ਸ੍ਰੀਲੰਕਾ ਵਿਚ ਲੋਕਾਂ ਦਾ ਰੋਹ ਹੱਦਾਂ ਬੰਨੇ ਤੋੜ ਕੇ ਸਾਹਮਣੇ ਆਇਆ ਹੈ। ਸ਼ਨਿਚਰਵਾਰ ਰਾਜਧਾਨੀ ਕੋਲੰਬੋ ਵਿਚ ਮੁਜ਼ਾਹਰਾ ਕਰ ਰਹੇ ਲੋਕ ਪੁਲੀਸ ਦੇ ਲਗਾਏ ਬੈਰੀਕੇਡ ਤੋੜ ਕੇ ਰਾਸ਼ਟਰਪਤੀ ਨਿਵਾਸ ਵਿਚ ਦਾਖ਼ਲ ਹੋ ਗਏ। ਫ਼ੌਜ ਅਤੇ ਪੁਲੀਸ ਦੇ ਤਾਇਨਾਤ ਕੀਤੇ ਦਸਤੇ ਬੇਵੱਸ ਹੋ ਕੇ ਰਹਿ ਗਏ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਨੇ ਰਾਸ਼ਟਰਪਤੀ ਭਵਨ ਛੱਡ ਕੇ ਸ੍ਰੀਲੰਕਾ ਦੀ ਜਲ ਸੈਨਾ ਦੇ ਜਹਾਜ਼ ਵਿਚ ਸ਼ਰਨ ਲਈ ਹੈ। ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਵੀ ਸੁਰੱਖਿਅਤ ਥਾਂ ’ਤੇ ਰੱਖਿਆ ਗਿਆ ਹੈ। ਹਜ਼ਾਰਾਂ ਲੋਕਾਂ ਨੇ ਇਸ ਮੁਜ਼ਾਹਰੇ ਵਿਚ ਹਿੱਸਾ ਲਿਆ ਅਤੇ ਪੁਲੀਸ ਤੇ ਫ਼ੌਜ ਦੇ ਕਰਮਚਾਰੀਆਂ ਸਮੇਤ 35 ਤੋਂ ਵੱਧ ਲੋਕ ਝੜਪਾਂ ਵਿਚ ਜ਼ਖ਼ਮੀ ਹੋਏ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ।
ਸ੍ਰੀਲੰਕਾ ਕਈ ਮਹੀਨਿਆਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਭੋਜਨ, ਡੀਜ਼ਲ, ਪੈਟਰੋਲ, ਦਵਾਈਆਂ ਆਦਿ ਦੀ ਵੱਡੀ ਥੁੜ੍ਹ ਹੈ। ਮਹਿੰਗਾਈ ਸਿਖ਼ਰ ’ਤੇ ਹੈ। ਵਿਦੇਸ਼ੀ ਕਰੰਸੀ ਦੇ ਭੰਡਾਰ ਖਾਲੀ ਹੋ ਚੁੱਕੇ ਹਨ ਅਤੇ ਦੇਸ਼ ਦੀਵਾਲੀਆ ਹੋਣ ਦੇ ਕੰਢੇ ਹੈ। ਸ੍ਰੀਲੰਕਾ ’ਤੇ ਇਕੱਲੇ ਚੀਨ ਦਾ 3.5 ਬਿਲੀਅਨ ਡਾਲਰ ਦਾ ਕਰਜ਼ਾ ਹੈ ਜਦੋਂਕਿ ਵਿਸ਼ਵ ਪੱਧਰ ’ਤੇ ਪੈਸਾ ਲਾਉਣ ਵਾਲੇ ਫੰਡਾਂ ਦਾ ਕਰਜ਼ਾ ਕਈ ਗੁਣਾ ਵੱਧ ਹੈ; ਅਜਿਹੇ ਫੰਡਾਂ ਦੇ ਪ੍ਰਬੰਧਕਾਂ ਨੇ ਹੋਰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀਲੰਕਾ ਦਾ ਅਰਥਚਾਰਾ ਚੀਨ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਕਰਜ਼ਾ ਦੇਣ ਵਾਲੇ ਵੱਡੇ ਅਦਾਰਿਆਂ ਦਾ ਕਹਿਣਾ ਹੈ ਕਿ ਉਹ ਤਦ ਤਕ ਹੋਰ ਕਰਜ਼ਾ ਨਹੀਂ ਦੇਣਗੇ ਜਦੋਂ ਤਕ ਚੀਨ ਉਨ੍ਹਾਂ ਕਰਜ਼ਿਆਂ ਦੀ ਵਾਪਸੀ ਦੀ ਗਾਰੰਟੀ ਨਹੀਂ ਦਿੰਦਾ। ਵਿੱਤੀ ਮਾਹਿਰਾਂ ਅਨੁਸਾਰ ਸ੍ਰੀਲੰਕਾ ਕੋਲ ਕੌਮਾਂਤਰੀ ਮੁਦਰਾ ਕੋਸ਼ (International Monetary Fund-ਆਈਐੱਮਐੱਫ) ਨਾਲ ਸਮਝੌਤਾ ਕਰਨ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਹੈ ਪਰ ਦੇਸ਼ ਦੀ ਸਿਆਸੀ ਅਸਥਿਰਤਾ ਕਾਰਨ ਅਜਿਹਾ ਸਮਝੌਤਾ ਕਰਨਾ ਵੀ ਮੁਸ਼ਕਿਲ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਸਰਬ ਪਾਰਟੀ ਹਕੂਮਤ ਬਣਨ ਦੀ ਕਵਾਇਦ ਜਾਰੀ ਹੈ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਵੀ 13 ਜੁਲਾਈ ਨੂੰ ਅਸਤੀਫ਼ਾ ਦੇ ਦੇਵੇਗਾ ਅਤੇ ਸਪੀਕਰ ਮਹਿੰਦਾ ਅਬੇਯਵਰਦਨਾ ਨੂੰ ਅੰਤਰਿਮ ਰਾਸ਼ਟਰਪਤੀ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਵੱਡੇ ਭਰਾ ਮਹਿੰਦਾ ਰਾਜਪਕਸਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ; ਉਹ 2005 ਤੋਂ 2015 ਤਕ ਦੇਸ਼ ਦਾ ਰਾਸ਼ਟਰਪਤੀ ਰਿਹਾ। ਉਸ ਦਾ ਛੋਟਾ ਭਰਾ ਬਾਸਿਲ ਰਾਜਪਕਸਾ ਵਿੱਤ ਮੰਤਰੀ ਸੀ ਜਿਸ ਨੂੰ ਜੂਨ 2022 ਵਿਚ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ। ਰਾਜਪਕਸਾ ਪਰਿਵਾਰ ਕਈ ਦਹਾਕਿਆਂ ਤੋਂ ਸੱਤਾ ’ਤੇ ਕਾਬਜ਼ ਰਿਹਾ ਅਤੇ ਪਰਿਵਾਰ ’ਤੇ ਰਿਸ਼ਵਤਖ਼ੋਰੀ, ਪਰਿਵਾਰਵਾਦ ਨੂੰ ਵਧਾਉਣ ਅਤੇ ਹਿੰਸਾ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਮੌਜੂਦਾ ਸੰਕਟ ਦੇ ਤਿੰਨ ਮੁੱਖ ਕਾਰਨ ਹਨ: 2019 ਵਿਚ ਟੈਕਸਾਂ ਵਿਚ ਵੱਡੀ ਛੋਟ ਦੇਣਾ, ਕੋਵਿਡ-19 ਦੀ ਮਹਾਮਾਰੀ ਅਤੇ 2021 ਵਿਚ ਖੇਤੀਬਾੜੀ ਸਿਰਫ਼ ਜੈਵਿਕ (Organic) ਢੰਗ ਨਾਲ ਕਰਨ ਦਾ ਫ਼ੈਸਲਾ। ਖੇਤੀਬਾੜੀ ਖੇਤਰ ਵਿਚ ਕੀਤੇ ਗਏ ਫ਼ੈਸਲੇ ਕਾਰਨ 2021 ਵਿਚ ਝੋਨੇ ਦਾ ਝਾੜ ਬਹੁਤ ਜ਼ਿਆਦਾ ਘਟਿਆ ਅਤੇ ਦੇਸ਼ ਨੂੰ ਕਰੋੜਾਂ ਰੁਪਏ ਦਾ ਅਨਾਜ ਦਰਾਮਦ ਕਰਨਾ ਪਿਆ। ਖੇਤੀਬਾੜੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਵਿਸ਼ਵ ਬੈਂਕ (World Bank) ਤੋਂ 700 ਮਿਲੀਅਨ ਡਾਲਰ ਦਾ ਕਰਜ਼ਾ ਲਿਆ ਗਿਆ ਹੈ। ਅਜਿਹੀ ਨਾਜ਼ੁਕ ਸਥਿਤੀ ਵਿਚ ਸਾਰੀਆਂ ਪਾਰਟੀਆਂ ਦੀ ਸਾਂਝੀ ਸਰਕਾਰ ਸਿਆਸੀ ਮਜਬੂਰੀ ਹੈ ਪਰ ਆਰਥਿਕ ਅਸਥਿਰਤਾ ਅਤੇ ਅਰਾਜਕਤਾ ਨਾਲ ਸਿੱਝਣਾ ਇੰਨਾ ਸੌਖਾ ਕੰਮ ਨਹੀਂ ਹੈ। ਸ੍ਰੀਲੰਕਾ ਦੀ ਸਿਆਸਤ ਕਈ ਦਹਾਕਿਆਂ ਤੋਂ ਧਾਰਮਿਕ ਕੱਟੜਤਾ ਦਾ ਸ਼ਿਕਾਰ ਰਹੀ ਹੈ। ਸਿਆਸੀ ਜਮਾਤ, ਜਿਸ ਵਿਚ ਰਾਜਪਕਸਾ ਅਤੇ ਕੁਝ ਹੋਰ ਪਰਿਵਾਰਾਂ ਦਾ ਦਬਦਬਾ ਹੈ, ਧਾਰਮਿਕ ਕੱਟੜਤਾ ਦੀ ਅੱਗ ’ਤੇ ਸਿਆਸੀ ਰੋਟੀਆਂ ਸੇਕਦੀ ਰਹੀ ਹੈ। ਹਾਲਾਤ ਸੁਧਾਰਨ ਲਈ ਕੌਮਾਂਤਰੀ ਭਾਈਚਾਰੇ ਦਾ ਦਖ਼ਲ ਜ਼ਰੂਰੀ ਹੈ। ਇਸ ਸਮੇਂ ਤਰਜੀਹ ਸਰਕਾਰ ਬਣਾਉਣ ਅਤੇ ਅਮਨ ਕਾਇਮ ਕਰਨ ਨੂੰ ਦੇਣੀ ਚਾਹੀਦੀ ਹੈ। ਸ੍ਰੀਲੰਕਾ ਦੀ ਸੈਨਾ ਦੇ ਮੁਖੀ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਰਕਾਰ ਬਣਾਉਣਾ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਦੀ ਅਣਹੋਂਦ ਵਿਚ ਆਮ ਨਾਗਰਿਕਾਂ ਕੋਲ ਕੋਈ ਹੱਕ ਨਹੀਂ ਬਚਦੇ; ਉਨ੍ਹਾਂ ਨੂੰ ਹੱਕ-ਵਿਹੂਣੀ ਅਲਪ ਜ਼ਿੰਦਗੀ (bare life) ਵੱਲ ਧੱਕਿਆ ਜਾਂਦਾ ਹੈ ਅਤੇ ਲੁਟੇਰੇ ਹਾਵੀ ਹੋ ਜਾਂਦੇ ਹਨ। ਕੌਮਾਂਤਰੀ ਸਹਾਇਤਾ ਪਹੁੰਚਾਉਣ ਲਈ ਵੀ ਅੰਤਰਿਮ ਸਰਕਾਰ ਬਣਾਉਣਾ ਜ਼ਰੂਰੀ ਹੈ।