ਰਾਹੁਲ ਬੇਦੀ*
ਸ਼੍ਰੀ ਹਰਿਮੰਦਰ ਸਾਹਿਬ ਵਿੱਚ ਅੱਜ ਤੋਂ 40 ਸਾਲ ਪਹਿਲਾਂ ਜਿਸ ਕਾਹਲ ਅਤੇ ਕੱਚਘਰੜ ਢੰਗ ਨਾਲ ਅਪਰੇਸ਼ਨ ਬਲਿਊ ਸਟਾਰ ਤਹਿਤ ਫ਼ੌਜੀ ਕਾਰਵਾਈ ਕੀਤੀ ਗਈ ਉਸ ਤੋਂ ਪਤਾ ਲੱਗਦਾ ਹੈ ਕਿ ਫ਼ੌਜ ਖਾੜਕੂਆਂ ਦੀ ਹਥਿਆਰਬੰਦ ਅਤੇ ਰਣਨੀਤਕ ਸਮਰੱਥਾ ਦਾ ਅੰਦਾਜ਼ਾ ਹੀ ਨਹੀਂ ਲਾ ਸਕੀ। ਇਸ ਸਾਰੀ ਸਥਿਤੀ ਦਾ ਸਿੱਟਾ ਇਹ ਨਿਕਲਿਆ ਕਿ ਫ਼ੌਜੀ ਕਾਰਵਾਈ ਸਿਰੇ ਚਾੜ੍ਹਨ ਲਈ ਅੰਤ ਵਿੱਚ ਵਿਜਯੰਤਾ ਟੈਂਕ ਲਿਆਉਣੇ ਪਏ ਅਤੇ ਇਸ ਕਾਰਵਾਈ ਵਿੱਚ ਸੈਂਕੜੇ ਜਾਨਾਂ ਚਲੀਆਂ ਗਈਆਂ। ਇਨ੍ਹਾਂ ਚਾਰ ਦਹਾਕਿਆਂ ਵਿੱਚ ਹੁਣ ਤੱਕ ਦੋ ਪੀੜ੍ਹੀਆਂ ਪ੍ਰਵਾਨ ਚੜ੍ਹ ਚੁੱਕੀਆਂ ਹਨ।
ਇਸ ਅਪਰੇਸ਼ਨ ਦੇ ਸੁਰੱਖਿਆ, ਰਾਜਨੀਤੀ ਅਤੇ ਵਿਦੇਸ਼ ਨੀਤੀ ’ਤੇ ਪਏ ਪ੍ਰਭਾਵ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਕੀਤੀਆਂ ਗਈਆਂ ਇਸ ਤਰ੍ਹਾਂ ਦੀਆਂ ਅੰਦਰੂਨੀ ਸੁਰੱਖਿਆ ਦੀਆਂ ਸਾਰੀਆਂ ਕਾਰਵਾਈਆਂ ਨਾਲੋਂ ਸ਼ਾਇਦ ਸਭ ਤੋਂ ਵੱਧ ਪ੍ਰਚੰਡ ਹਨ ਅਤੇ ਇਨ੍ਹਾਂ ’ਚੋਂ ਕੁਝ ਕੁ ਦੀ ਗੂੰਜ ਅਜੇ ਤੱਕ ਸੁਣਾਈ ਦਿੰਦੀ ਹੈ। ਇਸ ਦਾ ਸੱਜਰਾ ਪ੍ਰਗਟਾਵਾ ਕੈਨੇਡਾ ਵਿੱਚ ਇੱਕ ਸਿੱਖ ਵੱਖਵਾਦੀ ਆਗੂ ਦੀ ਹੱਤਿਆ, ਜੋ ਕਿ ਕਥਿਤ ਤੌਰ ’ਤੇ ਨਵੀਂ ਦਿੱਲੀ ਦੇ ਇਸ਼ਾਰੇ ’ਤੇ ਕਰਵਾਈ ਗਈ ਸੀ ਅਤੇ ਇਸ ਦੇ ਨਾਲ ਹੀ ਅਮਰੀਕਾ ਵਿੱਚ ਇੱਕ ਹੋਰ ਅਤਿਵਾਦੀ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਬੇਨਕਾਬ ਹੋਣ ਕਰ ਕੇ ਉਸ ਮੁਲਕ (ਕੈਨੇਡਾ) ਨਾਲ ਭਾਰਤ ਦੇ ਤਣਾਅਪੂਰਨ ਸਬੰਧਾਂ ਤੋਂ ਵੀ ਵੇਖਿਆ ਜਾ ਸਕਦਾ ਹੈ।
