ਗਾਜ਼ੀਪੁਰ ਵਿਚ ਪਿਛਲੇ ਵੀਰਵਾਰ ਦੀ ਸ਼ਾਮ ਕਿਸਾਨਾਂ ਦੇ ਇਕੱਠ ਨੂੰ ਖਦੇੜਨ ਲਈ ਪੁਲੀਸ ਪਹੁੰਚੀ। ਇਹ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਸਪੱਸ਼ਟ ਹੈ ਕਿ ਕਿਸਾਨਾਂ ਦੀ ਟੱਕਰ ਸਰਕਾਰ ਨਾਲ ਹੈ। ਸਰਕਾਰ ਲਗਾਤਾਰ ਖੇਤੀ ਕਾਨੂੰਨਾਂ ਨੂੰ ਸਹੀ ਦਰਸਾਉਂਦੀ ਹੋਈ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਗੁਮਰਾਹ ਕੀਤਾ ਗਿਆ ਹੈ। ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਵੀ ਰੋਕਿਆ ਅਤੇ ਦਿੱਲੀ ਵਿਚ ਰਾਮ ਲੀਲ੍ਹਾ ਮੈਦਾਨ ਜਾਂ ਜੰਤਰ-ਮੰਤਰ ਵਿਚ ਮੁਜ਼ਾਹਰਾ ਕਰਨ ਤੋਂ ਵੀ। ਸਰਕਾਰ ਕਿਸਾਨਾਂ ਨੂੰ ਸਿੰਘੂ, ਟਿੱਕਰੀ, ਗਾਜ਼ੀਪੁਰ, ਸ਼ਾਹਜਹਾਨਪੁਰ ਤੇ ਹੋਰ ਥਾਵਾਂ ਤੋਂ ਉਠਾਉਣਾ ਚਾਹੁੰਦੀ ਹੈ ਅਤੇ ਇਸ ਤਰ੍ਹਾਂ ਪੁਲੀਸ ਦੇ ਗਾਜ਼ੀਪੁਰ ਆਉਣ ਨੂੰ ਸੁਭਾਵਿਕ ਸਰਕਾਰੀ ਕਾਰਵਾਈ ਮੰਨਿਆ ਜਾ ਸਕਦਾ ਹੈ। ਉੱਥੇ ਭਾਰਤੀ ਕਿਸਾਨ ਯੂਨੀਅਨ ਦਾ ਆਗੂ ਰਾਕੇਸ਼ ਟਿਕੈਤ ਵੀ ਹਾਜ਼ਰ ਸੀ ਅਤੇ ਉਸ ਨੇ ਕਿਹਾ ਕਿ ਉਹ ਅਤੇ ਉਸ ਦੇ ਸਾਥੀ ਪੁਲੀਸ ਦੀਆਂ ਲਾਠੀਆਂ ਖਾਣ ਲਈ ਤਿਆਰ ਹਨ ਪਰ ਨਾਲ ਹੀ ਉਸ ਨੇ ਕਿਹਾ ਕਿ ਉਹ ਦੇਖ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇਕ ਆਗੂ ਅਤੇ ਉਸ ਦੇ ਹਮਾਇਤੀ ਕਿਸਾਨਾਂ ’ਤੇ ਹਮਲਾ ਕਰਨ ਆਏ ਹੋਏ ਹਨ। ਰਾਕੇਸ਼ ਟਿਕੈਤ ਭਾਵੁਕ ਹੋ ਗਿਆ। ਉਸ ਦੀਆਂ ਅੱਖਾਂ ’ਚੋਂ ਹੰਝੂ ਡਿੱਗੇ ਅਤੇ ਉਸ ਨੇ ਐਲਾਨ ਕੀਤਾ ਕਿ ਕਿਸਾਨ ਆਪਣੀ ਥਾਂ ਛੱਡ ਕੇ ਨਹੀਂ ਜਾਣਗੇ।
