ਕਾਂਗਰਸ ਨੇ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਹੈ ਪਰ ਪਾਰਟੀ ਵਿਚ ਅੰਦਰੂਨੀ ਟੁੱਟ-ਭੱਜ ਜਾਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਕਾਂਗਰਸ ਦੇ ਪ੍ਰਮੁੱਖ ਆਗੂ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ; ਜੰਮੂ ਕਸ਼ਮੀਰ ਵਿਚ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਤੋਂ ਨਾਤਾ ਤੋੜਿਆ ਅਤੇ ਬੁੱਧਵਾਰ ਗੋਆ ਵਿਚ ਪਾਰਟੀ ਦੇ 11 ਵਿਚੋਂ ਅੱਠ ਵਿਧਾਇਕ ਭਾਜਪਾ ਵਿਚ ਸ਼ਾਮਿਲ ਹੋ ਗਏ; ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ, ਵਿਧਾਨ ਸਭਾ ਵਿਚ ਪਾਰਟੀ ਦੇ ਆਗੂ ਮਾਈਕਲ ਲੋਬੋ ਅਤੇ 6 ਹੋਰ ਵਿਧਾਇਕ ਸ਼ਾਮਿਲ ਹਨ। ਮਾਰਚ 2022 ਵਿਚ ਹੋਈਆਂ ਚੋਣਾਂ ਵਿਚ 40 ਸੀਟਾਂ ਵਾਲੀ ਵਿਧਾਨ ਸਭਾ ਵਿਚ ਭਾਜਪਾ ਨੂੰ 20 ਸੀਟਾਂ ਮਿਲੀਆਂ ਸਨ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਪੰਜ; ਕਾਂਗਰਸ ਨੂੰ 11 ਅਤੇ ਉਸ ਦੀ ਸਹਿਯੋਗੀ ਗੋਆ ਫਾਰਵਰਡ ਪਾਰਟੀ ਨੂੰ ਇਕ ਸੀਟ ਮਿਲੀ ਸੀ; ਆਮ ਆਦਮੀ ਪਾਰਟੀ ਨੂੰ ਦੋ ਹਲਕਿਆਂ ਅਤੇ ਰੈਵੋਲੂਸ਼ਨਰੀ ਗੋਅਨਜ਼ ਪਾਰਟੀ ਨੂੰ ਇਕ ਹਲਕੇ ਤੋਂ ਜਿੱਤ ਪ੍ਰਾਪਤ ਹੋਈ ਸੀ। ਗੋਆ ਕਾਂਗਰਸ ਵਿਚ ਹਲਚਲ ਜੁਲਾਈ 2022 ਤੋਂ ਹੀ ਮਹਿਸੂਸ ਕੀਤੀ ਜਾ ਰਹੀ ਸੀ। ਕਾਂਗਰਸ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਕਾਮਤ ਤੇ ਲੋਬੋ ਦੀ ਵਿਧਾਨ ਸਭਾ ’ਚੋਂ ਮੈਂਬਰਸ਼ਿਪ ਰੱਦ ਕਰਨ ਲਈ ਕਿਹਾ ਸੀ।
ਸਾਲ ਦੇ ਸ਼ੁਰੂ ’ਚ ਕਾਂਗਰਸ ਦੇ ਵਿਧਾਨ ਸਭਾ ਉਮੀਦਵਾਰਾਂ ਨੇ ਮੰਦਰ ਤੇ ਗਿਰਜੇ ਵਿਚ ਜਾ ਕੇ ਪਾਰਟੀ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ ਸੀ। ਇਸ ਸਬੰਧ ਵਿਚ ਹਾਸੋਹੀਣੀ ਗੱਲ ਇਹ ਹੈ ਕਿ ਦਿਗੰਬਰ ਕਾਮਤ ਨੇ ਪ੍ਰੈਸ ਨੂੰ ਦੱਸਿਆ, ‘‘ਮੈਂ ਮੰਦਿਰ ਗਿਆ ਤੇ ਭਗਵਾਨ ਨੂੰ ਪੁੱਛਿਆ ਕਿ ਮੈਂ ਕੀ ਕਰਾਂ। ਭਗਵਾਨ ਨੇ ਮੈਨੂੰ ਕਿਹਾ ਕਿ ਮੈਂ ਉਹ ਕਰਾਂ ਜੋ ਮੇਰੇ ਲਈ ਬਿਹਤਰ ਹੈ।’’ ਮਾਈਕਲ ਲੋਬੋ ਅਨੁਸਾਰ ‘‘ਉਹ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਹੱਥ ਮਜ਼ਬੂਤ ਕਰਨ ਲਈ ਪਾਰਟੀ ਵਿਚ ਸ਼ਾਮਿਲ ਹੋਏ ਹਨ।’’
ਭਾਜਪਾ ਦੇਸ਼ ਦੀ ਸਭ ਤੋਂ ਮਜ਼ਬੂਤ ਸਿਆਸੀ ਪਾਰਟੀ ਹੈ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਪਾਰਟੀ ਵਜੋਂ ਉਹ ਹੋਰ ਕਿੰਨੀ ਕੁ ਤਾਕਤਵਰ ਹੋਣਾ ਚਾਹੁੰਦੀ ਹੈ। ਇਹ ਪਹਿਲਾਂ ਵਿਚਾਰਧਾਰਕ ਆਧਾਰ ਵਾਲੀ ਤੇ ਵੱਖਰੀ ਤਰ੍ਹਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੁੰਦੀ ਸੀ ਪਰ ਹੁਣ ਅਜਿਹੇ ਵਿਚਾਰ ਸੁਣਨ ਨੂੰ ਨਹੀਂ ਮਿਲਦੇ। ਪਾਰਟੀ ਨੇ ਕਾਂਗਰਸ ਦੇ ਅਨੇਕ ਆਗੂਆਂ ਨੂੰ ਆਪਣੇ ਨਾਲ ਜੋੜ ਕੇ ਉਨ੍ਹਾਂ ਨੂੰ ਉੱਚੇ ਅਹੁਦੇ ਦਿੱਤੇ ਹਨ; ਅਜਿਹੇ ਆਗੂ ਸੂਬਿਆਂ ਦੇ ਮੁੱਖ ਮੰਤਰੀ, ਕੇਂਦਰੀ ਕੈਬਨਿਟ ਮੰਤਰੀ ਅਤੇ ਰਾਜਾਂ ਵਿਚ ਮੰਤਰੀ ਬਣੇ ਹਨ। ਵਿਰੋਧੀ ਪਾਰਟੀਆਂ ਜਿਨ੍ਹਾਂ ਵਿਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ ਆਦਿ ਸ਼ਾਮਿਲ ਹਨ, ਦੋਸ਼ ਲਗਾਉਂਦੀਆਂ ਰਹੀਆਂ ਹਨ ਕਿ ਭਾਜਪਾ ਧਨ ਤੇ ਸੱਤਾ ਦਾ ਲਾਲਚ ਦੇ ਕੇ ਉਨ੍ਹਾਂ ਦੇ ਵਿਧਾਇਕ ਤੋੜ ਜਾਂ ਤੋੜਨ ਦਾ ਯਤਨ ਕਰ ਰਹੀ ਹੈ। ਭਾਜਪਾ ਦੀਆਂ ਅਜਿਹੀਆਂ ਗਤੀਵਿਧੀਆਂ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਕਈ ਹੋਰ ਸੂਬਿਆਂ ਵਿਚ ਸਫ਼ਲ ਵੀ ਹੋਈਆਂ ਹਨ। ਇਸ ਸਮੇਂ ਦੇਸ਼ ਦੀ ਸਿਆਸਤ ਦਾ ਪ੍ਰਮੁੱਖ ਸਵਾਲ ਇਹ ਹੈ ਕਿ ਕੀ ਭਾਜਪਾ ਜਮਹੂਰੀਅਤ ਵਿਚ ਵਿਰੋਧੀ ਪਾਰਟੀਆਂ ਦੀ ਹੋਂਦ ਦੇ ਮਹੱਤਵ ਨੂੰ ਸਵੀਕਾਰ ਕਰਦੀ ਹੈ ਜਾਂ ਨਹੀਂ। ਵੱਖ ਵੱਖ ਸੂਬਿਆਂ ਵਿਚ ਏਨੀ ਵੱਡੀ ਪੱਧਰ ’ਤੇ ਵਿਧਾਇਕ ਤੋੜਨਾ ਲੋਕਾਂ ਦੁਆਰਾ ਦਿੱਤੇ ਗਏ ਜਮਹੂਰੀ ਫ਼ੈਸਲਿਆਂ ਦੀ ਅਵੱਗਿਆ ਹੈ। ਗੋਆ ਵਿਚ ਹੋਈ ਦਲਬਦਲੀ ਕਾਂਗਰਸ ਦੇ ਆਗੂਆਂ ਦੀ ਸਿਆਸੀ ਨੈਤਿਕਤਾ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਕਾਂਗਰਸ ਦੇ ਗੋਆ ਦੇ ਇੰਚਾਰਜ ਦਿਨੇਸ਼ ਗੁੰਡੂ ਰਾਓ ਅਨੁਸਾਰ ਇਹ ਤਾਕਤ ਅਤੇ ਧਨ ਦੇ ਬਲ ’ਤੇ ਕੀਤੀ ਗਈ ਸ਼ਰਮਨਾਕ ਕਾਰਵਾਈ ਹੈ। ਕਾਂਗਰਸ ਭਾਜਪਾ ਨੂੰ ਕਸੂਰਵਾਰ ਤਾਂ ਠਹਿਰਾ ਸਕਦੀ ਹੈ ਪਰ ਪਾਰਟੀ ਨੂੰ ਆਪਣੀ ਕਾਰਜਸ਼ੈਲੀ ’ਤੇ ਧਿਆਨ ਦੇਣ ਵੀ ਜ਼ਰੂਰਤ ਹੈ। ਦੋ ਵਰ੍ਹਿਆਂ ਤੋਂ ਪਾਰਟੀ ਦੀ ਅਗਵਾਈ ਕਰਨ ਲਈ ਕੁਲਵਕਤੀ ਪ੍ਰਧਾਨ ਨਹੀਂ ਹੈ। ਰਾਹੁਲ ਗਾਂਧੀ ਪ੍ਰਧਾਨ ਨਹੀਂ ਹੈ ਪਰ ਪਾਰਟੀ ਉਸ ਦੇ ਨਿਰਦੇਸ਼ਾਂ ਅਨੁਸਾਰ ਚੱਲਦੀ ਦਿਖਾਈ ਦੇ ਰਹੀ ਹੈ। ਦੇਸ਼ ਵਿਚ ਸਿਆਸੀ ਚੇਤਨਾ ਜਗਾਉਣ ਲਈ ਯਾਤਰਾ ਕਰਨੀ ਉੱਦਮ ਵਾਲਾ ਕੰਮ ਹੈ ਪਰ ਆਗੂ ਨੂੰ ਪਾਰਟੀ ਦੀ ਜਥੇਬੰਦਕ ਤਾਕਤ ਤੇ ਸੂਬਾਈ ਇਕਾਈਆਂ ਨੂੰ ਮਜ਼ਬੂਤ ਕਰਨ ਪ੍ਰਤੀ ਵੀ ਜਵਾਬਦੇਹ ਹੋਣਾ ਚਾਹੀਦਾ ਹੈ। ‘ਭਾਰਤ ਜੋੜੋ ਯਾਤਰਾ’ ਦੇ ਸਮੇਂ ਭਾਜਪਾ ਕਾਂਗਰਸ ਨੂੰ ਹੋਰ ਸੂਬਿਆਂ ਵਿਚ ਵੀ ਕਮਜ਼ੋਰ ਕਰਨ ਦਾ ਯਤਨ ਕਰੇਗੀ। ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਕਾਂਗਰਸ ਨੂੰ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਨੂੰ ਬਹਾਲ ਕਰਨ ਲਈ ਤੇਜ਼ੀ ਨਾਲ ਕਦਮ ਚੁੱਕਣੇ ਚਾਹੀਦੇ ਹਨ।