ਧੁਰ ਸੱਜੇ-ਪੱਖੀਆਂ, ਧੁਰ ਖੱਬੇ-ਪੱਖੀਆਂ ਅਤੇ ਧਾਰਮਿਕ ਮੂਲਵਾਦੀਆਂ ਵਿਚ ਕਈ ਸਾਂਝਾਂ ਹੁੰਦੀਆਂ ਹਨ। ਉਦਾਹਰਨ ਦੇ ਤੌਰ ’ਤੇ ਧੁਰ ਸੱਜੇ-ਪੱਖੀਆਂ ਅਤੇ ਮੂਲਵਾਦੀਆਂ ਵਿਚ ਔਰਤਾਂ ਬਾਰੇ ਸਮਝ ਇਕੋ ਜਿਹੀ ਹੈ ਕਿ ਇਹ ਸਮਾਜ ਅਤੇ ਮਰਦ ਫ਼ੈਸਲਾ ਕਰਨਗੇ ਕਿ ਔਰਤਾਂ ਕਿਹੋ ਜਿਹਾ ਲਬਿਾਸ ਪਾਉਣ, ਕਿਸ ਉਮਰ ਵਿਚ ਅਤੇ ਕਿਸ ਨਾਲ ਵਿਆਹ ਕਰਵਾਉਣ ਅਤੇ ਆਪਣੀ ਜਾਤ/ਨਸਲ/ਧਰਮ ਤੋਂ ਬਾਹਰ ਦੇ ਮਰਦਾਂ ਨਾਲ ਕੋਈ ਰਿਸ਼ਤਾ-ਨਾਤਾ ਨਾ ਰੱਖਣ। ਅਜਿਹੀ ਸੋਚ ਮਰਦ-ਪ੍ਰਧਾਨ ਸੋਚ ਹੋਣ ਦੇ ਨਾਲ ਨਾਲ ਮੱਧਕਾਲੀਨ ਸਮਿਆਂ ਵਿਚ ਉੱਭਰੇ ਦ੍ਰਿਸ਼ਟੀਕੋਣਾਂ ਨਾਲ ਵੱਡੀ ਸਾਂਝ ਰੱਖਦੀ ਹੈ। ਅਜਿਹੀ ਸਮਝ ਔਰਤ ਨੂੰ ਬਰਾਬਰ ਦਾ ਪ੍ਰਾਣੀ ਸਮਝਣ ਤੋਂ ਨਾਂਹ ਕਰਦੀ ਤੇ ਔਰਤਾਂ ਦੀ ਬਰਾਬਰੀ ਦੇ ਅਧਿਕਾਰਾਂ ਨੂੰ ਨਕਾਰਦੀ ਹੈ।
ਇਸੇ ਤਰ੍ਹਾਂ ਕੋਵਿਡ-19 ਦੀ ਮਹਾਮਾਰੀ ਬਾਰੇ ਧੁਰ ਸੱਜੇ-ਪੱਖੀਆਂ, ਧੁਰ ਖੱਬੇ-ਪੱਖੀਆਂ ਤੇ ਧਾਰਮਿਕ ਮੂਲਵਾਦੀਆਂ ਵਿਚੋਂ ਕੁਝ ਦੇ ਵਿਚਾਰ ਸਾਂਝੇ ਹਨ। ਕੁਝ ਧੁਰ ਸੱਜੇ-ਪੱਖੀ ਕੋਵਿਡ-19 ਦੇ ਸ਼ੁਰੂਆਤੀ ਦਿਨਾਂ ਵਿਚ ਇਹ ਸੋਚਦੇ ਸਨ ਕਿ ਕੋਵਿਡ-19 ਦੀ ਮਹਾਮਾਰੀ ਗੰਭੀਰ ਮਸਲਾ ਨਹੀਂ ਹੈ ਅਤੇ ਮਾਸਕ ਲਾਉਣ ਤੇ ਸਰੀਰਕ ਦੂਰੀ ਬਣਾ ਕੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਸਬੰਧ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਬਰਾਜ਼ੀਲ ਦੇ ਰਾਸ਼ਟਰਪਤੀ ਜੋਰ ਬੋਲਸੋਨਾਰੋ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਵਿਚਾਰ ਹਾਸੋਹੀਣੀ ਪੱਧਰ ਦੇ ਸਨ/ਹਨ। ਇਸੇ ਤਰ੍ਹਾਂ ਕੁਝ ਧਾਰਮਿਕ ਮੂਲਵਾਦੀ ਇਸ ਨੂੰ ਦੂਸਰੇ ਧਾਰਮਿਕ ਫ਼ਿਰਕਿਆਂ ਦੀ ਸਾਜ਼ਿਸ਼ ਸਮਝਦੇ ਹਨ/ਸਨ। ਧੁਰ ਖੱਬੇ-ਪੱਖੀ ਸੋਚ ਰੱਖਣ ਵਾਲੇ ਕੁਝ ਗਰੁੱਪ ਆਪਣੇ ਆਪ ਨੂੰ ਵਿਗਿਆਨਕ ਸੋਚ ਦੇ ਮੋਹਰੀ ਅਖਵਾਉਣ ਦੇ ਬਾਵਜੂਦ ਕੋਵਿਡ-19 ਦੀ ਗੰਭੀਰਤਾ ਨੂੰ ਸਵੀਕਾਰਨ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਅਨੁਸਾਰ ਕੋਵਿਡ-19 ਮਾਮੂਲੀ ਫਲੂ ਹੈ ਅਤੇ ਇਸ ਬਾਰੇ ਦਵਾਈਆਂ ਤੇ ਵੈਕਸੀਨ ਲਗਵਾਉਣ ਦਾ ਪ੍ਰਚਾਰ ਕਾਰਪੋਰੇਟ ਅਦਾਰਿਆਂ ਦੀ ਸਾਜ਼ਿਸ਼ ਹੈ। ਇਸ ਤਰ੍ਹਾਂ ਦੀ ਸੋਚ ਦੀਆਂ ਜੜ੍ਹਾਂ ਇਕ ਤਰ੍ਹਾਂ ਨਾਲ ਮੱਧਕਾਲੀ ਸੋਚ-ਸਮਝ ਵਿਚ ਹਨ। ਸਰਕਾਰਾਂ ਦੇ ਵਿਗੜਦੇ ਪ੍ਰਬੰਧਾਂ ਵਿਚ ਅਜਿਹੇ ਪੱਖਪਾਤੀ ਵਿਚਾਰਾਂ ਵਾਲੇ ਗਰੁੱਪਾਂ ਦਾ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਸਵੀਕਾਰ ਨਾ ਕਰਨ ਵਾਲਾ ਪ੍ਰਚਾਰ ਕਈ ਲੋਕ-ਸਮੂਹਾਂ ਵਿਚ ਪ੍ਰਭਾਵਸ਼ਾਲੀ ਹੋਣ ਕਾਰਨ ਕਈ ਇਲਾਕਿਆਂ ਦੇ ਲੋਕਾਂ ਦੀ ਸਮੂਹਿਕ ਸਮਝ ਬਣਨ ਦੀ ਸੰਭਾਵਨਾ ਰੱਖਦਾ ਹੈ।
ਸਾਨੂੰ ਇਸ ਤਰ੍ਹਾਂ ਦੇ ਮੱਧਕਾਲੀ ਵਿਚਾਰਾਂ ਤੋਂ ਬਚਣ ਦੀ ਜ਼ਰੂਰਤ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆ ਵਿਚ ਬਹੁਤ ਸਾਰੇ ਵਾਇਰਸ ਅਤੇ ਬੈਕਟੀਰੀਆ ਕਾਰਪੋਰੇਟੀ ਤਰਜ਼ ਦੀ ਜ਼ਿੰਦਗੀ ਕਾਰਨ ਵਧ ਰਹੇ ਹਨ। ਕਾਰਪੋਰੇਟ ਅਦਾਰੇ ਵੱਡੀ ਪੱਧਰ ’ਤੇ ਜੰਮਿਆ ਹੋਇਆ ਮੀਟ ਮੁਹੱਈਆ ਕਰਵਾਉਂਦੇ ਹਨ। ਅਜਿਹਾ ਮੀਟ ਪ੍ਰਾਪਤ ਕਰਨ ਲਈ ਵੱਡੀਆਂ ਮੰਡੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਵੱਖ ਵੱਖ ਤਰ੍ਹਾਂ ਦੇ ਜਾਨਵਰ ਆਪਸੀ ਸੰਪਰਕ ਵਿਚ ਆਉਂਦੇ ਹਨ ਜਿਸ ਕਾਰਨ ਵਾਇਰਸ/ਬੈਕਟੀਰੀਆ/ਕੀਟਾਣੂ ਇਕ ਤਰ੍ਹਾਂ ਦੇ ਜਾਨਵਰਾਂ ਤੋਂ ਦੂਸਰੇ ਜਾਨਵਰਾਂ ਅਤੇ ਮਨੁੱਖਾਂ ਵਿਚ ਪ੍ਰਵੇਸ਼ ਕਰਦੇ ਹਨ। ਖਾਧ ਪਦਾਰਥਾਂ ਦੀ ਬਣਤਰ ਲੰਮੇ ਚਿਰ ਵਾਸਤੇ ਥਿਰ ਕਰਨ ਵਾਸਤੇ ਕਈ ਤਰ੍ਹਾਂ ਦੇ ਕੈਮੀਕਲਾਂ ਦਾ ਵਰਤਾਅ, ਇਮਾਰਤਾਂ ਵਿਚ ਏਅਰ ਕੰਡੀਸ਼ਨਰਾਂ ਦੀ ਵਰਤੋਂ ਅਤੇ ਆਧੁਨਿਕ ਜ਼ਿੰਦਗੀ ਨਾਲ ਜੁੜੇ ਹੋਰ ਵਰਤਾਰੇ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਬਿਮਾਰੀਆਂ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਜਨਮ ਦਿੰਦੇ ਹਨ। ਇਹ ਇਲਜ਼ਾਮ ਵੀ ਲੱਗਦੇ ਰਹੇ ਹਨ ਕਿ ਜੰਗਾਂ ਵਿਚ ਜੀਵਾਣੂਆਂ ਅਤੇ ਵਿਸ਼ਾਣੂਆਂ ਨੂੰ ਹਥਿਆਰਾਂ ਵਜੋਂ ਵਰਤੇ ਜਾਣ ਦੀ ਖੋਜ ਕਾਰਨ ਵੀ ਕਈ ਨਵੇਂ ਜੀਵਾਣੂ ਅਤੇ ਵਿਸ਼ਾਣੂ ਪੈਦਾ ਹੋਏ ਹਨ। ਜਿੱਥੇ ਮਨੁੱਖੀ ਜੀਵਨ ਨੂੰ ਬਚਾਉਣ ਲਈ ਆਧੁਨਿਕ ਸੋਚ ਅਤੇ ਕਾਰਪੋਰੇਟਵਾਦੀ ਤਰਜ਼-ਏ-ਜ਼ਿੰਦਗੀ ’ਤੇ ਗ਼ੌਰ ਕਰਨ ਦੀ ਜ਼ਰੂਰਤ ਹੈ, ਉੱਥੇ ਕੋਵਿਡ-19 ਜਿਹੇ ਵਾਇਰਸ ਦੀ ਗੰਭੀਰਤਾ ਤੋਂ ਇਨਕਾਰ ਕਰਨ ਵਾਲਾ ਪ੍ਰਚਾਰ ਕਰਨਾ ਮਨੁੱਖਤਾ ਨੂੰ ਹੋਰ ਡੂੰਘੇ ਦੁਖਾਂਤ ਵੱਲ ਧੱਕ ਸਕਦਾ ਹੈ। ਇਸ ਸਮੇਂ ਬਹਿਸ ਇਸ ਬਾਰੇ ਹੋਣੀ ਚਾਹੀਦੀ ਹੈ ਕਿ ਸਮਾਜ ਅਤੇ ਸਰਕਾਰਾਂ ਕੋਵਿਡ-19 ਦੀ ਮਹਾਮਾਰੀ ਦੀ ਚੁਣੌਤੀ ਦਾ ਸਾਹਮਣਾ ਕਿਵੇਂ ਕਰ ਸਕਦੀਆਂ ਹਨ। ਸਰਕਾਰਾਂ ਨੂੰ ਇਸ ਸਬੰਧ ਵਿਚ ਲੋਕਾਂ ਤਕ ਪਾਰਦਰਸ਼ਤਾ ਨਾਲ ਸਹੀ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ ਅਤੇ ਸਮਾਜ ਨੂੰ ਵੰਡ-ਪਾਊ ਸੋਚਾਂ ਤੋਂ ਬਚਾਇਆ ਜਾਣਾ ਚਾਹੀਦਾ ਹੈ।