ਸ਼ੁੱਕਰਵਾਰ ਦੀ ਸਵੇਰ ਇਸੇ ਤਰ੍ਹਾਂ ਕੁਝ ਹੁੱਲੜਬਾਜ਼ਾਂ ਨੇ ਡਾਂਗਾਂ-ਸੋਟਿਆਂ ਨਾਲ ਸਿੰਘੂ ਬਾਰਡਰ ’ਤੇ ਸ਼ਾਂਤਮਈ ਢੰਗ ਨਾਲ ਬੈਠੇ ਕਿਸਾਨਾਂ ’ਤੇ ਹਮਲਾ ਕਰ ਦਿੱਤਾ। ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਦੇ ਪਿੰਡਿਆਂ ’ਤੇ ਡਾਂਗਾਂ-ਸੋਟਿਆਂ ਦਾ ਮੀਂਹ ਵਰਸਾ ਦਿੱਤਾ। ਕਿਸਾਨ ਸ਼ਾਂਤਮਈ ਢੰਗ ਨਾਲ ਬੈਠੇ ਵਾਹਿਗੁਰੂ/ਪ੍ਰਭੂ ਦਾ ਜਾਪ ਕਰਦੇ ਰਹੇ। ਸ਼ਾਂਤਮਈ ਰਹਿਣਾ ਇਸ ਅੰਦੋਲਨ ਦੀ ਤਾਕਤ ਬਣਿਆ ਹੈ ਅਤੇ ਕਿਸਾਨ ਆਗੂ ਤੇ ਕਿਸਾਨ ਸ਼ਾਂਤਮਈ ਰਹਿਣ ਲਈ ਵਚਨਬੱਧ ਹਨ। ਸਿੰਘੂ ਵਿਚ ਹੋਈ ਘਟਨਾ ਬਾਰੇ ਕਈ ਸਵਾਲ ਉੱਠਦੇ ਹਨ: ਪਹਿਲਾ ਇਹ ਕਿ ਇਹ ਹੁੱਲੜਬਾਜ਼ ਕੌਣ ਸਨ; ਪਹਿਲਾਂ ਦੱਸਿਆ ਗਿਆ ਕਿ ਉਹ ਸਥਾਨਕ ਲੋਕ ਹਨ ਪਰ ਬਾਅਦ ਵਿਚ ਇਹ ਗੱਲ ਗ਼ਲਤ ਨਿਕਲੀ। ਸਥਾਨਕ ਲੋਕ ਹੁਣ ਵੀ ਕਿਸਾਨਾਂ ਦੇ ਨਾਲ ਹਨ। ਪਹਿਲੇ ਸਵਾਲ ਵਿਚਲਾ ਮਸਲਾ ਇਹ ਹੈ ਕਿ ਜੇ ਇਹ ਹੁੱਲੜਬਾਜ਼ ਸਥਾਨਕ ਲੋਕ ਨਹੀਂ ਸਨ ਤਾਂ ਇਹ ਕੌਣ ਸਨ: ਲਾਠੀਆਂ-ਡਾਂਗਾਂ ਨਾਲ ਲੈਸ ਸ਼ਾਂਤਮਈ ਕਿਸਾਨਾਂ ਦੇ ਅੰਦੋਲਨ ਵਿਚ ਬਿਖਰਾਓ ਪੈਦਾ ਕਰਨ ਵਾਲੇ, ਕਿਸਾਨਾਂ ਦੇ ਪਿੰਡਿਆਂ ’ਤੇ ਲਾਸਾਂ ਪਾਉਣ ਵਾਲੇ। ਦੂਸਰਾ ਸਵਾਲ ਇਹ ਹੈ ਕਿ ਇਨ੍ਹਾਂ ਹੁੱਲੜਬਾਜ਼ਾਂ ਨੂੰ ਉੱਥੇ ਕੌਣ ਲਿਆਇਆ। ਤੀਸਰਾ ਸਵਾਲ ਪੁਲੀਸ ਦੀ ਭੂਮਿਕਾ ਬਾਰੇ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਹੋਣ ਦੇ ਬਾਵਜੂਦ ਇਹ ਸ਼ਰਾਰਤੀ ਅਨਸਰ, ਜਿਨ੍ਹਾਂ ਦਾ ਵਿਹਾਰ ਗੁੰਡਿਆਂ ਵਾਲਾ ਸੀ, ਕਿਸਾਨਾਂ ਦੇ ਇਕੱਠ ਤਕ ਕਿਵੇਂ ਪਹੁੰਚੇ; ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਕਿਉਂ ਨਾ? ਇਹ ਸਵਾਲ ਵੱਡੀ ਤਫ਼ਤੀਸ਼ ਦੀ ਮੰਗ ਕਰਦਾ ਹੈ।
ਫਰਵਰੀ 2020 ਵਿਚ ਦਿੱਲੀ ਵਿਚ ਸ਼ਾਹੀਨ ਬਾਗ ਵਿਚ ਦਸੰਬਰ 2019 ਤੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪੁਰਅਮਨ ਧਰਨਾ ਦਿੱਤਾ ਜਾ ਰਿਹਾ ਸੀ। ਸ਼ਾਹੀਨ ਬਾਗ ਦੀਆਂ ਨਾਨੀਆਂ, ਦਾਦੀਆਂ ਅਤੇ ਹਰ ਉਮਰ ਦੀਆਂ ਔਰਤਾਂ ਇਸ ਦੀ ਅਗਵਾਈ ਕਰ ਰਹੀਆਂ ਸਨ। ਅੰਦੋਲਨਕਾਰੀ ਸੰਵਿਧਾਨ ਨੂੰ ਆਪਣਾ ਪਰਚਮ ਬਣਾ ਕੇ ਇਹ ਸਵਾਲ ਪੁੱਛ ਰਹੇ ਸਨ ਕਿ ਨਾਗਰਿਕਤਾ ਦੇਣ ਵਾਸਤੇ ਧਰਮ ਦੇ ਆਧਾਰ ’ਤੇ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਖ਼ਦਸ਼ੇ ਵੀ ਹਨ ਕਿ ਨਾਗਰਿਕਾਂ ਦਾ ਕੌਮੀ ਰਜਿਸਟਰ (National Register of Citizens) ਦੀ ਕਾਰਵਾਈ ਸ਼ੁਰੂ ਹੋਣ ਨਾਲ ਉਨ੍ਹਾਂ ਤੋਂ ਇਹ ਸਵਾਲ ਪੁੱਛੇ ਜਾਣਗੇ ਕਿ ਉਹ ਇਸ ਧਰਤੀ, ਜਿਸ ’ਤੇ ਉਨ੍ਹਾਂ ਦੇ ਵੱਡੇ-ਵਡੇਰੇ ਸਦੀਆਂ ਤੋਂ ਰਹਿ ਰਹੇ ਹਨ, ਦੇ ਜਾਏ ਹੋਣ ਦੇ ਸਬੂਤ ਪੇਸ਼ ਕਰਨ। ਇਸ ਅੰਦੋਲਨ ਵਿਚ ਹਰ ਧਰਮ ਦੇ ਨੌਜਵਾਨਾਂ, ਵਿਦਿਆਰਥੀਆਂ, ਚਿੰਤਕਾਂ, ਕਲਾਕਾਰਾਂ, ਵਿਦਵਾਨਾਂ ਅਤੇ ਸਭ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ। ਕਈ ਹੋਰ ਸ਼ਹਿਰਾਂ ਵਿਚ ਵੀ ਅਜਿਹੇ ਧਰਨੇ ਲੱਗੇ। ਦਿੱਲੀ ਵਿਚ ਵੀ ਔਰਤਾਂ ਨੇ ਕੁਝ ਹੋਰ ਥਾਵਾਂ ’ਤੇ ਧਰਨੇ ਲਾਏ ਅਤੇ ਅੰਦੋਲਨ ਨੂੰ ਵਧਾਉਣ ਦਾ ਐਲਾਨ ਕੀਤਾ। ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨਾ ਨਾਗਰਿਕਾਂ ਦਾ ਹੱਕ ਹੈ ਪਰ ਅਚਨਚੇਤ 23 ਫਰਵਰੀ 2020 ਨੂੰ ਉੱਤਰ-ਪੂਰਬੀ ਦਿੱਲੀ ਵਿਚ ਭਾਜਪਾ ਆਗੂ ਕਪਿਲ ਮਿਸ਼ਰਾ ਉਸ ਜ਼ਿਲ੍ਹੇ ਦੇ ਪੁਲੀਸ ਮੁਖੀ ਦੀ ਹਾਜ਼ਰੀ ਵਿਚ ਪ੍ਰਗਟ ਹੁੰਦਾ ਹੈ ਅਤੇ ਧਮਕੀ ਦਿੰਦਾ ਹੈ ਕਿ ਜੇ ਅੰਦੋਲਨਕਾਰੀ ਅੰਦੋਲਨ ਕਰਨ ਤੋਂ ਨਾ ਹਟੇ ਤਾਂ ਉਹ ਉਨ੍ਹਾਂ ਨੂੰ ਹਟਾਉਣਗੇ। ਇਹ ‘ਉਹ’ ਕੌਣ ਹਨ? ਨਤੀਜਾ ਇਹ ਨਿਕਲਦਾ ਹੈ ਕਿ ਦਿੱਲੀ ਵਿਚ ਫ਼ਿਰਕੂ ਹਿੰਸਾ ਭੜਕ ਉੱਠਦੀ ਹੈ। ਕਤਲੋਗਾਰਤ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਿਚ 53 ਜਾਨਾਂ ਗਈਆਂ ਅਤੇ ਸੈਂਕੜੇ ਲੋਕ ਬੇਘਰ ਹੋ ਗਏ।
