ਦੋ ਹਫ਼ਤਿਆਂ ਦੇ ਅੰਦਰ ਆਪਣੇ ਦੂਜੇ ਭਾਰਤ ਦੌਰੇ ਦੌਰਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਵਾਰਤਾ ਕੀਤੀ ਹੈ। ਇਸ ਮੁਲਾਕਾਤ ਵਿੱਚੋਂ ਦੁਵੱਲੇ ਰਿਸ਼ਤੇ ਹੋਰ ਮਜ਼ਬੂਤ ਕਰਨ ਪ੍ਰਤੀ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਝਲਕਦੀ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਐੱਨਡੀਏ ਸਰਕਾਰ ਦੇ ਗਠਨ ਤੋਂ ਬਾਅਦ ਕਿਸੇ ਵਿਦੇਸ਼ੀ ਨੇਤਾ ਵੱਲੋਂ ਕੀਤਾ ਗਿਆ ਭਾਰਤ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। ਭਾਰਤ ਅਤੇ ਬੰਗਲਾਦੇਸ਼ ਨੇ ਕਈ ਖੇਤਰਾਂ ਵਿੱਚ ਸਮਝੌਤੇ ਕੀਤੇ ਹਨ ਜਿਨ੍ਹਾਂ ਵਿੱਚ ਸਾਗਰੀ ਸਹਿਯੋਗ ਤੋਂ ਲੈ ਕੇ ਸਮੁੰਦਰ ਨਾਲ ਜੁੜੇ ਕਾਰੋਬਾਰ ਤੇ ਸਰਗਰਮੀ (blue economy), ਰੇਲ ਸੰਪਰਕ, ਪੁਲਾੜ ਖੇਤਰ, ਡਿਜੀਟਲ ਭਾਈਵਾਲੀ, ਸਿਹਤ ਸੰਭਾਲ ਅਤੇ ਰੱਖਿਆ ਉਤਪਾਦਨ ਸ਼ਾਮਿਲ ਹਨ।
ਭਾਰਤ ਨੂੰ ਬੰਗਲਾਦੇਸ਼ ਦਾ ਵੱਡਾ ਗੁਆਂਢੀ ਅਤੇ ਭਰੋਸੇਯੋਗ ਦੋਸਤ ਕਰਾਰ ਦਿੰਦਿਆਂ ਸ਼ੇਖ ਹਸੀਨਾ ਨੇ 1971 ਵਿੱਚ ਆਪਣੇ ਮੁਲਕ ਦੀ ਆਜ਼ਾਦੀ ’ਚ ਭਾਰਤ ਸਰਕਾਰ ਤੇ ਇੱਥੋਂ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਇਤਿਹਾਸਕ ਵਿਰਾਸਤ ਤੋਂ ਇਲਾਵਾ ਮੋਦੀ ਅਤੇ ਹਸੀਨਾ ਨੇ ਪਿਛਲੇ ਇੱਕ ਦਹਾਕੇ ਦੌਰਾਨ ਚੰਗੇ ਸਬੰਧ ਕਾਇਮ ਕੀਤੇ ਹਨ। ਇਸ ਨਾਲ ਦੁਵੱਲੇ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਗਏ ਹਨ। ਪਿਛਲੇ ਸਾਲ ਨਵੰਬਰ ਵਿੱਚ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਜਦੋਂ ਹਸੀਨਾ ਨੂੰ ਨਾ ਸਿਰਫ਼ ਬੰਗਲਾਦੇਸ਼ ਵਿਰੋਧੀ ਧਿਰ ਬਲਕਿ ਅਮਰੀਕੀ ਦਬਾਅ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ, ਉਦੋਂ ਮੋਦੀ ਨੇ ਆਪਣੀ ਹਮਰੁਤਬਾ ਦੀ ਤਿੰਨ ਉਸਾਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਵਿੱਚ ਮਦਦ ਕੀਤੀ ਸੀ। ਇਸ ਨਾਲ ਹਸੀਨਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਸੀ।
ਪਿਛਲੇ ਹਫ਼ਤੇ ਦੀ ਮੁਲਾਕਾਤ ਦਾ ਅਹਿਮ ਹਾਸਿਲ ਭਾਰਤ ਵੱਲੋਂ ਤੀਸਤਾ ਨਦੀ ਦੇ ਪਾਣੀ ਨੂੰ ਸਾਂਭਣ ਲਈ ਮੈਗਾ ਪ੍ਰੋਜੈਕਟ ਵਾਸਤੇ ਤਕਨੀਕੀ ਟੀਮ ਨੂੰ ਬੰਗਲਾਦੇਸ਼ ਭੇਜਣ ਦਾ ਫ਼ੈਸਲਾ ਕਰਨਾ ਹੈ। ਚੀਨ ਜੋ ਭਾਰਤ ਦੇ ਗੁਆਂਢੀਆਂ ਨੂੰ ਖਿੱਚਣ ਜਾਂ ਉਨ੍ਹਾਂ ਉੱਤੇ ਦਬਾਅ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ, ਨਵੀਂ ਦਿੱਲੀ ਦੇ ਇਤਰਾਜ਼ਾਂ ਦੇ ਬਾਵਜੂਦ ਅੰਦਾਜ਼ਨ ਇੱਕ ਅਰਬ ਡਾਲਰ ਦੇ ਪ੍ਰਾਜੈਕਟ ਉੱਤੇ ਨਿਗ੍ਹਾ ਟਿਕਾਈ ਬੈਠਾ ਹੈ। ਭਾਰਤ ਨਾਲ ਹਸੀਨਾ ਦੀ ਨੇੜਤਾ ਦੀ ਪਰਖ ਅਗਲੇ ਮਹੀਨੇ ਹੋਵੇਗੀ ਕਿਉਂਕਿ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਵੱਲੋਂ ਚੀਨ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਭਾਰਤ ਔਖਿਆਈ ਦਾ ਸਾਹਮਣਾ ਕਰਨ ਦੇ ਰੌਂਅ ਵਿਚ ਨਹੀਂ ਹੈ। ਅਮਰੀਕਾ ਨੇ ਭਾਵੇਂ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੀ ਕਥਿਤ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਚੋਣ ਬੇਨਿਯਮੀਆਂ ਲਈ ਨਿਖੇਧੀ ਕੀਤੀ ਹੈ ਪਰ ਭਾਰਤ ਆਪਣੀ ਆਜ਼ਾਦਾਨਾ ਵਿਦੇਸ਼ ਨੀਤੀ ’ਤੇ ਕਾਇਮ ਰਹਿੰਦਿਆਂ ਢਾਕਾ ਨਾਲ ਨੇੜਿਉਂ ਰਾਬਤਾ ਰੱਖ ਰਿਹਾ ਹੈ। ਭਾਰਤ ਅਤੇ ਬੰਗਲਾਦੇਸ਼ ਦੇ ਨਿਰੰਤਰ ਵੱਧ-ਫੁਲ ਰਹੇ ਰਿਸ਼ਤਿਆਂ ਦੇ ਮੱਦੇਨਜ਼ਰ ਅਮਰੀਕਾ ਤੇ ਚੀਨ ਦੋਵਾਂ ਦਾ ਬੇਚੈਨ ਹੋਣਾ ਸੁਭਾਵਿਕ ਵੀ ਹੈ। ਅਸਲ ਵਿਚ, ਪਿਛਲੇ ਕੁਝ ਸਮੇਂ ਤੋਂ ਸੰਸਾਰ ਭੂ-ਸਿਆਸਤ ਵਿੱਚ ਸਿਫ਼ਤੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