ਭਾਰਤੀ ਜਨਤਾ ਪਾਰਟੀ ਲਖੀਮਪੁਰ ਖੀਰੀ ਦੀ ਘਟਨਾ ਬਾਰੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ’ਚ ਇਹ ਦਲੀਲ ਵਰਤ ਰਹੀ ਹੈ ਕਿ ਇਸ ਘਟਨਾ ਨੂੰ ਨਿੰਦਣ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਪਾਰਟੀ ਦੇ ਆਲੋਚਕਾਂ ਨੂੰ ਅਜਿਹੀਆਂ ਹੋਰ ਘਟਨਾਵਾਂ ਦੀ ਵੀ ਨਿੰਦਾ ਕਰਨੀ ਚਾਹੀਦੀ ਹੈ। ਅਮਰੀਕਾ ਦਾ ਦੌਰਾ ਕਰ ਰਹੀ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਹਾਵਰਡ ਯੂਨੀਵਰਸਿਟੀ ਦੇ ਜਾਹਨ ਐਫ਼ ਕੈਨਡੀ ਸਕੂਲ ਆਫ਼ ਗਵਰਨਮੈਂਟ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਬਾਰੇ ਪ੍ਰਸ਼ਨਾਂ ਦਾ ਉੱਤਰ ਦੇਣ ਵਿਚ ਕਾਫ਼ੀ ਔਖਿਆਈ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੇ ਵੀ ਉਪਰੋਕਤ ਦਲੀਲ ਹੀ ਵਰਤੀ। ਅਜਿਹੀ ਦਲੀਲ ਵਰਤਣ ਦਾ ਮਨੋਰਥ ਹਮੇਸ਼ਾ ਇਹ ਦੱਸਣਾ ਹੁੰਦਾ ਹੈ ਕਿ ਦੇਸ਼ ਵਿਚ ਅਜਿਹੀਆਂ ਹੋਰ ਘਟਨਾਵਾਂ ਵੀ ਵਾਪਰਦੀਆਂ ਹਨ ਪਰ ਵਿਰੋਧੀ ਪਾਰਟੀਆਂ ਸਭ ਘਟਨਾਵਾਂ ਦਾ ਵਿਰੋਧ ਨਾ ਕਰਕੇ ਸਿਰਫ਼ ਕੁਝ ਘਟਨਾਵਾਂ ਨੂੰ ਜ਼ਿਆਦਾ ਉਭਾਰਦੀਆਂ ਅਤੇ ਉਨ੍ਹਾਂ ਤੋਂ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ।
ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਹਨ ਅਤੇ ਬਹੁਤ ਵਾਰ ਸੱਤਾਧਾਰੀ ਪਾਰਟੀਆਂ ਅੰਦੋਲਨ ਕਰ ਰਹੇ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੀਆਂ ਹਨ। ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀਆਂ ਜਥੇਬੰਦੀਆਂ ਪਹਿਲਾਂ ਤੋਂ ਬਹੁਤ ਕਮਜ਼ੋਰ ਹੋ ਚੁੱਕੀਆਂ ਹਨ ਅਤੇ ਪਿਛਲੇ ਸਮਿਆਂ ਵਿਚ ਵੱਡੇ ਪਾਸਾਰਾਂ ਵਾਲੇ ਅੰਦੋਲਨ ਨਹੀਂ ਉਸਾਰ ਸਕੀਆਂ। ਕਰੋੜਾਂ ਮਿਹਨਤਕਸ਼ ਗ਼ੈਰਰਸਮੀ ਖੇਤਰਾਂ ਵਿਚ ਕੰਮ ਕਰਦੇ ਹਨ, ਜਿੱਥੇ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੀ ਅਣਹੋਂਦ ਹੈ। ਪਿਛਲੇ ਕੁਝ ਦਹਾਕਿਆਂ ਤੋਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਚ ਸਥਾਨਕ ਘੋਲ ਲੜ ਕੇ ਆਪਣੀ ਪਛਾਣ ਤੇ ਆਧਾਰ ਨੂੰ ਮਜ਼ਬੂਤ ਕੀਤਾ ਹੈ। ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਜਨਤਕ ਆਧਾਰ ’ਤੇ ਉਸਰਿਆ ਅਤੇ ਇਸ ਨੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਵਿਚ ਨਵਾਂ ਉਭਾਰ ਤੇ ਚੇਤਨਾ ਪੈਦਾ ਕੀਤੀ। ਇਸ ਦਾ ਅਸਰ ਦੇਸ਼ ਦੇ ਹੋਰ ਸੂਬਿਆਂ ਅਤੇ ਖੇਤਰਾਂ ਵਿਚ ਵੀ ਪਿਆ ਹੈ ਪਰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਇਹ ਪ੍ਰਭਾਵ ਜ਼ਿਆਦਾ ਪ੍ਰਚੰਡ ਤੇ ਤੀਬਰ ਹੈ।
