ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਚ 22 ਤੋਂ 26 ਮਈ ਤੱਕ ਹੋ ਰਹੀ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਦੇ ਦੌਰਾਨ ਔਕਸਫੈਮ ਵੱਲੋਂ ਜਾਰੀ ਰਿਪੋਰਟ ਗ਼ੌਰ ਕਰਨ ਵਾਲੀ ਹੈ। ਫੋਰਮ ਵਿਚ ਦੁਨੀਆ ਦੇ ਤਾਕਤਵਰ ਸਿਆਸਤਦਾਨ, ਅਰਬਪਤੀ, ਵਪਾਰੀ ਤੇ ਸਨਅਤਕਾਰ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀ ਇਕੱਠੇ ਹੁੰਦੇ ਹਨ। ਦਰਦ ਤੋਂ ਮੁਨਾਫ਼ਾ (Profitting from Pain) ਨਾਮ ਦੀ ਇਸ ਰਿਪੋਰਟ ਵਿਚ ਔਕਸਫੈਮ ਦਾ ਕਹਿਣਾ ਹੈ ਕਿ ਕੋਵਿਡ ਦੌਰਾਨ ਹਰ 33 ਘੰਟਿਆਂ ਵਿਚ 10 ਲੱਖ ਲੋਕ ਅਤਿ ਦੀ ਗ਼ਰੀਬੀ ਵੱਲ ਧੱਕੇ ਜਾ ਰਹੇ ਸਨ ਪਰ ਹਰ 30 ਘੰਟਿਆਂ ਵਿਚ ਇਕ ਅਮੀਰ ਅਰਬਪਤੀ ਬਣ ਜਾਂਦਾ ਰਿਹਾ। ਇਸ ਦੌਰਾਨ ਦੁਨੀਆਂ ਵਿਚ 573 ਨਵੇਂ ਅਰਬਪਤੀ ਬਣੇ ਕਿਉਂਕਿ ਮੁਨਾਫ਼ੇ ਦੀ ਰਫ਼ਤਾਰ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਵਧੀ। 2000 ਵਿਚ ਦੁਨੀਆ ਦੇ ਅਰਬਪਤੀਆਂ ਦੀ ਦੌਲਤ ਸੰਸਾਰ ਦੀ ਕੁੱਲ ਘਰੇਲੂ ਪੈਦਾਵਾਰ ਦਾ 4.4 ਫ਼ੀਸਦੀ ਸੀ ਜੋ ਕੋਵਿਡ ਤੋਂ ਬਾਅਦ ਤਿੰਨ ਗੁਣਾ ਵਧ ਕੇ 13.9 ਫ਼ੀਸਦੀ ਤੱਕ ਪਹੁੰਚ ਗਈ ਹੈ। ਕੋਵਿਡ ਦੌਰਾਨ ਹੀ 40 ਨਵੀਆਂ ਕੰਪਨੀਆਂ ਅਰਬਪਤੀ ਬਣੀਆਂ ਅਤੇ ਖ਼ੁਰਾਕ ਤੇ ਊਰਜਾ ਦੇ ਖੇਤਰ ਵਿਚ ਅਰਬਪਤੀਆਂ ਦੀ ਦੌਲਤ ਹਰ ਦੋ ਦਿਨਾਂ ਵਿਚ ਇਕ ਅਰਬ ਡਾਲਰ ਦੇ ਹਿਸਾਬ ਨਾਲ ਵਧਦੀ ਰਹੀ।
ਰਿਪੋਰਟ ਵਿਚ ਅਨੁਮਾਨ ਲਗਾਇਆ ਗਿਆ ਹੈ ਕਿ 2022 ਵਿਚ 26.30 ਕਰੋੜ ਲੋਕ ਅਤਿ ਦੀ ਗ਼ਰੀਬੀ ਵਿਚ ਧੱਕੇ ਜਾਣਗੇ। ਆਰਥਿਕ ਅਸਾਵਾਂਪਣ ਏਨਾ ਜ਼ਿਆਦਾ ਹੈ ਕਿ ਉੱਪਰਲੇ ਇਕ ਫ਼ੀਸਦੀ ਅਮੀਰ ਵਰਗ ਵਿਚ ਸ਼ਾਮਿਲ ਇਕ ਵਿਅਕਤੀ ਜਿੰਨਾ ਪੈਸਾ ਕਮਾਉਂਦਾ ਹੈ, ਦੁਨੀਆ ਦੀ ਹੇਠਲੀ ਪੰਜਾਹ ਫ਼ੀਸਦੀ ਆਬਾਦੀ ਵਿਚ ਰਹਿਣ ਵਾਲੇ ਵਿਅਕਤੀ ਨੂੰ ਉਸ ਦੇ ਬਰਾਬਰ ਪੈਸਾ ਕਮਾਉਣ ਵਾਸਤੇ 112 ਸਾਲ ਲੱਗਣਗੇ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਕਿਰਤੀ ਜਾਨ ਮਾਰ ਕੇ ਮਿਹਨਤ ਕਰਨ ਦੇ ਬਾਵਜੂਦ ਲੋੜਾਂ ਪੂਰੀਆਂ ਕਰਨ ਦੀ ਹਾਲਤ ਵਿਚ ਨਹੀਂ ਪਹੁੰਚਦੇ। ਪਬਲਿਕ-ਪ੍ਰਾਈਵੇਟ ਹਿੱਸੇਦਾਰੀ ਵਾਲੀਆਂ ਯੋਜਨਾਵਾਂ ਨੇ ਹੋਰ ਕਹਿਰ ਢਾਹਿਆ ਹੈ ਅਤੇ ਜ਼ਰੂਰੀ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਪਿਛਲੇ ਦਹਾਕਿਆਂ ਨਾਲੋਂ ਤੇਜ਼ੀ ਨਾਲ ਵਧ ਰਹੀਆਂ ਹਨ।
ਔਕਸਫੈਮ ਦੀਆਂ ਰਿਪੋਰਟਾਂ ਵਿਚ ਦੁਨੀਆ ਦੇ ਸਭ ਤੋਂ ਵੱਧ ਦੌਲਤਮੰਦਾਂ ਉੱਤੇ ਵਿਸ਼ੇਸ਼ ਟੈਕਸ ਲਗਾ ਕੇ ਮੰਗ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਰਹੀ ਹੈ। ਧਨ ਦੇ ਇਕੱਤਰੀਕਰਨ ਨਾਲ ਬਹੁਗਿਣਤੀ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਅਸੰਭਵ ਹੋ ਰਹੀ ਹੈ। ਦੁਨੀਆ ਵਿਚ ਗ਼ਰੀਬੀ-ਅਮੀਰੀ ਦਰਮਿਆਨ ਵਧ ਰਿਹਾ ਪਾੜਾ ਅਹਿਮ ਸਿਆਸੀ ਚੁਣੌਤੀ ਹੈ। ਸੰਸਾਰ ਆਰਥਿਕ ਫੋਰਮ ਦੀ ਮੀਟਿੰਗ ਦੇ ਬਾਹਰ ਦਿਲਚਸਪ ਘਟਨਾ ਵੀ ਵਾਪਰੀ, ਜਦੋਂ ਕਰੋੜਪਤੀਆਂ ਦੇ ਇਕ ਗਰੁੱਪ ਨੇ ਆਪਣੇ ਧਨ ਉੱਤੇ ਟੈਕਸ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਆਪਣੇ ਆਪ ਨੂੰ ਕਰੋੜਪਤੀ ਦੇਸ਼ ਭਗਤ ਦਾ ਨਾਮ ਦਿੱਤਾ ਹੈ। ਕਾਰਪੋਰੇਟ ਵਿਕਾਸ ਦੇ ਤਰੀਕੇ ਨੂੰ ਕਈ ਪਾਸਿਉਂ ਚੁਣੌਤੀਆਂ ਮਿਲ ਰਹੀਆਂ ਹਨ ਕਿਉਂਕਿ ਵਾਤਾਵਰਨ ਖਰਾਬੀ ਅਤੇ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਵਾਲਿਆਂ ਦੀ ਵਧ ਰਹੀ ਗਿਣਤੀ ਦੇ ਮਸਲੇ ਦਾ ਹੱਲ ਨੀਤੀਗਤ ਤਬਦੀਲੀ ਤੋਂ ਬਿਨਾਂ ਸੰਭਵ ਨਹੀਂ ਹੈ। ਸਰਕਾਰਾਂ ਨੂੰ ਇਸ ਰਿਪੋਰਟ ਵੱਲ ਧਿਆਨ ਦਿੰਦੇ ਹੋਏ ਸਮਾਜਿਕ ਸੁਰੱਖਿਆ ਨੈਟਵਰਕ ਸਥਾਪਿਤ ਕਰਨ ਵੱਲ ਵਧਣਾ ਚਾਹੀਦਾ ਹੈ।