ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਲਗਭਗ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਪਿੱਛੋਂ ਪਾਕਿਸਤਾਨ ਵੱਲੋਂ ਆਪਣੀ ਤਰਫ਼ ਤੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹ ਦੇਣ ਦੀ ਪੇਸ਼ਕਸ਼ ਨਾਲ ਭਾਰਤ-ਪਾਕਿਸਤਾਨ ਸਬੰਧਾਂ ਦਾ ਮੁੱਦਾ ਮੁੜ ਸਾਹਮਣੇ ਆ ਗਿਆ ਹੈ। ਭਾਰਤ ਸਰਕਾਰ ਨੇ ਇੰਨੇ ਘੱਟ ਸਮੇਂ ਵਿਚ ਸੂਚਿਤ ਕਰਨ ਦੇ ਪਾਕਿਸਤਾਨ ਦੇ ਕਦਮ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਅਤੇ ਸਰਕਾਰ ਦਾ ਕਹਿਣਾ ਹੈ ਕਿ ਦੁਵੱਲੇ ਮਾਮਲੇ ਬਾਰੇ ਫ਼ੈਸਲਾ ਕਰਨ ਲਈ ਘੱਟੋ-ਘੱਟ ਸੱਤ ਦਿਨ ਪਹਿਲਾਂ ਗੱਲ ਕਰਨੀ ਜ਼ਰੂਰੀ ਹੈ। ਇਹ ਲਾਂਘਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵੰਬਰ 2019 ਵਿਚ ਖੋਲ੍ਹਿਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਨੂੰ ਮੁੱਖ ਰੱਖ ਕੇ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਅਤੇ ਭਾਰਤ ਵਾਲੇ ਪਾਸਿਓਂ ਕੋਵਿਡ-19 ਦੇ ਸਰੀਰਕ ਦੂਰੀ ਦੇ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ ਲਾਂਘਾ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਸਮੇਂ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਕੁੜੱਤਣ ਬਹੁਤ ਵਧ ਚੁੱਕੀ ਹੈ ਅਤੇ ਭਾਰਤ ਨੇ ਪਾਕਿਸਤਾਨ ਨੂੰ ਦਿੱਲੀ ਵਿਚ ਆਪਣੇ ਸਫ਼ਾਰਤਖਾਨੇ ਦਾ ਸਟਾਫ਼ ਅੱਧਾ ਕਰਨ ਲਈ ਕਿਹਾ ਹੈ ਅਤੇ ਭਾਰਤ ਵੀ ਰਾਵਲਪਿੰਡੀ ਵਿਚ ਸਟਾਫ਼ ਏਸੇ ਤਰ੍ਹਾਂ ਘਟਾਏਗਾ। ਸਫ਼ਾਰਤੀ ਅਤੇ ਕੂਟਨੀਤਕ ਪੱਧਰ ’ਤੇ ਇਹ ਵੱਡੀ ਘਟਨਾ ਹੈ ਜੋ ਕੋਵਿਡ-19 ਦੀਆਂ ਸਮੱਸਿਆਵਾਂ ਕਾਰਨ ਅਣਗੌਲੀ ਰਹੀ ਹੈ।
