ਕੌਮਾਂਤਰੀ ਸਿਹਤ ਸੰਗਠਨ (World Health Organisation-ਡਬਲਿਊਐੱਚਓ) ਅਨੁਸਾਰ ਭਾਰਤ ਦੀ ਇਕ ਫਰਮ ਦੁਆਰਾ ਬਣਾਈਆਂ ਤੇ ਬਰਾਮਦ ਕੀਤੀਆਂ ਗਈਆਂ ਖੰਘ ਠੀਕ ਕਰਨ ਵਾਲੀਆਂ ਦਵਾਈਆਂ (ਸਿਰਪਾਂ) ਲੈਣ ਕਾਰਨ ਅਫ਼ਰੀਕੀ ਦੇਸ਼ ਗਾਂਬੀਆ ਵਿਚ 66 ਛੋਟੇ ਬੱਚਿਆਂ ਦੀ ਮੌਤ ਹੋ ਗਈ। ਇਹ ਸਿਰਪਾਂ ਹਰਿਆਣੇ ਦੀ ਇਕ ਕੰਪਨੀ ਨੇ ਗਾਂਬੀਆ ਨੂੰ ਬਰਾਮਦ ਕੀਤੀਆਂ ਸਨ। ਡਬਲਿਊਐੱਚਓ ਨੇ ਚਿਤਾਵਨੀ ਦਿੱਤੀ ਹੈ ਕਿ ਸੋਨੀਪਤ ਦੀ ਕੰਪਨੀ ਮੇਡੇਨ ਫਾਰਮਾਸਿਊਟੀਕਲਜ਼ ਦੁਆਰਾ ਬਣਾਈਆਂ ਗਈਆਂ ਖੰਘ ਤੇ ਸਰਦੀ ਨੂੰ ਠੀਕ ਕਰਨ ਵਾਲੀਆਂ ਦਵਾਈਆਂ (ਸਿਰਪਾਂ) ਇਸਤੇਮਾਲ ਨਾ ਕੀਤੀਆਂ ਜਾਣ। ਸੰਗਠਨ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਸਿਰਪਾਂ ਵਿਚ ਡਾਇਥੀਲੀਨ ਗਲਾਈਕੋਲ ਤੇ ਐਥੀਲੀਨ ਗਲਾਈਕੋਲ ਨਾਂ ਦੇ ਜ਼ਹਿਰੀਲੇ ਰਸਾਇਣਕ ਪਦਾਰਥ ਮੌਜੂਦ ਸਨ ਜਿਨ੍ਹਾਂ ਕਾਰਨ ਬੱਚਿਆਂ ਦੇ ਗੁਰਦਿਆਂ ’ਤੇ ਮਾੜਾ ਅਸਰ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ।
ਸਰਦੀ ਤੇ ਖੰਘ ਦੇ ਇਲਾਜ ਲਈ ਬਣਾਈਆਂ ਜਾਂਦੀਆਂ ਦਵਾਈਆਂ (ਸਿਰਪਾਂ) ਵਿਚ ਆਮ ਕਰ ਕੇ ਗਲਿਸਰੀਨ (ਗਲਾਈਸੀਰੋਲ) ਵਰਤੀ ਜਾਂਦੀ ਹੈ; ਇਹ ਸਿਰਪਾਂ ਨੂੰ ਮਿੱਠਾ ਬਣਾਉਂਦੀ ਅਤੇ ਉਨ੍ਹਾਂ ਨੂੰ ਖ਼ਰਾਬ ਹੋਣ ਤੋਂ ਬਚਾਉਂਦੀ ਹੈ। ਡਾਇਥੀਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਗਲਿਸਰੀਨ ਵਿਚ ਅਸ਼ੁੱਧੀਆਂ ਵਜੋਂ ਮੌਜੂਦ ਹੁੰਦੇ ਹਨ। ਉਤਪਾਦਨ ਪ੍ਰਕਿਰਿਆ ਵਿਚ ਲਾਪਰਵਾਹੀ ਵਰਤੇ ਜਾਣ ਕਰ ਕੇ ਇਹ ਸਰਦੀ ਤੇ ਖੰਘ ਦੇ ਇਲਾਜ ਲਈ ਬਣਾਈਆਂ ਜਾਂਦੀਆਂ ਦਵਾਈਆਂ (ਸਿਰਪਾਂ) ਵਿਚ ਵੀ ਮੌਜੂਦ ਹੋ ਸਕਦੇ ਹਨ। ਇਹ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਦਵਾਈਆਂ ਬਣਾਉਣ ਵਾਲੀਆਂ ਕਈ ਕੰਪਨੀਆਂ ਜਾਣ-ਬੁੱਝ ਕੇ ਡਾਇਥੀਲੀਨ ਗਲਾਈਕੋਲ ਵਰਤਦੀਆਂ ਹਨ ਕਿਉਂਕਿ ਇਹ ਗਲਿਸਰੀਨ (ਗਲਾਈਸੀਰੋਲ) ਦੇ ਮੁਕਾਬਲੇ ਸਸਤਾ ਪਦਾਰਥ ਹੈ। ਭਾਰਤ, ਚੀਨ, ਬੰਗਲਾਦੇਸ਼, ਨਾਇਜੀਰੀਆ, ਪਨਾਮਾ ਅਤੇ ਕਈ ਹੋਰ ਦੇਸ਼ਾਂ ਵਿਚ ਖੰਘ ਵਾਲੀਆਂ ਦਵਾਈਆਂ (ਸਿਰਪਾਂ) ਵਿਚ ਇਹ ਪਦਾਰਥ ਹੋਣ ਕਰ ਕੇ ਸੈਂਕੜੇ ਬੱਚਿਆਂ ਦੀ ਮੌਤ ਹੋਈ ਹੈ। 2007 ਵਿਚ ਪਨਾਮਾ ਵਿਚ ਅਜਿਹੀਆਂ ਜ਼ਹਿਰੀਲੀਆਂ ਦਵਾਈਆਂ (ਸਿਰਪਾਂ) ਕਾਰਨ 350 ਤੋਂ ਜ਼ਿਆਦਾ ਬੱਚੇ ਮੌਤ ਦੇ ਮੂੰਹ ਜਾ ਪਏ ਸਨ।
ਵਿਸ਼ਵ ਸਿਹਤ ਸੰਗਠਨ ਨੇ ਸੋਨੀਪਤ ਦੀ ਕੰਪਨੀ ਦੁਆਰਾ ਬਣਾਈਆਂ ਗਈਆਂ ਦਵਾਈਆਂ (ਸਿਰਪਾਂ) ਦੇ ਨਾਂ ਪਰੋਮੈਥਾਜ਼ੀਨ ਓਰਲ ਸਲਿਊਸ਼ਨ, ਕੋਫੈਕਸਮਾਲੀਨ ਬੇਬੀ ਕਫ ਸਿਰਪ, ਮੇਕਆਫ ਬੇਬੀ ਕਫ ਸਿਰਪ ਅਤੇ ਮੈਗਰਿਪ ਐੱਨ ਕੋਲਡ ਸਿਰਪ ਆਦਿ ਦੱਸੇ ਹਨ। ਸੰਗਠਨ ਨੇ ਸਾਰੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਇਹ ਸਿਰਪ ਨਾ ਵਰਤੇ ਜਾਣ। ਭਾਰਤ ਦੀ ਸਰਕਾਰੀ ਸੰਸਥਾ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਇਸ ਦੀ ਜਾਂਚ ਕਰੇਗੀ। ਗਾਂਬੀਆ ਪੱਛਮੀ ਅਫ਼ਰੀਕਾ ਵਿਚ ਸਥਿਤ ਇਸ ਮਹਾਂਦੀਪ ਦਾ ਸਭ ਤੋਂ ਛੋਟਾ ਦੇਸ਼ ਹੈ ਜਿਸ ਦੀ ਅਬਾਦੀ ਸਿਰਫ਼ 27 ਲੱਖ ਹੈ। ਇਹ 1765 ਤੋਂ 1965 ਤਕ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ। 17ਵੀਂ ਤੋਂ 19ਵੀਂ ਸਦੀ ਵਿਚਕਾਰ ਇੱਥੋਂ ਦੇ 30 ਲੱਖ ਲੋਕਾਂ ਨੁੰ ਗ਼ੁਲਾਮ ਬਣਾ ਕੇ ਯੂਰੋਪ ਤੇ ਅਮਰੀਕਾ ਵਿਚ ਵੇਚਿਆ ਗਿਆ। ਬਸਤੀਵਾਦੀ ਲੁੱਟ ਕਾਰਨ ਗਾਂਬੀਆ ਵਿਚ ਅੰਤਾਂ ਦੀ ਗ਼ਰੀਬੀ ਹੈ ਅਤੇ ਲਗਭਗ 50 ਫ਼ੀਸਦੀ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਦੇ ਹਨ। ਆਜ਼ਾਦੀ ਮਿਲਣ ਤੋਂ ਬਾਅਦ ਇਹ ਦੇਸ਼ ਸਿਆਸੀ ਅਸਥਿਰਤਾ ਦਾ ਸ਼ਿਕਾਰ ਰਿਹਾ ਹੈ। 2015 ਵਿਚ ਗਾਂਬੀਆ ਦੇ ਰਾਸ਼ਟਰਪਤੀ ਨੇ ਇਸ ਨੂੰ ਇਸਲਾਮੀ ਦੇਸ਼ ਐਲਾਨ ਦਿੱਤਾ। ਇੱਥੇ ਲਗਭਗ 96 ਫ਼ੀਸਦੀ ਲੋਕ ਮੁਸਲਮਾਨ ਅਤੇ 4 ਫ਼ੀਸਦੀ ਇਸਾਈ ਹਨ। ਅਤਿਅੰਤ ਗ਼ਰੀਬੀ ਕਾਰਨ ਆਮ ਲੋਕਾਂ ਦੀ ਸਿਹਤ ਤੇ ਸਿੱਖਿਆ ਦੇ ਖੇਤਰਾਂ ਤਕ ਪਹੁੰਚ ਸੀਮਤ ਹੈ; ਦਵਾਈਆਂ ਦੇ ਟੈਸਟ ਕਰਨ ਦੀਆਂ ਸਹੂਲਤਾਂ ਵੀ ਘੱਟ ਹਨ। ਦੇਸ਼ ਹੋਰ ਸਮੱਸਿਆਵਾਂ ਦਾ ਸਾਹਮਣਾ ਵੀ ਕਰ ਰਿਹਾ ਹੈ ਪਰ ਜ਼ਹਿਰੀਲੀਆਂ ਦਵਾਈਆਂ ਕਰ ਕੇ 66 ਬੱਚਿਆਂ ਦੀਆਂ ਹੋਈਆਂ ਮੌਤਾਂ ਦਾ ਕਾਰਨ ਮਨੁੱਖੀ ਲਾਲਚ ਤੇ ਅਣਗਹਿਲੀ ਹੈ। ਮੌਜੂਦਾ ਘਟਨਾਕ੍ਰਮ ਦੀ ਸਭ ਤੋਂ ਸ਼ਰਮਨਾਕ ਕੜੀ ਇਨ੍ਹਾਂ ਦਵਾਈਆਂ ਦਾ ਸਾਡੇ ਦੇਸ਼ ਵਿਚ ਬਣੇ ਹੋਣਾ ਹੈ। ਇਸ ਲਈ ਸਾਡੇ ਦੇਸ਼ ਵਿਚ ਦਵਾਈਆਂ ਬਣਾਉਣ ਤੇ ਉਨ੍ਹਾਂ ਨੂੰ ਟੈਸਟ ਕੀਤੇ ਜਾਣ ਦੀ ਪ੍ਰਕਿਰਿਆ ਬਾਰੇ ਸਵਾਲ ਉਠਾਏ ਜਾਣੇ ਸੁਭਾਵਿਕ ਹਨ। ਮਾਰਚ 2022 ਵਿਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਹਿਮਾਚਲ ਪ੍ਰਦੇਸ਼ ਦੀਆਂ ਨੌਂ ਕੰਪਨੀਆਂ ਵੱਲੋਂ ਬਣਾਈਆਂ ਗਈਆਂ ਕਈ ਦਵਾਈਆਂ ਨੂੰ ਗ਼ੈਰ-ਮਿਆਰੀ ਕਰਾਰ ਦਿੱਤਾ ਸੀ। ਦਵਾਈਆਂ ਵਿਚ ਮਿਲਾਵਟ ਕਰਨੀ ਜਾਂ ਉਨ੍ਹਾਂ ਨੂੰ ਬਣਾਉਣ ਵਿਚ ਅਣਗਹਿਲੀ ਵਰਤਣੀ ਅਣਮਨੁੱਖੀ ਕਾਰਾ ਹੈ। ਦੁਖਾਂਤ ਇਹ ਹੈ ਕਿ ਮਨੁੱਖ ਮੁਨਾਫ਼ਾ ਵਧਾਉਣ ਖ਼ਾਤਰ ਕੁਝ ਵੀ ਕਰਨ ਲਈ ਤਿਆਰ ਹੈ। ਦਵਾਈਆਂ ਦੇ ਸੈਂਪਲ ਪਾਸ ਕਰਵਾਉਣ ਲਈ ਰਿਸ਼ਵਤ ਦਿੱਤੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਸਰਕਾਰ ਨੂੰ ਇਸ ਮਸਲੇ ਦੀ ਜਾਂਚ ਕਰ ਕੇ ਸਬੰਧਿਤ ਕੰਪਨੀ ਅਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।