ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਰਹਿੰਦੇ ਸਮਾਜ ਜਾਤ-ਪਾਤ ਅਤੇ ਵਰਣ ਆਸ਼ਰਮ ਦੀਆਂ ਪ੍ਰਥਾਵਾਂ ਕਾਰਨ ਸਦੀਆਂ ਤੋਂ ਵੰਡੇ ਹੋਏ ਹਨ। ਇਨ੍ਹਾਂ ਪ੍ਰਥਾਵਾਂ ਕਾਰਨ ਅਕਹਿ ਜ਼ੁਲਮ ਹੋਏ ਹਨ ਅਤੇ ਕਰੋੜਾਂ ਲੋਕਾਂ ਨੂੰ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ਵਿਤਕਰਿਆਂ ਕਾਰਨ ਵਸੋਂ ਦੀ ਵੱਡੀ ਗਿਣਤੀ ਨੂੰ ਗਿਆਨ ਤੇ ਵਿੱਦਿਆ ਤੋਂ ਵਾਂਝਾ ਰੱਖਿਆ ਗਿਆ। ਅਮਰੀਕਾ ਦੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਜਾਤ-ਪਾਤ ਦੇ ਵਿਤਕਰੇ ਨੂੰ ਤਸਲੀਮ ਕਰਦਿਆਂ ਸਬੰਧਿਤ ਵਿਦਿਆਰਥੀਆਂ ਨੂੰ ਜਾਤ ਨੂੰ ਸੁਰੱਖਿਅਤ ਕੈਟਾਗਰੀ ਵਜੋਂ ਪ੍ਰਵਾਨ ਕਰਨ ਦਾ ਫ਼ੈਸਲਾ ਕੀਤਾ ਹੈ। ਬਹੁਤ ਸਾਰੇ ਮਨੁੱਖੀ ਅਧਿਕਾਰ ਗਰੁੱਪਾਂ ਨੇ ਯੂਨੀਵਰਸਿਟੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਯੂਨੀਵਰਸਿਟੀ ਦੇ ਚਾਂਸਲਰ ਜੋਸਫ਼ ਆਈ ਕਾਸਟਰੋ ਨੇ ਕਿਹਾ ਹੈ ਕਿ ਯੂਨੀਵਰਸਿਟੀ ਹਰ ਤਰ੍ਹਾਂ ਦੇ ਪਿਛੋਕੜ ਵਿਚੋਂ ਆਏ ਵਿਦਿਆਰਥੀਆਂ ਲਈ ਇਕੋ ਜਿਹਾ ਅਤੇ ਬਰਾਬਰੀ ਵਾਲਾ ਮਾਹੌਲ ਦੇਣ ਅਤੇ ਉੱਚ ਕਦਰਾਂ-ਕੀਮਤਾਂ ਦੀ ਸਿਰਜਣਾ ਕਰਨ ਲਈ ਵਚਨਬੱਧ ਹੈ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਮਰੀਕਾ ਵਿਚ ਚਾਰ ਸਾਲਾ ਉਚੇਰੀ ਵਿੱਦਿਆ ਦੇਣ ਵਾਲੀ ਵੱਡੀ ਯੂਨੀਵਰਸਿਟੀ ਹੈ।
ਜਾਤ ਨੂੰ ਸੁਰੱਖਿਅਤ ਕੈਟਾਗਰੀ ਵਿਚ ਸ਼ਾਮਿਲ ਕਰਨ ਨਾਲ ਯੂਨੀਵਰਸਿਟੀ ਸਾਰੇ 23 ਕੈਂਪਾਂ ਅੰਦਰ ਸਭ ਨੂੰ ਹਰ ਥਾਂ ’ਤੇ ਦਾਖ਼ਲਾ ਅਤੇ ਬਰਾਬਰੀ ਮਿਲਣੀ ਯਕੀਨੀ ਬਣਾਈ ਜਾਵੇਗੀ। ਇਕ ਵਿਦੇਸ਼ੀ ਯੂਨੀਵਰਸਿਟੀ ਦੁਆਰਾ ਜਾਤ-ਪਾਤ ਦੇ ਵਿਤਕਰੇ ਨੂੰ ਤਸਲੀਮ ਕਰਨਾ ਇਸ ਮੁੱਦੇ ਬਾਰੇ ਵਧ ਰਹੀ ਸੰਵੇਦਨਸ਼ੀਲਤਾ ਦਰਸਾਉਂਦਾ ਹੈ। ਵਿਦਿਆਰਥੀਆਂ ਅਤੇ ਮਾਹਿਰਾਂ ਅਨੁਸਾਰ ਇਹ ਹਾਂ-ਪੱਖੀ ਕਦਮ ਹੈ ਜਿਹੜਾ ਮਾਨਵੀ ਅਧਿਕਾਰਾਂ ਦੀ ਮੁਹਿੰਮ ਨੂੰ ਅੱਗੇ ਵਧਾਉਣ ਵਿਚ ਸਹਾਈ ਹੋਵੇਗਾ। ਅਮਰੀਕਾ ਅਤੇ ਬਹੁਤ ਸਾਰੇ ਵਿਕਸਤ ਦੇਸ਼ਾਂ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਭਾਵੇਂ ਹਰ ਤਰ੍ਹਾਂ ਦੇ ਭੇਦਭਾਵ ਤੋਂ ਦੂਰ ਰਹਿਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਉੱਥੇ ਕਈ ਤਰ੍ਹਾਂ ਦੇ ਭੇਦਭਾਵ ਜਿਨ੍ਹਾਂ ’ਚੋਂ ਨਸਲੀ ਵਿਤਕਰਾ ਪ੍ਰਮੁੱਖ ਹੈ, ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਦੇ ਬਾਵਜੂਦ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ ਇਹ ਕਦਮ ਸਵਾਗਤਯੋਗ ਹੈ।
ਭਾਰਤ ਵਿਚ ਵਿਦਿਆਰਥੀਆਂ ਨੂੰ ਵਿਦਿਅਕ ਅਦਾਰਿਆਂ ਵਿਚ ਜਾਤ ਆਧਾਰਿਤ ਵਿਤਕਰਿਆਂ ਦਾ ਲਗਾਤਾਰ ਸਾਹਮਣਾ ਕਰਨਾ ਪੈਂਦਾ ਹੈ। ਯੂਨਵਰਸਿਟੀ ਆਫ਼ ਹੈਦਰਾਬਾਦ ਵਿਖੇ 2016 ਦੀ ਅੰਬੇਦਕਰਵਾਦੀ ਵਿਦਿਆਰਥੀ ਸੰਗਠਨ ਦੇ ਆਗੂ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਦਾ ਮਾਮਲਾ ਅਜੇ ਤੱਕ ਪੁਰਾਣਾ ਨਹੀਂ ਹੋਇਆ ਖਾਸ ਤੌਰ ਉੱਤੇ ਵੇਮੁਲਾ ਵਲੋਂ ਲਿਖੀ ਗਈ ਚਿੱਠੀ ਵਿਦਿਅਕ ਅਦਾਰਿਆਂ ਵਿਚ ਹੋ ਰਹੇ ਵਿਤਕਰਿਆਂ ਨੂੰ ਬੇਪਰਦ ਕਰਦੀ ਹੈ। ਜਾਤ-ਪਾਤ ਅਤੇ ਵਰਣ ਆਸ਼ਰਮ ਸਮਾਜਿਕ ਨਾ-ਬਰਾਬਰੀ ਦੇ ਚਿੰਨ੍ਹ ਹਨ। ਸਿੱਖ ਗੁਰੂਆਂ ਅਤੇ ਭਗਤੀ ਲਹਿਰ ਦੇ ਸੰਤਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਆਧੁਨਿਕ ਸਮਿਆਂ ਵਿਚ ਉੱਘੇ ਚਿੰਤਕਾਂ ਜਿਨ੍ਹਾਂ ਵਿਚ ਜਿਉਤਰਬਾ ਫੂਲੇ, ਪੇਰੀਆਰ ਅਤੇ ਡਾ. ਬੀਆਰ ਅੰਬੇਦਕਰ ਸ਼ਾਮਿਲ ਹਨ, ਨੇ ਜਾਤ-ਪਾਤ ਵਿਰੁੱਧ ਸੰਘਰਸ਼ ਦਾ ਸੱਦਾ ਦਿੱਤਾ। ਜਾਤ-ਪਾਤ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਸਮਾਜ ਅਜੇ ਵੀ ਇਸ ਪ੍ਰਥਾ ਦੀ ਜਕੜ ਤੋਂ ਆਜ਼ਾਦ ਨਹੀਂ ਹੋ ਸਕਿਆ। ਜਮਹੂਰੀ ਤਾਕਤਾਂ ਨੂੰ ਇਸ ਪ੍ਰਥਾ ਵਿਰੁੱਧ ਲਗਾਤਾਰ ਸੰਘਰਸ਼ ਕਰਦਿਆਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਦਿਆਰਥੀ ਕਿਸੇ ਵਿਤਕਰੇ ਦਾ ਸ਼ਿਕਾਰ ਨਾ ਬਣਨ। ਸਾਡੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਇਸ ਸਬੰਧੀ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।