ਪੁਲੀਸ ਇਸ ਹਿੰਸਾ ਨੂੰ ਭੜਕਾਉਣ ਦਾ ਦੋਸ਼ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਦੇ ਸਿਰ ’ਤੇ ਮੜ੍ਹਦੀ ਹੈ। ਵਿਦਿਆਰਥੀ ਆਗੂਆਂ ਨੂੰ ਜੇਲ੍ਹ ਵਿਚ ਡੱਕਿਆ ਜਾਂਦਾ ਹੈ ਅਤੇ ਵਿਦਵਾਨਾਂ ਤੇ ਸਮਾਜਿਕ ਕਾਰਕੁਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹ ਸ਼ਰਾਰਤੀ ਅਨਸਰ ਜਿਹੜੇ ਕਪਿਲ ਮਿਸ਼ਰਾ ਦੇ ਪਿੱਛੇ ਖੜ੍ਹੇ ਸਨ, ਜਿਨ੍ਹਾਂ ਨੇ ਹਿੰਸਾ ਦੀ ਅੱਗ ਭੜਕਾਈ, ਦੀ ਸ਼ਨਾਖ਼ਤ ਨਹੀਂ ਹੁੰਦੀ। ਉਨ੍ਹਾਂ ਭਾਜਪਾ ਆਗੂਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਜਿਨ੍ਹਾਂ ਨੇ ‘‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ … ਕੋ’’ ਜਿਹੇ ਨਾਅਰੇ ਲਾਏ। ਅਜਿਹੇ ਨਾਅਰੇ ਲਾਉਣ ਵਾਲੇ ਕੌਣ ਲੋਕ ਸਨ/ਹਨ?
ਇਸੇ ਤਰ੍ਹਾਂ 5 ਜਨਵਰੀ 2020 ਨੂੰ ਕੁਝ ਗੁੰਡਿਆਂ ਤੇ ਉਨ੍ਹਾਂ ਦੇ ਸਾਥੀਆਂ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਵੜ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੁੱਟਿਆ। ਨਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਨਾ ਹੀ ਪੁਲੀਸ ਉਨ੍ਹਾਂ ਦੀ ਪਛਾਣ ਕਰ ਸਕੀ। ਇਕ ਸਾਲ ਤੋਂ ਵੱਧ ਸਮੇਂ ਬਾਅਦ ਵੀ ਦਿੱਲੀ ਪੁਲੀਸ ਨੇ ਜੇਐੱਨਯੂ ਵਿਚ ਹਿੰਸਾ ਕਰਨ ਵਾਲਿਆਂ ਵਿਚੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ।
ਸਵਾਲ ਇਹ ਹੈ ਕਿ ਇਹ ਸ਼ਰਾਰਤੀ ਅਨਸਰ ਇੰਨੇ ਬੇਪਛਾਣ ਕਿਉਂ ਹਨ; ਲੋਕਾਂ ਤੋਂ ਇਨ੍ਹਾਂ ਹੁੱਲੜਬਾਜ਼ਾਂ ਦੇ ਚਿਹਰੇ ਕੌਣ ਲੁਕਾਉਂਦਾ ਹੈ? ਕੌਣ ਇਨ੍ਹਾਂ ਸ਼ਰਾਰਤੀ ਤੱਤਾਂ ਨੂੰ ਉਕਸਾਉਂਦਾ, ਉਨ੍ਹਾਂ ਦੀ ਮਦਦ ਕਰਦਾ ਅਤੇ ਬਚਾਉਂਦਾ ਹੈ? ਸਪੱਸ਼ਟ ਹੈ ਕਿ ਅਜਿਹੇ ਤੱਤਾਂ ਨੂੰ ਸੱਤਾਧਾਰੀ ਹੀ ਬਚਾ ਸਕਦੇ ਹਨ।