ਲਖੀਮਪੁਰ ਖੀਰੀ ਵਿਚ ਹੋਈ ਘਟਨਾ ਵੀ ਇਸੇ ਉਭਾਰ ’ਚੋਂ ਪੈਦਾ ਹੋਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਹ ਫ਼ੈਸਲਾ ਕੀਤਾ ਸੀ/ਹੈ ਕਿ ਭਾਜਪਾ ਆਗੂਆਂ ਦੇ ਜਨਤਕ ਸਮਾਗਮਾਂ ਦਾ ਵਿਰੋਧ ਕੀਤਾ ਜਾਵੇ। ਇਸ ਕਾਰਨ ਭਾਜਪਾ ਨੂੰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਮੁੱਖ ਮੰਤਰੀਆਂ, ਉਪ ਮੁੱਖ ਮੰਤਰੀਆਂ, ਮੰਤਰੀਆਂ ਤੇ ਭਾਜਪਾ ਦੇ ਆਗੂਆਂ ਦੇ ਸਮਾਗਮ ਰੱਦ ਕਰਨੇ ਪਏ ਜਾਂ ਉੱਥੇ ਭਾਰੀ ਵਿਰੋਧ ਹੋਇਆ। ਭਾਰਤੀ ਜਨਤਾ ਪਾਰਟੀ ਕੇਂਦਰ ਵਿਚ ਵੱਡੇ ਬਹੁਮਤ ਕਾਰਨ ਇਹ ਸਮਝਣ ਤੋਂ ਅਸਮਰੱਥ ਰਹੀ ਹੈ ਕਿ ਕਿਸਾਨਾਂ ਦਾ ਗੁੱਸਾ ਤੇ ਰੋਹ ਜਾਇਜ਼ ਹਨ। ਭਾਜਪਾ ਦੇ ਆਗੂ ਸੱਤਾ ਅਤੇ ਤਾਕਤ ਦੀ ਵਰਤੋਂ ਨਾਲ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਲਖੀਮਪੁਰ ਖੀਰੀ ਵਿਚ ਹੋਈ ਘਟਨਾ ਅਜਿਹੀ ਪਹੁੰਚ ਕਾਰਨ ਹੀ ਵਾਪਰੀ। ਦਨਦਨਾਉਂਦੀਆਂ ਗੱਡੀਆਂ ਨਾਲ ਕਿਸਾਨਾਂ ਨੂੰ ਕੁਚਲਣ ਤੋਂ ਬਾਅਦ ਭਾਜਪਾ ਵਿਚ ਸ੍ਵੈ-ਪੜਚੋਲ ਦੀ ਭਾਵਨਾ ਦਿਖਾਈ ਨਹੀਂ ਦਿੱਤੀ ਅਤੇ ਉੱਤਰ ਪ੍ਰਦੇਸ਼ ਸਰਕਾਰ ਦੀ ਅਸੰਵੇਦਨਸ਼ੀਲ ਪਹੁੰਚ ’ਤੇ ਪਰਦਾ ਪਾਉਣ ਲਈ ਇਹ ਦਲੀਲ ਕਿ ਇਸ ਘਟਨਾ ਦਾ ਵਿਰੋਧ ਕਰਨ ਵਾਲਿਆਂ ਨੂੰ ਹੋਰ ਅਜਿਹੀਆਂ ਘਟਨਾਵਾਂ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ, ਵਰਤੀ ਜਾ ਰਹੀ ਹੈ। ਭਾਜਪਾ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਹਮੇਸ਼ਾ ਗ਼ਲਤ ਵਰਤਾਰਿਆਂ ਵਿਰੁੱਧ ਆਵਾਜ਼ ਉਠਾਉਂਦੀਆਂ ਆਈਆਂ ਹਨ। ਉਨ੍ਹਾਂ ਕਾਂਗਰਸ ਅਤੇ ਹੋਰ ਸੱਤਾਧਾਰੀ ਪਾਰਟੀਆਂ ਦੇ ਸ਼ਾਸਨ ਦੌਰਾਨ ਵੀ ਅੰਦੋਲਨ ਕੀਤੇ। ਉਨ੍ਹਾਂ ’ਤੇ ਘਟਨਾਵਾਂ ਪ੍ਰਤੀ ਚੋਣਵੀਂ ਪਹੁੰਚ ਰੱਖਣ ਦਾ ਦੋਸ਼ ਲਗਾਉਣਾ ਬਿਲਕੁਲ ਗ਼ਲਤ ਹੈ। ਨਿਰਮਲਾ ਸੀਤਾਰਾਮਨ ਨੇ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤਿਆ ਸੇਨ ਦੇ ਵਿਚਾਰਾਂ ਦੀ ਵੀ ਤਿੱਖੀ ਆਲੋਚਨਾ ਕੀਤੀ। ਨਿਰਮਲਾ ਸੀਤਾਰਾਮਨ ਅਤੇ ਹੋਰ ਭਾਜਪਾ ਆਗੂਆਂ ਦੁਆਰਾ ਲਖੀਮਪੁਰ ਖੀਰੀ ਦੀਆਂ ਘਟਨਾਵਾਂ ਨੂੰ ਗ਼ਲਤ ਰੰਗਤ ਵਿਚ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਾਮਯਾਬ ਹੋਣ ਵਾਲੀਆਂ ਨਹੀਂ। ਕਿਸਾਨ ਜਥੇਬੰਦੀਆਂ ਅਤੇ ਜਮਹੂਰੀ ਤਾਕਤਾਂ ਨੂੰ ਇਕਜੁੱਟਤਾ ਨਾਲ ਅਜਿਹੇ ਬਿਰਤਾਂਤ ਦਾ ਸਾਹਮਣਾ ਕਰਨਾ ਚਾਹੀਦਾ ਹੈ।