ਮਹਾਤਮਾ ਗਾਂਧੀ ਦਾ ਪਿਆਰਾ ਭਜਨ ‘ਰਘੂਪਤੀ ਰਾਘਵ ਰਾਜਾ ਰਾਮ, ਪਤਿਤ ਪਾਵਨ ਸੀਤਾ ਰਾਮ…’ ਅਯੁੱਧਿਆ ਦੇ ਰਾਮ ਮੰਦਰ ਕੰਪਲੈਕਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਏ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੌਰਾਨ ਗੂੰਜ ਉਠਿਆ। ਪ੍ਰਧਾਨ ਮੰਤਰੀ ਨੇ ਰਾਮ ਲੱਲਾ ਦੀ ਮੂਰਤੀ ਦੀ ਹੋਈ ਪ੍ਰਾਣ ਪ੍ਰਤਿਸ਼ਠਾ ਨੂੰ ਲਾਸਾਨੀ ਅਤੇ ਇਤਿਹਾਸਕ ਪਲ ਕਰਾਰ ਦਿੱਤਾ ਜੋ ਭਾਰਤੀ ਵਿਰਾਸਤ ਅਤੇ ਸੱਭਿਆਚਾਰ ਨੂੰ ਅਮੀਰ ਤੇ ਖ਼ੁਸ਼ਹਾਲ ਬਣਾਵੇਗਾ ਅਤੇ ਦੇਸ਼ ਦੇ ਵਿਕਾਸ ਦੇ ਸਫ਼ਰ ਨੂੰ ਨਵੀਆਂ ਬੁਲੰਦੀਆਂ ਉਤੇ ਲੈ ਜਾਵੇਗਾ। ਸੱਚਮੁੱਚ ਇਹ ਸਾਰੇ ਦੇਸ਼ ਦੀ ਜ਼ੋਰਦਾਰ ਆਸ ਹੈ ਕਿ ਇਹ ਯਾਦਗਾਰੀ ਮੌਕਾ ਅਮਨ ਅਤੇ ਫ਼ਿਰਕੂ ਸਦਭਾਵਨਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।
ਗਾਂਧੀ ਨੇ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ ਜਿਥੇ ਨਾਬਰਾਬਰੀ, ਨਾਇਨਸਾਫ਼ੀ ਅਤੇ ਅਸਹਿਣਸ਼ੀਲਤਾ ਲਈ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਰਾਮ ਰਾਜ ਨੂੰ ‘ਹਿੰਦੂ ਰਾਜ’ ਵਜੋਂ ਨਹੀਂ ਸਗੋਂ ਧਰਤੀ ਉਤੇ ਰੱਬੀ ਰਾਜ ਵਜੋਂ ਦੇਖਿਆ ਸੀ ਜਿਥੇ ਕਿਸੇ ਰਾਜਕੁਮਾਰ ਤੇ ਕੰਗਾਲ ਨੂੰ ਬਰਾਬਰ ਹੱਕ ਹਾਸਲ ਹੋਣਗੇ; ਇਥੋਂ ਤੱਕ ਕਿ ਸਭ ਤੋਂ ਹੇਠਲੀ ਪੌੜੀ ਉਤੇ ਬੈਠੇ ਨਾਗਰਿਕਾਂ ਲਈ ਵੀ ‘ਬਿਨਾਂ ਕਿਸੇ ਘੁੰਮਣਘੇਰੀ ਵਾਲੀ ਅਤੇ ਮਹਿੰਗੀ ਪ੍ਰਕਿਰਿਆ ਦੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਇਆ ਜਾ ਸਕੇਗਾ’। ਉਨ੍ਹਾਂ ਲਈ ਰਾਮ ਅਤੇ ਰਹੀਮ ਬਰਾਬਰ ਦੇਵਤੇ ਤੇ ਰੱਬੀ ਸਰੂਪ ਸਨ। ਮਹਾਤਮਾ ਗਾਂਧੀ ਕਹਿੰਦੇ ਸਨ: “ਮੇਰਾ ਹਿੰਦੂ ਧਰਮ ਮੈਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ।”
ਭਗਵਾਨ ਰਾਮ ਦੇ ਸੱਚ, ਸਤਿਕਾਰ ਅਤੇ ਧਾਰਮਿਕਤਾ ਦੇ ਆਦਰਸ਼ ਅਜੋਕੇ ਲੜਾਈਆਂ-ਟਕਰਾਵਾਂ ਵਾਲੇ ਦੌਰ ਵਿਚ ਹੋਰ ਵੀ ਵੱਧ ਪ੍ਰਸੰਗਿਕ ਹਨ। ਭਾਰਤ ਨੂੰ ਗਾਂਧੀ ਦੇ ਸੁਫ਼ਨਿਆਂ ਦੇ ਰਾਮ ਰਾਜ ਨੂੰ ਹਕੀਕਤ ਵਿਚ ਬਦਲਣ ਲਈ ਅਜੇ ਲੰਮਾ ਪੈਂਡਾ ਤੈਅ ਕਰਨਾ ਪਵੇਗਾ; ਅਜਿਹਾ ਮੁਲਕ ਜਿਹੜਾ ਆਪਣੇ ਆਪ ਨੂੰ ਆਲਮੀ ਆਗੂ ਜਾਂ ਵਿਸ਼ਵ ਗੁਰੂ ਵਜੋਂ ਪੇਸ਼ ਕਰਦਾ ਹੈ ਅਤੇ ਨਾਲ ਹੀ ਇਸ ਦਹਾਕੇ ਦੇ ਅਖ਼ੀਰ ਤੱਕ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨਾ ਲੋਚਦਾ ਹੈ, ਉਸ ਲਈ ਵੱਖੋ-ਵੱਖ ਭਾਈਚਾਰਿਆਂ ਦੀ ਖ਼ੁਸ਼ਹਾਲ ਸਹਿਹੋਂਦ ਲਾਜ਼ਮੀ ਹੈ। ਭਾਰਤ ਲਈ ਜ਼ਰੂਰੀ ਹੈ ਕਿ ਉਹ ਨਫ਼ਰਤ ਅਤੇ ਕੱਟੜਤਾ ਨੂੰ ਆਪਣੇ ਬਹੁ-ਪੱਖੀ ਵਿਕਾਸ ਵਿਚ ਅੜਿੱਕਾ ਨਾ ਬਣਨ ਦੇਵੇ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਯੁੱਧਿਆ ਵਿਚਲੀ ਘਟਨਾ ਨੂੰ ਰਾਸ਼ਟਰ ਦੇ ਪੁਨਰ-ਉੱਥਾਨ/ਮੁੜ-ਉਭਾਰ ਦੇ ਨਵੇਂ ਚੱਕਰ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਇਹ ਯਕੀਨੀ ਬਣਾਉਣਾ ਹਰੇਕ ਭਾਰਤ ਵਾਸੀ ਦੀ ਜ਼ਿੰਮੇਵਾਰੀ ਹੈ ਕਿ ਇਹ ਆਸ਼ਾਵਾਦ ਗ਼ਲਤ ਨਾ ਨਿਕਲੇ। ਜਿਵੇਂ ਇਹ ਪਵਿੱਤਰ ਸਥਾਪਨਾ ਸਮਾਰੋਹ ਦੇਸ਼ ਦੇ ਗਣਤੰਤਰ ਦਿਵਸ ਅਤੇ ਗਾਂਧੀ ਦੀ ਬਰਸੀ ਤੋਂ ਪਹਿਲਾਂ ਕੀਤਾ ਗਿਆ ਹੈ ਤਾਂ ਇਸ ਨੂੰ ਸਾਨੂੰ ਭਾਰਤ ਦੀ ਏਕਤਾ, ਵੰਨ-ਸਵੰਨਤਾ ਅਤੇ ਆਪਸੀ ਪਿਆਰ ਭਾਵਨਾ ਦੀ ਰਾਖੀ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਹੈ। ਭਾਰਤ ਵਰਗੇ ਵਿਸ਼ਾਲ, ਵੱਖ ਵੱਖ ਸੱਭਿਆਚਾਰਾਂ ਅਤੇ ਰਹਿਤਲਾਂ ਵਾਲੇ ਮੁਲਕ ਵਿਚ ਵੰਨ-ਸਵੰਨਤਾ ਦੀ ਰਾਖੀ ਹੀ ਇਕੋ-ਇਕ ਅਜਿਹੀ ਲੀਹ ਹੈ ਜਿਸ ਉਤੇ ਪੈ ਕੇ ਸਾਬਤ ਕਦਮੀਂ ਅਗਾਂਹ ਵਧਿਆ ਜਾ ਸਕਦਾ ਹੈ। ਇਸ ਲਈ ਕਿਸੇ ਵੀ ਕਿਸਮ ਦੀ ਕੱਟੜਤਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਤਿਹਾਸ ’ਤੇ ਝਾਤੀ ਮਾਰਿਆਂ ਪਤਾ ਲਗਦਾ ਹੈ ਕਿ ਪਹਿਲਾਂ ਵੀ ਕਈ ਮਰਹੱਲੇ ਅਜਿਹੇ ਆਏ ਹਨ ਜਦੋਂ ਮੁਲਕ ਉਨ੍ਹਾਂ ਔਖੇ ਵੇਲਿਆਂ ਵਿਚ ਵੀ ਪੂਰੀ ਦ੍ਰਿੜਤਾ ਨਾਲ ਅਗਲੇ ਪੈਂਡੇ ਗਾਹੁਣ ਲਈ ਤਿਆਰ ਹੋਇਆ ਹੈ।