਵਾਰ ਸੰਯੁਕਤ ਰਾਸ਼ਟਰ ਮਹਾਸਭਾ ਮੌਕੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਤੌਹੀਦ ਹੁਸੈਨ ਨਾਲ ਮੁਲਾਕਾਤ ਕਰ ਕੇ ਦੁਵੱਲੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਹੈ। ਇਸ ਮੁਲਾਕਾਤ ਤੋਂ ਸਾਫ਼ ਹੋ ਗਿਆ ਹੈ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਵਿੱਚ ਟਿਕੇ ਰਹਿਣ ਨਾਲ ਦਿੱਕਤਾਂ ਬਣੇ ਹੋਣ ਦੇ ਬਾਵਜੂਦ ਦਿੱਲੀ, ਢਾਕਾ ਨਾਲ ਰਾਬਤਾ ਬਣਾ ਕੇ ਰੱਖਣ ਦੀ ਇੱਛੁਕ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਯ ਵਰਮਾ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਸਕੱਤਰ ਜਨਰਲ ਮਿਰਜ਼ਾ ਫਖ਼ਰੁਲ ਇਸਲਾਮ ਆਲਮਗੀਰ ਨਾਲ ਕੀਤੀ ਮੁਲਾਕਾਤ ਵੀ ਘੱਟ ਅਹਿਮ ਨਹੀਂ ਸੀ। ਬੀਐੱਨਪੀ ਜੋ ਬੰਗਲਾਦੇਸ਼ ਦੀ ਪ੍ਰਮੁੱਖ ਵਿਰੋਧੀ ਧਿਰ ਰਹੀ ਹੈ, ਦੇ ਭਾਰਤ ਨਾਲ ਸਬੰਧ ਕੁਝ ਹੱਦ ਤੱਕ ਅਣਸੁਖਾਵੇਂ ਰਹੇ ਹਨ। ਪਿਛਲੇ ਪੰਦਰਾਂ ਸਾਲਾਂ ਵਿੱਚ ਸ਼ੇਖ ਹਸੀਨਾ ਨਾਲ ਆਪਣੇ ਚੰਗੇ ਸਬੰਧਾਂ ਕਰ ਕੇ ਦਿੱਲੀ ਲਈ ਰਾਹ ਸੌਖਾ ਬਣਿਆ ਹੋਇਆ ਸੀ। ਸ਼ੇਖ ਹਸੀਨਾ ਦੀ ਅਵਾਮੀ ਲੀਗ ਲਗਾਤਾਰ ਤਿੰਨ ਵਾਰ ਤੋਂ ਸੱਤਾ ਵਿੱਚ ਸੀ ਅਤੇ ਇਸ ਸਾਲ ਜਨਵਰੀ ਵਿੱਚ ਹੋਈਆਂ ਚੋਣਾਂ ਵਿੱਚ ਬੀਐੱਨਪੀ ਦੇ ਬਾਈਕਾਟ ਕਾਰਨ ਇਸ ਦਾ ਰਾਹ ਹੋਰ ਵੀ ਸੌਖਾ ਹੋ ਗਿਆ ਸੀ।
ਪਿਛਲੇ ਮਹੀਨੇ ਪੰਜ ਅਗਸਤ ਨੂੰ ਮੁਲਕ ਅੰਦਰ ਹੋਈ ਵੱਡੀ ਉਥਲ-ਪੁਥਲ ਅਤੇ ਮਗਰੋਂ ਨੋਬੇਲ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਬਣੀ ਅੰਤ੍ਰਿਮ ਸਰਕਾਰ ਨੇ ਦੁਵੱਲੇ ਰਿਸ਼ਤਿਆਂ ਦੇ ਸਮੀਕਰਨ ਬਦਲ ਦਿੱਤੇ ਹਨ। ਬੀਐੱਨਪੀ ਭਾਵੇਂ ਮੌਜੂਦਾ ਅੰਤ੍ਰਿਮ ਸਰਕਾਰ ਦਾ ਹਿੱਸਾ ਨਹੀਂ ਹੈ ਪਰ ਇਸ ਗੱਲ ਦੀ ਸੰਭਾਵਨਾ ਹੈ ਕਿ ਇੱਕ ਵਾਰ ਚੋਣਾਂ ਦਾ ਐਲਾਨ ਹੋਣ ’ਤੇ ਇਹ ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰੇਗੀ ਤੇ ਇਸੇ ਤੋਂ ਭਾਰਤ ਦੀ ਇਸ ਪਾਰਟੀ ਵਿੱਚ ਦਿਲਚਸਪੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਸਕੱਤਰ ਜਨਰਲ ਮਿਰਜ਼ਾ ਫਖ਼ਰੁਲ ਇਸਲਾਮ ਆਲਮਗੀਰ ਨੇ ਸਹੀ ਕਿਹਾ ਹੈ ਕਿ ਮਾਹੌਲ ਬਦਲ ਰਿਹਾ ਹੈ, ਸਾਰੇ ਆਂਡੇ ਹਸੀਨਾ ਦੀ ਟੋਕਰੀ ਵਿੱਚ ਰੱਖ ਕੇ ਭਾਰਤ ਨੇ ਆਪਣੀ ਢਾਕਾ ਨੀਤੀ ਵਿੱਚ ਕੁਝ ਗ਼ਲਤੀਆਂ ਕੀਤੀਆਂ ਹਨ ਪਰ ਹੁਣ ਇਹ ਸੁਧਾਰ ਕਰਨਾ ਚਾਹੁੰਦਾ ਹੈ। ਇਹ ਵਿਹਾਰਕ ਪਹੁੰਚ ਜੈਸ਼ੰਕਰ ਦੇ ਬਿਆਨਾਂ ਵਿੱਚੋਂ ਵੀ ਝਲਕਦੀ ਹੈ ਕਿ ਬੰਗਲਾਦੇਸ਼ ਨਾਲ ਭਾਰਤ ਦੇ ਰਿਸ਼ਤੇ ਸਕਾਰਾਤਮਕ ਅਤੇ ਉਸਾਰੂ ਬਣੇ ਰਹਿਣਗੇ। ਅਟਲ ਬਿਹਾਰੀ ਵਾਜਪਈ ਨੇ ਕਿਹਾ ਸੀ ਕਿ ਬੰਦਾ ਆਪਣੇ ਮਿੱਤਰ ਤਾਂ ਬਦਲ ਸਕਦਾ ਹੈ ਪਰ ਗੁਆਂਢੀ ਨਹੀਂ। ਆਪਣੇ ਆਂਢ-ਗੁਆਂਢ ਵਿੱਚ ਦਿੱਲੀ ਲਈ ਇਹ ਸਾਧਾਰਨ ਜਿਹਾ ਸੱਚ ਅੱਜ ਵੀ ਓਨਾ ਹੀ ਢੁੱਕਵਾਂ ਹੈ ਅਤੇ ਦੋਹਾਂ ਮੁਲਕਾਂ ਵਿਚਕਾਰ ਤਾਲਮੇਲ ਇਸ ਸੱਚ ਵਿਚੋਂ ਗੁਜ਼ਰ ਕੇ ਹੀ ਸੰਭਵ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਦੋਵੇਂ ਗੁਆਂਢੀ ਆਪਣੇ ਰਿਸ਼ਤਿਆਂ ਨੂੰ ਨਵੇਂ ਮੁਕਾਮ ’ਤੇ ਲਿਜਾਣ ਲਈ ਅਹੁਲਣਗੇ।