ਅਪਰੇਸ਼ਨ ਬਲਿਊ ਸਟਾਰ ਦਾ ਫ਼ੌਰੀ ਪ੍ਰਭਾਵ ਫ਼ੌਜ ’ਤੇ ਉਦੋਂ ਸਾਹਮਣੇ ਆਇਆ ਸੀ ਜਦੋਂ ਸ੍ਰੀਗੰਗਾਨਗਰ (ਰਾਜਸਥਾਨ) ਅਤੇ ਸਿੱਖ ਰੈਜੀਮੈਂਟਲ ਸੈਂਟਰ, ਰਾਮਗੜ੍ਹ (ਇਸ ਵੇਲੇ ਝਾਰਖੰਡ ਵਿੱਚ) ਵਿੱਚ ਫ਼ੌਜੀ ਯੂਨਿਟਾਂ ਦੇ ਸੈਂਕੜੇ ਸਿੱਖ ਫ਼ੌਜੀਆਂ ਨੇ ਬਗਾਵਤ ਕਰ ਦਿੱਤੀ। ਇਨ੍ਹਾਂ ਹਥਿਆਰਬੰਦ ਵਿਦਰੋਹੀ ਫ਼ੌਜੀਆਂ ਨੇ ਵਾਹਨਾਂ ਰਾਹੀਂ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਤਾਂ ਕਿ ਸ੍ਰੀ ਦਰਬਾਰ ਸਾਹਿਬ ਨੂੰ ਫ਼ੌਜ ਦੇ ਹਮਲੇ ਤੋਂ ਬਚਾਇਆ ਜਾ ਸਕੇ। ਜਿਵੇਂ ਕਿ ਆਸ ਕੀਤੀ ਜਾ ਰਹੀ ਸੀ, ਉਨ੍ਹਾਂ ਦੀ ਇਸ ਪੇਸ਼ਕਦਮੀ ਨੂੰ ਫ਼ੌਜ ਦੀਆਂ ਕੁਝ ਹੋਰਨਾਂ ਯੂਨਿਟਾਂ ਨੇ ਰੋਕ ਦਿੱਤਾ ਅਤੇ ਇਸ ਦੌਰਾਨ ਰਾਜਮਾਰਗਾਂ ’ਤੇ ਹੋਈ ਗੋਲੀਬਾਰੀ ਵਿੱਚ ਦਰਜਨਾਂ ਫ਼ੌਜੀ ਮਾਰੇ ਗਏ ਅਤੇ ਤਕਰੀਬਨ 2600 ਸਿੱਖ ਫ਼ੌਜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਨ੍ਹਾਂ ’ਚੋਂ ਬਹੁਤ ਸਾਰਿਆਂ ਦਾ ਮਗਰੋਂ ਕੋਰਟ ਮਾਰਸ਼ਲ ਕੀਤਾ ਗਿਆ।
ਬਹਰਹਾਲ, ਅਪਰੇਸ਼ਨ ਬਲਿਊ ਸਟਾਰ ਦਾ ਸਿੱਟਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਰੂਪ ਵਿੱਚ ਨਿਕਲਿਆ ਜਿਸ ਨੂੰ 31 ਅਕਤੂਬਰ 1984 ਨੂੰ ਉਨ੍ਹਾਂ ਦੇ ਸਿੱਖ ਅੰਗ-ਰੱਖਿਅਕਾਂ ਵੱਲੋਂ ਅੰਜਾਮ ਦਿੱਤਾ ਗਿਆ। ਇਸ ਦੇ ਸਿੱਟੇ ਵਜੋਂ ਲਗਾਤਾਰ ਤਿੰਨ ਦਿਨ ਸਿੱਖ ਕਤਲੇਆਮ ਚਲਦਾ ਰਿਹਾ ਜਿਸ ਦੌਰਾਨ ਇਕੱਲੀ ਦਿੱਲੀ ’ਚ ਹੀ 2,733 ਸਿੱਖਾਂ ਦਾ ਕਤਲ ਕੀਤਾ ਗਿਆ ਜਦੋਂਕਿ ਕੁਝ ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਿਕ ਮਾਰੇ ਗਏ ਸਿੱਖਾਂ ਦੀ ਗਿਣਤੀ 4000 ਤੋਂ ਜ਼ਿਆਦਾ ਸੀ। ਇਨ੍ਹਾਂ ਤੋਂ ਇਲਾਵਾ ਕਾਨਪੁਰ ਅਤੇ ਬੋਕਾਰੋ ਜਿਹੇ ਸ਼ਹਿਰਾਂ ਵਿਚ ਸੈਂਕੜੇ ਸਿੱਖਾਂ ਦਾ ਕਤਲ ਕੀਤਾ ਗਿਆ।
ਅਪਰੇਸ਼ਨ ਬਲਿਊ ਸਟਾਰ ਦਾ ਬਦਲਾ ਲੈਣ ਲਈ ਜੂਨ 1985 ਵਿੱਚ ਏਅਰ ਇੰਡੀਆ ਦੀ ਕਨਿਸ਼ਕ ਉਡਾਣ-182 ਵਿੱਚ ਬੰਬ ਧਮਾਕਾ ਕਰਕੇ ਜਹਾਜ਼ ਵਿੱਚ ਸਵਾਰ ਸਾਰੇ 329 ਲੋਕ ਮਾਰ ਦਿੱਤੇ ਗਏ ਸਨ। ਇਸ ਤੋਂ ਇੱਕ ਸਾਲ ਬਾਅਦ ਅਪਰੇਸ਼ਨ ਬਲਿਊ ਸਟਾਰ ਵੇਲੇ ਫ਼ੌਜ ਮੁਖੀ ਜਨਰਲ ਅਰੁਣ ਵੈਦਿਆ ਦੀ ਪੁਣੇ ਵਿੱਚ ਦੋ ਸਿੱਖ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਪੰਜਾਬ ਵਿੱਚ ਸਿੱਖ ਖਾੜਕੂਵਾਦ ਲਹਿਰ ਵਿੱਚ ਜ਼ਬਰਦਸਤ ਉਭਾਰ ਆ ਗਿਆ ਅਤੇ ਅਪਰੇਸ਼ਨ ਬਲਿਊ ਸਟਾਰ ਅਤੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਵਿਰੁੱਧ ਰੋਸ ਵਜੋਂ ਸੈਂਕੜੇ ਸਿੱਖ ਨੌਜਵਾਨ ਖਾਲਿਸਤਾਨ ਦੀ ਮੰਗ ਦੇ ਹੱਕ ਵਿੱਚ ਭਾਰਤੀ ਸਟੇਟ ਖਿਲਾਫ਼ ਹਥਿਆਰਬੰਦ ਵਿਦਰੋਹ ਦੇ ਰਾਹ ਪੈ ਗਏ। ਇਹ ਹਥਿਆਰਬੰਦ ਨੌਜਵਾਨ ਸਿੱਖ ਮੱਤ ਦੇ ਭਟਕੇ ਹੋਏ ਪ੍ਰਤੀਨਿਧੀਆਂ ਵਜੋਂ ਉੱਭਰੇ ਜੋ ਪੰਜਾਬ ਦੀਆਂ ਸਮਾਜਿਕ, ਭਾਸ਼ਾਈ ਅਤੇ ਨੈਤਿਕ ਰਹੁ-ਰੀਤਾਂ ਨੂੰ ਨਿਰਧਾਰਤ ਕਰਨ ਲੱਗ ਪਏ। ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਖਾੜਕੂ ਸੱਥਾਂ ਵਿੱਚ ਕਚਹਿਰੀ ਲਾ ਕੇ ਇਨਸਾਫ਼ ਦੇਣ ਲੱਗ ਪਏ ਜੋ ਕਿ ਅਜਿਹਾ ਵਰਤਾਰਾ ਸੀ ਜੋ ਭਾਰਤ ਵਿੱਚ ਪਹਿਲਾਂ ਜਾਂ ਉਸ ਤੋਂ ਬਾਅਦ ਕਦੇ ਦੇਖਣ ਨੂੰ ਨਹੀਂ ਮਿਲਿਆ ਜਿਸ ਕਰ ਕੇ ਸਟੇਟ ਦੇ ਅਖਤਿਆਰ ਨੂੰ ਗਹਿਰੀ ਸੱਟ ਵੱਜੀ। ਵਿਆਹ ਬਾਹਰੇ ਸਬੰਧਾਂ, ਦਾਜ, ਪਸ਼ੂ ਚੋਰੀ ਅਤੇ ਨਹਿਰੀ ਪਾਣੀ ਦੀ ਵੰਡ ਜਿਹੇ ਝਗੜਿਆਂ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣ ਲੱਗ ਪਈ ਸੀ।
ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਕਈ ਸਾਲਾਂ ਤੱਕ ਪੰਜਾਬ ਵਿੱਚ ਬਦਅਮਨੀ ਫੈਲੀ ਰਹੀ ਅਤੇ ਲੋਕਾਂ ਦਾ ਰੋਜ਼ਮੱਰ੍ਹਾ ਦਾ ਜੀਵਨ ਠੱਪ ਹੋ ਕੇ ਰਹਿ ਗਿਆ ਸੀ। ਬੱਸਾਂ ਅਤੇ ਰੇਲਗੱਡੀਆਂ ਵਿੱਚ ਮੁਸਾਫ਼ਰਾਂ ਦੇ ਘਿਣਾਉਣੇ ਕਤਲੇਆਮ ਕੀਤੇ ਗਏ। ਹਾਲਾਤ ਉਦੋਂ ਹੋਰ ਜ਼ਿਆਦਾ ਨਿੱਘਰ ਗਏ ਜਦੋਂ ਸਿੱਖ ਖਾੜਕੂਵਾਦ ਦੀ ਲਗਾਮ ਰਣਨੀਤਕ ਤੌਰ ’ਤੇ ਪਾਕਿਸਤਾਨੀ ਫ਼ੌਜ ਦੇ ਹੱਥਾਂ ਵਿੱਚ ਚਲੀ ਗਈ ਜਿਸ ਨਾਲ ਇਸ ਸੰਗੀਨ ਸਥਿਤੀ ਨਾਲ ਚਿੰਤਾਜਨਕ ਵਿਦੇਸ਼ੀ ਪਹਿਲੂ ਜੁੜ ਗਿਆ। ਆਖ਼ਰਕਾਰ 1993-94 ਵਿੱਚ ਫ਼ੌਜ ਦੀ ਮਦਦ ਨਾਲ ਪੰਜਾਬ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਵੱਲੋਂ ਵਿੱਢੇ ਗਏ ਬੱਝਵੇਂ ਅਤਿਵਾਦ ਵਿਰੋਧੀ ਅਪਰੇਸ਼ਨਾਂ (ਸੀਓਆਈਐਨ) ਰਾਹੀਂ ਇਸ ਦਾ ਬੇਰਹਿਮੀ ਨਾਲ ਅੰਤ ਕੀਤਾ ਗਿਆ।
ਅਪਰੇਸ਼ਨ ਬਲਿਊ ਸਟਾਰ ਫ਼ੌਜ ਲਈ ਇੱਕ ਨਿਰਣਾਇਕ ਪੜਾਅ ਸੀ ਜਿਸ ਦੌਰਾਨ ਗਰਮੀ ਦੇ ਮੌਸਮ ’ਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਸਫ਼ੇਦ ਸੰਗਮਰਮਰ ਅਤੇ ਕੰਕਰੀਟ ਵਾਲੇ ਤਪਦੇ ਚੌਗਿਰਦੇ ਅੰਦਰ ਪੰਜ ਦਿਨਾਂ ਦੀ ਗਹਿਗੱਚ ਲੜਾਈ ਦੌਰਾਨ ਫ਼ੌਜ ਦੇ 83 ਅਫ਼ਸਰ ਤੇ ਜਵਾਨ ਮਾਰੇ ਗਏ ਸਨ। ਹਾਲਾਂਕਿ ਫ਼ੌਜ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਸਣੇ ਬਾਗ਼ੀ ਆਗੂਆਂ ਨੂੰ ਮਾਰਨ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਸੁਰੱਖਿਅਤ ਕਰਨ ਦਾ ਆਪਣਾ ਟੀਚਾ ਫੌਰੀ ਹਾਸਲ ਕਰ ਲਿਆ, ਪਰ ਇਸ ਦੌਰਾਨ ਫ਼ੌਜ ਨੂੰ ਜਿਸ ਕਿਸਮ ਦੇ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਉਸ ਕਰ ਕੇ ਇਸ ਨੂੰ ਆਪਣਾ ਦਬਦਬਾ ਕਾਇਮ ਕਰਨ ਲਈ ਬਖ਼ਤਰਬੰਦ ਵਾਹਨ ਅਤੇ ਟੈਂਕ ਤਾਇਨਾਤ ਕਰਨੇ ਪਏ।
ਅਪਰੇਸ਼ਨ ਬਲਿਊ ਸਟਾਰ ਤੋਂ ਕਈ ਸਾਲਾਂ ਬਾਅਦ ਫ਼ੌਜ ਦੇ ਉਸ ਵੇਲੇ ਦੇ ਨਵੇਂ ਸੰਕਲਪ ਸ਼ਹਿਰੀ ਯੁੱਧ ਕੌਸ਼ਲ ਅਤੇ ਪੈਂਤੜਿਆਂ ਬਾਰੇ ਅੰਦਰੂਨੀ ਮੁਲਾਂਕਣ ਕੀਤਾ ਗਿਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਅਤਿਵਾਦ ਵਿਰੋਧੀ ਬੱਝਵੇਂ ਅਪਰੇਸ਼ਨਾਂ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਰੱਖਿਆ ਜਾਵੇ। ਇਸ ਕਾਰਵਾਈ ਉਪਰੰਤ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਅਪਰੇਸ਼ਨ ਬਲਿਊ ਸਟਾਰ ਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਫ਼ੌਜ, ਸੁਰੱਖਿਆ ਏਜੰਸੀਆਂ, ਸਹਿਯੋਗੀ ਪੁਲੀਸ ਮੁਲਾਜ਼ਮਾਂ ਅਤੇ ਨੀਮ-ਫ਼ੌਜੀ ਜਥੇਬੰਦੀਆਂ ਕੋਲ ਉਹ ਸਾਰੀ ਖ਼ੁਫ਼ੀਆ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਵਿਰੋਧੀ ਧਿਰ ਦੀ ਸਮਰੱਥਾ ਦਾ ਸਹੀ ਅੰਦਾਜ਼ਾ ਲਾ ਸਕਣ। ਖਾੜਕੂਆਂ ਦੀ ਪੇਸ਼ੇਵਰ ਜੰਗ ਰਣਨੀਤੀ ਅਤੇ ਉਨ੍ਹਾਂ ਦੇ ਹਥਿਆਰਾਂ, ਜਿਨ੍ਹਾਂ ਵਿੱਚ ਧਮਾਕਾਖੇਜ਼ ਸਮੱਗਰੀ, ਅਤਿ-ਆਧੁਨਿਕ ਛੋਟੇ ਸਵੈ-ਚਾਲਿਤ ਹਥਿਆਰ ਅਤੇ ਰਾਕੇਟ ਗ੍ਰਨੇਡ ਲਾਂਚਰ ਸ਼ਾਮਲ ਸਨ, ਬਾਰੇ ਵੀ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਿਆ ਸੀ। ਅਪਰੇਸ਼ਨ ਬਲਿਊ ਸਟਾਰ ਨੇ ਫ਼ੌਜ ਅਤੇ ਸੁਰੱਖਿਆ ਬਲਾਂ ਦੇ ਬਿਹਤਰ ਤਾਲਮੇਲ, ਵਿਸ਼ੇਸ਼ ਸਾਜ਼ੋ-ਸਾਮਾਨ ਦੀ ਲੋੜ ਅਤੇ ਸ਼ਹਿਰੀ ਖੇਤਰ ਵਿੱਚ ਅਜਿਹੀਆਂ ਕਾਰਵਾਈਆਂ ਅੰਜਾਮ ਦੇਣ ਲਈ ਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦੀ ਲੋੜ ਨੂੰ ਉਭਾਰਿਆ। ਇਸ ਤੋਂ ਇਲਾਵਾ ਫ਼ੌਜੀਆਂ ਅਤੇ ਖ਼ਾਸ ਕਰਕੇ ਘੱਟਗਿਣਤੀਆਂ ਜਿਵੇਂ ਕਿ ਸਿੱਖਾਂ ਨੂੰ ਮਨੋਵਿਗਿਆਨਕ ਦਿਲਾਸੇ ਅਤੇ ਤਸੱਲੀ ਦੇਣ ਵੱਲ ਧਿਆਨ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸਿੱਖ ਫ਼ੌਜੀਆਂ ਦੀ ਬਗ਼ਾਵਤ ਦੇ ਮੱਦੇਨਜ਼ਰ ਇਸ ਗੱਲ ਦੀ ਲੋੜ ਨੂੰ ਵੀ ਉਭਾਰਿਆ ਗਿਆ ਕਿ ਸੰਸਥਾਗਤ ਸੁਧਾਰਾਂ ਨੂੰ ਲਾਗੂ ਕਰਨ ਦੇ ਅਮਲ ਦੇ ਪੁਨਰਮੁਲਾਂਕਣ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਫ਼ੌਜ ਦੀ ਗ਼ੈਰ-ਸਿਆਸੀ, ਸਾਂਝੀ ਤੇ ਵਿਲੱਖਣ ਪਛਾਣ ਕਾਇਮ ਰੱਖਣ ਦੀ ਦਿਸ਼ਾ ਵਿੱਚ ਵੀ ਕੰਮ ਕਰਨ ਦੀ ਲੋੜ ਹੈ।
ਖ਼ੈਰ, ਉਸ ਵੇਲੇ ਫ਼ੌਜ ਦੇ ਚੋਟੀ ਦੇ ਅਧਿਕਾਰੀਆਂ ਨੇ ਗੰਭੀਰਤਾ ਨਾਲ ਇਹ ਵਿਚਾਰ-ਵਟਾਂਦਰਾ ਕੀਤਾ ਕਿ ਜਾਤ ਤੇ ਜਮਾਤ ਆਧਾਰਿਤ ਵਿਲੱਖਣ ਪਛਾਣ ਵਾਲੀਆਂ ਰੈਜੀਮੈਂਟਾਂ ਜਿਵੇਂ ਕਿ ਸਿੱਖ ਰੈਜੀਮੈਂਟ ਨੂੰ ਬਣਤਰ ਪੱਖੋਂ ਦੇਸ਼ ਭਰ ਦੀਆਂ ਸਾਰੀਆਂ ਜਮਾਤਾਂ ’ਤੇ ਆਧਾਰਿਤ ਢਾਂਚੇ ਵਿੱਚ ਬਦਲ ਦਿੱਤਾ ਜਾਵੇ। ਫਿਰ ਲੰਮੇ ਅੰਦਰੂਨੀ ਸਲਾਹ-ਮਸ਼ਵਰੇ ਮਗਰੋਂ ਇਸ ਨੂੰ ਅਮਲੀ ਰੂਪ ਦੇਣ ’ਚ ਆਉਂਦੀਆਂ ਦਿੱਕਤਾਂ ਦੇ ਮੱਦੇਨਜ਼ਰ ਇਹ ਖ਼ਿਆਲ ਛੱਡ ਦਿੱਤਾ ਗਿਆ। ਪਰ ਚਾਰ ਦਹਾਕਿਆਂ ਮਗਰੋਂ ਅਗਨੀਪੱਥ ਯੋਜਨਾ ਅਧੀਨ ਇਹ ਸੰਕਲਪ (ਏਆਈਆਈਸੀ) ਲਾਗੂ ਕਰ ਦਿੱਤਾ ਗਿਆ ਹੈ ਜੋ ਸੀਨੀਅਰ ਸਾਬਕਾ ਫ਼ੌਜੀ ਅਧਿਕਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਹੈ। ਅਗਨੀਪੱਥ ਯੋਜਨਾ ਅਧੀਨ ਅਫਸਰ ਰੈਂਕ ਤੋਂ ਹੇਠਾਂ ਚਾਰ ਸਾਲਾਂ ਲਈ ਜਵਾਨਾਂ ਦੀ ਭਰਤੀ ਕੀਤੀ ਜਾਂਦੀ ਹੈ। ਅਪਰੇਸ਼ਨ ਬਲਿਊ ਸਟਾਰ ਧਰਮ, ਸਿਆਸਤ ਤੇ ਹਿੰਸਾ ਦੀ ਉਲਝੀ ਤਾਣੀ ਦਾ ਅਜਿਹਾ ਜ਼ਖ਼ਮ ਹੈ ਜਿਸ ਦੇ ਦਾਗ਼ ਅਜੇ ਵੀ ਮਿਟੇ ਨਹੀਂ। ਵਿਆਪਕ ਸੰਦਰਭ ’ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਹੁ-ਭਾਂਤੀ ਅਤੇ ਬਹੁਲਵਾਦੀ ਸਮਾਜ, ਜਿਸ ਵਿੱਚ ਸਭਿਆਚਾਰਕ ਤੇ ਧਾਰਮਿਕ ਪਛਾਣ ਖੇਤਰੀ ਉਮੀਦਾਂ ਨਾਲ ਰਲਗੱਡ ਹੋ ਕੇ ਸਮੁੱਚੇ ਸਿਆਸੀ ਮੁਹਾਂਦਰੇ ਨੂੰ ਘੜਨ ’ਚ ਅਹਿਮ ਭੂਮਿਕਾ ਅਦਾ ਕਰਦੀ ਹੈ, ਨੂੰ ਕਿਵੇਂ ਇਕਜੁੱਟ ਰੱਖਿਆ ਜਾਵੇ। ਅਪਰੇਸ਼ਨ ਬਲਿਊ ਸਟਾਰ ਤੋਂ ਸਾਨੂੰ ਇਹ ਸਬਕ ਮਿਲਦਾ ਹੈ ਕਿ ਵੱਖ-ਵੱਖ ਧਿਰਾਂ ਤੇ ਫ਼ਿਰਕਿਆਂ ਦਰਮਿਆਨ ਉਨ੍ਹਾਂ ਦੀਆਂ ਖ਼ਾਹਿਸ਼ਾਂ ਅਤੇ ਸ਼ਿਕਵਿਆਂ ਬਾਰੇ ਗੱਲਬਾਤ ਹੋਣੀ ਜ਼ਰੂੁਰੀ ਹੈ ਅਤੇ ਇਨ੍ਹਾਂ ਵਿਚਾਲੇ ਕਿਸੇ ਵੀ ਸੂਰਤ ’ਚ ਸੰਵਾਦ ਟੁੱਟਣਾ ਨਹੀਂ ਚਾਹੀਦਾ ਮਤੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਵੇ।
* ਲੇਖਕ ਸੀਨੀਅਰ ਪੱਤਰਕਾਰ ਹੈ।