ਇਹ ਸ਼ਰਾਰਤੀ ਅਨਸਰ ਕੋਈ ਅਸਮਾਨੋਂ ਨਹੀਂ ਉਤਰੇ। ਇਹ ਸਾਡੇ ਵਿਚੋਂ ਹੀ ਹਨ ਪਰ ਇਨ੍ਹਾਂ ਨੂੰ ਵਰਗਲਾ ਕੇ ਉਨ੍ਹਾਂ ਦੇ ਮਨਾਂ ਵਿਚ ਜ਼ਹਿਰ ਭਰਿਆ ਗਿਆ ਹੈ; ਉਨ੍ਹਾਂ ਦੀ ਸੋਚ ਨੂੰ ਫ਼ਿਰਕੂ ਅਤੇ ਜਾਤੀਵਾਦੀ ਬਣਾ ਦਿੱਤਾ ਗਿਆ ਹੈ; ਸੱਤਾਧਾਰੀਆਂ ਨੇ ਉਨ੍ਹਾਂ ਤੋਂ ਸੋਚਣ ਦੀ ਤਾਕਤ ਖੋਹ ਕੇ ਉਨ੍ਹਾਂ ਨੂੰ ਭਾਈਚਾਰਕ ਸੂਝ-ਸਮਝ ਤੋਂ ਵਿਰਵਿਆਂ ਕਰ ਦਿੱਤਾ ਹੈ। ਉਨ੍ਹਾਂ ਨੂੰ ਪੈਸੇ ਦੇ ਕੇ ਖਰੀਦਿਆ ਅਤੇ ਸੱਤਾ ਦਾ ਲਾਲਚ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਮਨ ਵਿਚ ਨਫ਼ਰਤ ਭਰ ਕੇ ਆਪਣੇ ਹੀ ਭੈਣਾਂ-ਭਰਾਵਾਂ ’ਤੇ ਹਮਲਾ ਕਰਨ ਲਈ ਉਕਸਾਇਆ ਜਾਂਦਾ ਹੈ। ਭਰਾਵਾਂ ਨੂੰ ਭਰਾਵਾਂ ਵਿਰੁੱਧ ਖੜ੍ਹੇ ਕਰ ਕੇ ਸੱਤਾਧਾਰੀ ਖੁਸ਼ ਹੁੰਦੇ ਹਨ ਕਿ ਸਮਾਜ ਵਿਚ ਵੰਡੀਆਂ ਪੈ ਰਹੀਆਂ ਹਨ; ਕਿਸਾਨਾਂ ਅਤੇ ਵਿਦਿਆਰਥੀਆਂ ’ਤੇ ਹਮਲੇ ਕਰਨ ਵਾਲੇ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਵਰਤਿਆ ਜਾ ਰਿਹਾ ਹੈ; ਉਨ੍ਹਾਂ ਤੋਂ ਉਨ੍ਹਾਂ ਦੀ ਮਨੁੱਖਤਾ ਖੋਹੀ ਜਾ ਰਹੀ ਹੈ।
ਮੌਜੂਦਾ ਕਿਸਾਨ ਸੰਘਰਸ਼ ਦੇ ਪ੍ਰਸੰਗ ਵਿਚ ਸਵਾਲ ਇਸ ਘਿਨਾਉਣੀ ਸਾਜ਼ਿਸ਼ ਦੇ ਢੰਗ-ਤਰੀਕੇ ਨੂੰ ਬੇਪਰਦ ਕਰਨ ਦੇ ਨਾਲ ਨਾਲ ਇਨ੍ਹਾਂ ਸ਼ਰਾਰਤੀ ਲੋਕਾਂ ਅਤੇ ਇਨ੍ਹਾਂ ਦੀ ਪਿੱਠ ’ਤੇ ਬੈਠੇ ਸੱਤਾਧਾਰੀਆਂ ਦੀ ਪਛਾਣ ਕਰਨ ਦਾ ਹੈ। ਕਿਸਾਨਾਂ, ਵਿਦਿਆਰਥੀਆਂ ਅਤੇ ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਲੋਕਾਂ ਕੋਲ ਕੋਈ ਚਾਰਾ ਨਹੀਂ ਬਚਦਾ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਮਾਜਿਕ ਤੌਰ ’ਤੇ ਬੇਨਕਾਬ ਕਰਦਿਆਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾਵੇ।
-ਸਵਰਾਜਬੀਰ