ਭਾਰਤ ਸਰਕਾਰ ਵੱਲੋਂ 5 ਅਗਸਤ 2019 ਵਾਲੇ ਦਿਨ ਜੰਮੂ-ਕਸ਼ਮੀਰ ਦੀ ਧਾਰਾ 370 ਨੂੰ ਖ਼ਤਮ ਕਰਦਿਆਂ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤਬਦੀਲ ਕਰਨ ਸਮੇਂ ਤੋਂ ਹੀ ਪਾਕਿਸਤਾਨ ਨਾਲ ਕੂਟਨੀਤਿਕ ਸਬੰਧਾਂ ਵਿਚ ਗਿਰਾਵਟ ਵਿਚ ਤੇਜ਼ੀ ਆਈ। ਪਾਕਿਸਤਾਨ ਨੇ ਭਾਰਤੀ ਰਾਜਦੂਤ ਨੂੰ ਕੱਢ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਲਗਾਤਾਰ ਟਕਰਾਅ ਵਾਲੇ ਬਣੇ ਹਾਲਾਤ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦੋਵੇਂ ਸਰਕਾਰਾਂ ਸਹਿਮਤ ਹੋ ਗਈਆਂ ਸਨ। ਲਾਂਘਾ ਖੋਲ੍ਹਣ ਬਾਰੇ ਕਈ ਖ਼ਦਸ਼ੇ ਵੀ ਜ਼ਾਹਿਰ ਕੀਤੇ ਗਏ ਪਰ ਇਹ ਉਮੀਦ ਵੀ ਬੱਝੀ ਕਿ ਇਹ ਲਾਂਘਾ ਦੋਹਾਂ ਦੇਸ਼ਾਂ ਵਿਚਕਾਰ ਇਕ ਪੁਲ ਦਾ ਕੰਮ ਕਰੇਗਾ।
ਕਰਤਾਰਪੁਰ ਲਾਂਘਾ ਖੁੱਲ੍ਹਣ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਦੋਵਾਂ ਨੇ ਇਸ ਨੂੰ ਜਰਮਨ ਦੀ ਦੀਵਾਰ ਡਿੱਗਣ ਵਰਗੀ ਘਟਨਾ ਕਰਾਰ ਦਿੱਤਾ ਸੀ। ਇਹ ਵੀ ਉਮੀਦ ਹੈ ਕਿ ਕਰਤਾਰਪੁਰ ਲਾਂਘਾ ਕੇਵਲ ਧਾਰਮਿਕ ਭਾਵਨਾਵਾਂ ਤੱਕ ਸੀਮਤ ਨਾ ਰਹਿ ਕੇ ਵਧ ਰਹੀਆਂ ਔਕੜਾਂ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੰਗੇ ਸਬੰਧਾਂ ਦੀ ਬੁਨਿਆਦ ਬਣੇਗਾ। ਭਾਰਤ ਤੇ ਪਾਕਿਸਤਾਨ ਗੁਆਂਢੀ ਦੇਸ਼ ਹਨ ਅਤੇ ਦੋਹਾਂ ਵਿਚਕਾਰ ਵਪਾਰਕ ਸਬੰਧ ਸੁਧਰਨ ਨਾਲ ਦੋਹਾਂ ਦੇਸ਼ਾਂ ਦੇ ਅਰਥਚਾਰੇ ਨੂੰ ਫਾਇਦਾ ਹੋ ਸਕਦਾ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਲੀ ਸਦੀਆਂ ਪੁਰਾਣੀ ਸਾਂਝ ਨੂੰ ਦੋਹਾਂ ਦੇਸ਼ਾਂ ਵਿਚਕਾਰ ਚੰਗੇ ਸਬੰਧਾਂ ਦਾ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਮੌਜੂਦਾ ਇਕ ਦੂਸਰੇ ’ਤੇ ਅੰਤਰ ਨਿਰਭਰ ਦੁਨੀਆਂ ਵਿਚ ਸਰਹੱਦੀ ਲੜਾਈਆਂ ਦਾ ਯੁੱਗ ਬੀਤ ਗਿਆ ਹੈ ਅਤੇ ਇਹ ਜੰਗ ਕਿਸੇ ਦੇ ਵੀ ਹਿੱਤ ਵਿਚ ਨਹੀਂ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੌਰਾਨ ਦੋਹਾਂ ਦੇਸ਼ਾਂ ਵਿਚਲੇ ਸਬੰਧਾਂ ਦੇ ਸੁਧਰਨ ਦੇ ਸਬੱਬ ਨੂੰ ਵੱਡੀ ਸਾਂਝ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੀ ਇਸ ਪੇਸ਼ਕਸ਼ ਨੂੰ ਸਕਾਰਾਤਮਕ ਪੱਖ ਤੋਂ ਵੇਖਦਿਆਂ ਇਸ ਨੂੰ ਆਪਸੀ ਸਬੰਧ ਸੁਧਾਰਨ ਦੇ ਮੌਕੇ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ।