ਸਿਰਸਾ ਤੇ ਕੈਥਲ ਵਿੱਚ ਸਰਵਜੀਤ ਕੌਰ ਅਤੇ ਕੋਮਲ ਰਾਣੀ ਦੀਆਂ ਹੱਤਿਆਵਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਹਰਿਆਣਾ ਵਿੱਚ ਅਣਖ ਦੇ ਨਾਂ ’ਤੇ ਕਤਲਾਂ ਦੇ ਵਰਤਾਰੇ ਨੂੰ ਹਾਲੇ ਤੱਕ ਠੱਲ੍ਹ ਨਹੀਂ ਪੈ ਸਕੀ। ਸਰਵਜੀਤ ਕੌਰ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੇ ਪਰਿਵਾਰ ਨੇ ਸ਼ੁਰੂ ਵਿੱਚ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਰ ਕੇ ਹੋਈ ਸੀ। ਬਾਅਦ ਵਿੱਚ ਉਸ ਦੇ ਪਿਤਾ ਅਤੇ ਭਰਾ ਨੇ ਪੁਲੀਸ ਸਾਹਮਣੇ ਇਹ ਕਬੂਲ ਕਰ ਲਿਆ ਕਿ ਉਸ ਦੇ ਪ੍ਰੇਮ ਸਬੰਧਾਂ ਕਰ ਕੇ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਗਈ ਸੀ। ਉਸ ਦੇ ਪ੍ਰੇਮੀ ਦੀ ਆਰਥਿਕ ਹਾਲਤ ਮਾੜੀ ਦੱਸੀ ਜਾਂਦੀ ਹੈ। ਕੈਥਲ ਵਿੱਚ ਕੋਮਲ ਰਾਣੀ ਦੀ ਹੱਤਿਆ ਦਾ ਮੁੱਖ ਕਾਰਨ ਉਸ ਦੇ ਅੰਤਰਜਾਤੀ ਵਿਆਹ ਨੂੰ ਪ੍ਰਵਾਨ ਨਾ ਕੀਤਾ ਜਾਣਾ ਬਣਿਆ ਹੈ ਜਿਸ ਕਰ ਕੇ 17 ਕੁ ਸਾਲਾਂ ਦੇ ਲੜਕੇ ਨੇ ਆਪਣੀ ਵੱਡੀ ਭੈਣ ਨੂੰ ਗੋਲੀ ਮਾਰ ਕੇ ਜਾਨ ਲੈ ਲਈ। ਲੜਕੀ ਦਾ ਪਰਿਵਾਰ ਉਸ ਦੇ ਵਿਆਹ ਦੇ ਫ਼ੈਸਲੇ ਨੂੰ ਪ੍ਰਵਾਨ ਨਹੀਂ ਕਰਦਾ ਸੀ। ਹਰਿਆਣਾ ਨੇ ਦੇਸ਼ ਨੂੰ ਬਹੁਤ ਸਾਰੇ ਮਹਿਲਾ ਅਥਲੀਟ ਦਿੱਤੇ ਹਨ ਜਿਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰੀਆਂ ਹਨ ਪਰ ਇਸ ਦੇ ਬਾਵਜੂਦ ਇਸ ਦੇ ਮੱਥੇ ਤੋਂ ਲਿੰਗਕ ਨਾਇਨਸਾਫ਼ੀ ਅਤੇ ਗ਼ੈਰ-ਬਰਾਬਰੀ ਦਾ ਇਹ ਦਾਗ਼ ਨਹੀਂ ਮੇਟਿਆ ਜਾ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਵਰੀ 2015 ਵਿੱਚ ਆਪਣੀ ਸਰਕਾਰ ਦੇ ‘ਬੇਟੀ ਬਚਾਓ ਅਤੇ ਬੇਟੀ ਪੜ੍ਹਾਓ’ ਪ੍ਰੋਗਰਾਮ ਦੀ ਸ਼ੁਰੂਆਤ ਹਰਿਆਣਾ ਤੋਂ ਹੀ ਕੀਤੀ ਸੀ। ਇਸ ਦਾ ਮੰਤਵ ਲੜਕੀਆਂ ਦੀ ਜਨਮ ਦਰ ਵਿੱਚ ਸੁਧਾਰ ਲਿਆ ਕੇ ਸਮਾਜ ਵਿੱਚ ਲਿੰਗਕ ਅਨੁਪਾਤ ਵਿੱਚ ਸਮਤੋਲ ਪੈਦਾ ਕਰਨਾ ਅਤੇ ਔਰਤਾਂ ਦਾ ਸਸ਼ਕਤੀਕਰਨ ਕਰਨਾ ਸੀ। ਹਾਲਾਂਕਿ ਲੜਕੀਆਂ ਦੀ ਜਨਮ ਦਰ 900 ਦੇ ਅੰਕੜੇ ਨੂੰ ਪਾਰ ਕਰ ਗਈ ਪਰ ਸਮਾਜਿਕ ਮਾਨਸਿਕਤਾ ਵਿੱਚ ਤਬਦੀਲੀ ਦਾ ਟੀਚਾ ਅਜੇ ਕੋਹਾਂ ਦੂਰ ਜਾਪਦਾ ਹੈ। ਪਿੱਤਰ ਸੱਤਾ ਸਾਡੇ ਸਮਾਜ ਦੀ ਕੌੜੀ ਹਕੀਕਤ ਹੈ ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਜਿਸ ਕਰ ਕੇ ਹਰਿਆਣਾ ਅਤੇ ਖ਼ਾਸਕਰ ਇਸ ਦੇ ਪੇਂਡੂ ਖੇਤਰਾਂ ਵਿੱਚ ਲੜਕੀਆਂ ਦਾ ਜੀਵਨ ਅਤੇ ਮਾਣ ਸਨਮਾਨ ਅਸਰਅੰਦਾਜ਼ ਹੁੰਦਾ ਹੈ। ਕਰੀਬ ਨੌਂ ਸਾਲ ਪਹਿਲਾਂ ਹਰਿਆਣਾ ਦੇ ਬੀਬੀਪੁਰ ਪਿੰਡ ਦੇ ਸਰਪੰਚ ਸੁਨੀਲ ਜਗਲਾਨ ਨੇ ‘ਆਪਣੀ ਧੀ ਨਾਲ ਸੈਲਫ਼ੀ’ ਦੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਨੂੰ ਪ੍ਰਧਾਨ ਮੰਤਰੀ ਨੇ ਕਾਫ਼ੀ ਸਰਾਹਿਆ ਸੀ। ਵਿਦੇਸ਼ ਵਿੱਚ ਵੀ ਇਸ ਮੁਹਿੰਮ ਦੀ ਕਾਫ਼ੀ ਚਰਚਾ ਹੋਈ ਸੀ ਜਿਸ ਤਹਿਤ ਬਹੁਤ ਸਾਰੇ ਮਾਪੇ ਦੁਨੀਆ ਨੂੰ ਇਹ ਦੱਸਦੇ ਹੋਏ ਨਜ਼ਰ ਆਉਂਦੇ ਸਨ ਕਿ ਉਹ ਆਪਣੀਆਂ ਧੀਆਂ ’ਤੇ ਕਿੰਨਾ ਮਾਣ ਕਰਦੇ ਹਨ। ਧੀਆਂ ਪ੍ਰਤੀ ਸਮਾਜ ਦੀ ਮਾਨਸਿਕਤਾ ਬਦਲਣ ਲਈ ਸਮੁੱਚੇ ਭਾਈਚਾਰਿਆਂ ਨੂੰ ਇਸ ਵਿੱਚ ਸ਼ਾਮਿਲ ਕਰਨ ਲਈ ਮੁਹਿੰਮ ਚਲਾਉਣ ਦੀ ਲੋੜ ਹੈ ਅਤੇ ਇਨ੍ਹਾਂ ਵਿੱਚ ਨਿਰੰਤਰਤਾ ਵੀ ਬਣੀ ਰਹਿਣੀ ਚਾਹੀਦੀ ਹੈ। ਹਰਿਆਣਾ ਦੀਆਂ ਲੜਕੀਆਂ ਦੇਸ਼ ਲਈ ਨਾਮਣਾ ਖੱਟਣ ਵਿਚ ਮੋਹਰੀ ਰਹੀਆਂ ਹਨ ਅਤੇ ਸੂਬੇ ਨੂੰ ਫੋਕੀ ਅਣਖ ਦੇ ਨਾਂ ’ਤੇ ਲੜਕੀਆਂ ਦੇ ਕਤਲਾਂ ਦੀ ਇਸ ਪਿਰਤ ਕਰ ਕੇ ਆਪਣਾ ਨਾਂ ਬਦਨਾਮ ਨਹੀਂ ਕਰਨਾ ਚਾਹੀਦਾ।