ਚੰਦਰਯਾਨ-3 ਅਤੇ ਅਦਿੱਤਿਆ-ਐੱਲ1 ਨੇ ਦੇਸ਼ ਦੇ ਲੋਕਾਂ ਵਿਚ ਪੁਲਾੜ ਦੇ ਗਿਆਨ ਬਾਰੇ ਨਵੀਂ ਚੇਤਨਾ ਪੈਦਾ ਕੀਤੀ ਹੈ। ਇਸ ਚੇਤਨਾ ਨੇ ਲੋਕ-ਮਨ ਵਿਚ ਚੰਦ ਤੇ ਸੂਰਜ ਬਾਰੇ ਬਣੇ ਦੈਵੀ ਪ੍ਰਭਾਵਾਂ ਨੂੰ ਵੀ ਘਟਾਉਣਾ ਹੈ ਅਤੇ ਉਨ੍ਹਾਂ ਵਹਿਮਾਂ-ਭਰਮਾਂ ’ਤੇ ਵੀ ਸੱਟ ਮਾਰਨੀ ਹੈ ਜੋ ਇਸ ਆਧਾਰ ’ਤੇ ਉੱਸਰੇ ਹਨ ਕਿ ਇਨ੍ਹਾਂ ਦੀ ਚਾਲ ਦਾ ਮਨੁੱਖੀ ਜੀਵਨ ’ਤੇ ਦੈਵੀ ਜਾਂ ਪਰਾਭੌਤਿਕ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਨਾਲ ਵਿਗਿਆਨੀਆਂ ਤੇ ਵਿਗਿਆਨ ਸਬੰਧੀ ਲਿਖਣ ਵਾਲਿਆਂ ਨੂੰ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪੁਲਾੜ ਦੀ ਖੋਜ ਕਿਵੇਂ ਮਨੁੱਖਤਾ ਲਈ ਲਾਭਦਾਇਕ ਹੈ। ਉਦਾਹਰਨ ਦੇ ਤੌਰ ’ਤੇ ਮਨੁੱਖ ਦੁਆਰਾ ਪੁਲਾੜ ਵਿਚ ਭੇਜੇ ਗਏ ਬਹੁਤ ਸਾਰੇ ਉਪ-ਗ੍ਰਹਿ (ਸੈਟੇਲਾਈਟ) ਮੌਸਮ ਦਾ ਪਤਾ ਲਗਾਉਣ ਅਤੇ ਸੰਚਾਰ ਵਿਚ ਸਹਾਇਤਾ ਕਰਦੇ ਹਨ। ਮੌਸਮ ਨਾਲ ਸਬੰਧਿਤ ਉਪ-ਗ੍ਰਹਿ ਨੇੜੇ ਭਵਿੱਖ ਅਤੇ ਲੰਮੇ ਸਮੇਂ ਦੌਰਾਨ ਮੌਸਮ ਦੇ ਬਦਲਣ, ਵਾਤਾਵਰਨ ਵਿਚ ਆ ਰਹੀਆਂ ਤਬਦੀਲੀਆਂ, ਆਉਣ ਵਾਲੇ ਝੱਖੜਾਂ, ਵਾਵਰੋਲਿਆਂ, ਸਮੁੰਦਰੀ ਲਹਿਰਾਂ, ਤੂਫ਼ਾਨਾਂ, ਸੁਨਾਮੀ ਆਦਿ ਬਾਰੇ ਜਾਣਕਾਰੀ ਭੇਜਦੇ ਹਨ। ਸੰਚਾਰ ਨਾਲ ਸਬੰਧਿਤ ਉਪ-ਗ੍ਰਹਿ ਇਸ ਸਮੇਂ ਟੈਲੀਵੀਜ਼ਨਾਂ, ਰੇਡੀਓ, ਟੈਲੀਫੋਨਾਂ, ਮੋਬਾਈਲ ਫੋਨਾਂ, ਇੰਟਰਨੈੱਟ ਰਾਹੀਂ ਹੋ ਰਹੇ ਸੰਚਾਰ ਵਿਚ ਵੱਡਾ ਹਿੱਸਾ ਪਾਉਂਦੇ ਹਨ। ਉਪ-ਗ੍ਰਹਿ ਇਹ ਅਨੁਮਾਨ ਵੀ ਲਗਾਉਂਦੇ ਹਨ ਕਿ ਧਰਤੀ ’ਤੇ ਪੈਦਾ ਹੋ ਰਹੀਆਂ ਜ਼ਹਿਰੀਲੀਆਂ ਗੈਸਾਂ ਦਾ ਵਾਤਾਵਰਨ ’ਤੇ ਕੀ ਅਸਰ ਪੈ ਰਿਹਾ ਹੈ। ਕਈ ਉਪ-ਗ੍ਰਹਿ ਜਾਸੂਸੀ ਲਈ ਅਤੇ ਕਈ ਵਿਗਿਆਨਕ ਖੋਜਾਂ ਲਈ ਪੁਲਾੜ ਤੋਂ ਧਰਤੀ ਦੀਆਂ ਤਸਵੀਰਾਂ ਖਿੱਚਦੇ ਹਨ। ਵਿਗਿਆਨ ਅਤੇ ਗਣਿਤ ਦੀ ਸਹਾਇਤਾ ਨਾਲ ਇਹ ਧਰਤੀ ਹੇਠਲੀਆਂ ਧਾਤਾਂ ਅਤੇ ਹੋਰ ਕੁਦਰਤੀ ਖਜ਼ਾਨਿਆਂ ਬਾਰੇ ਵੀ ਅੰਦਾਜ਼ੇ ਲਗਾਉਂਦੇ ਹਨ। ਇਹ ਉਪ-ਗ੍ਰਹਿ ਸੂਰਜ ਤੇ ਹੋਰ ਤਾਰਿਆਂ ਤੋਂ ਪੈਦਾ ਹੁੰਦੀਆਂ ਕਿਰਨਾਂ ਤੇ ਰੇਡੀਏਸ਼ਨ ਦਾ ਅਧਿਐਨ ਕਰਦੇ ਅਤੇ ਕਈ ਤਰ੍ਹਾਂ ਦੇ ਉੱਚ ਪੱਧਰ ਦੇ ਵਿਗਿਆਨਕ ਪ੍ਰਯੋਗ ਕਰਦੇ ਹਨ।
ਚੰਦਰਯਾਨ-3 ਦੁਆਰਾ ਉਤਾਰੇ ਗਏ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਹੁਣ 14-15 ਦਿਨ ਖ਼ਾਮੋਸ਼ ਰਹਿਣਗੇ ਕਿਉਂਕਿ ਚੰਦ ’ਤੇ ਰਾਤ ਪੈ ਗਈ ਹੈ; ਇਹ ਖੋਜ ਯੰਤਰ ਸੂਰਜੀ ਊਰਜਾ ਨਾਲ ਕੰਮ ਕਰਦੇ ਹਨ। ਭਾਰਤ ਨੇ ਸੂਰਜ ਵੱਲ ਅਦਿੱਤਿਆ-ਐੱਲ1 ਮਿਸ਼ਨ ਵੀ ਭੇਜਿਆ ਜਿਹੜਾ ਸਫ਼ਲਤਾ ਨਾਲ ਆਪਣਾ ਪੰਧ ਤੈਅ ਕਰ ਰਿਹਾ ਹੈ। ਦੁਨੀਆ ਦੇ ਦੂਸਰੇ ਦੇਸ਼ਾਂ ਵਿਚ ਵੀ ਪੁਲਾੜ ਬਾਰੇ ਖੋਜ ਲਗਾਤਾਰ ਚੱਲ ਰਹੀ ਹੈ। ਅਮਰੀਕਾ ਦੇ ਪੁਲਾੜ ਵਿਚ 3000 ਤੋਂ ਵੱਧ ਉਪ-ਗ੍ਰਹਿ ਹਨ ਅਤੇ ਚੀਨ ਦੇ 500 ਤੋਂ ਵੱਧ। ਇਸ ਤੋਂ ਬਾਅਦ ਇੰਗਲੈਂਡ, ਰੂਸ, ਜਪਾਨ, ਭਾਰਤ ਤੇ ਕੈਨੇਡਾ ਹਨ। ਕਈ ਦੇਸ਼ਾਂ ਦੇ ਆਪਸੀ ਮਿਲਵਰਤਣ ਨਾਲ ਚੱਲਦੇ ਉਪ-ਗ੍ਰਹਿਆਂ ਦੀ ਗਿਣਤੀ ਲਗਭਗ 190 ਹੈ। ਸੋਮਵਾਰ ਚਾਰ ਦੇਸ਼ਾਂ ਦੇ ਪੁਲਾੜ ਯਾਤਰੂ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵਾਪਸ ਧਰਤੀ ’ਤੇ ਪਹੁੰਚੇ ਹਨ। ਇਨ੍ਹਾਂ ਵਿਚ ਅਮਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਰੂਸ ਦੇ ਪੁਲਾੜ ਯਾਤਰੀ ਸ਼ਾਮਿਲ ਹਨ। ਇਹ ਪੁਲਾੜ ਸਟੇਸ਼ਨ ਕਈ ਦੇਸ਼ਾਂ ਦੀਆਂ ਪੁਲਾੜ ਏਜੰਸੀਆਂ ਦੇ ਮਿਲਵਰਤਣ ਨਾਲ ਚੱਲਦਾ ਹੈ ਜਿਨ੍ਹਾਂ ਵਿਚ ਅਮਰੀਕਾ, ਰੂਸ, ਜਪਾਨ ਅਤੇ ਕੈਨੇਡਾ ਦੀਆਂ ਪੁਲਾੜ ਏਜੰਸੀਆਂ ਅਤੇ ਯੂਰੋਪੀਅਨ ਪੁਲਾੜ ਏਜੰਸੀ (ਇਸ ਵਿਚ 22 ਯੂਰੋਪੀਅਨ ਦੇਸ਼ ਹਨ) ਸ਼ਾਮਿਲ ਹਨ। ਪੁਲਾੜ ਵਿਚ ਪਹਿਲਾ ਸਥਾਈ ਪੁਲਾੜ ਸਟੇਸ਼ਨ 1971 ਵਿਚ ਸੋਵੀਅਤ ਯੂਨੀਅਨ ਨੇ ਭੇਜਿਆ ਸੀ। 1973 ਵਿਚ ਭੇਜਿਆ ਗਿਆ ਸਕਾਈਲੈਬ ਅਮਰੀਕਾ ਦਾ ਪਹਿਲਾ ਪੁਲਾੜ ਸਟੇਸ਼ਨ ਸੀ। ਮੌਜੂਦਾ ਪੁਲਾੜ ਸਟੇਸ਼ਨ ਦੇ ਦੋ ਮੁੱਖ ਹਿੱਸੇ ਹਨ ਜਿਨ੍ਹਾਂ ’ਚੋਂ ਇਕ ਦੀ ਅਗਵਾਈ ਅਮਰੀਕਾ ਕਰਦਾ ਹੈ ਤੇ ਦੂਸਰੇ ਦੀ ਰੂਸ। ਇਹ ਸਟੇਸ਼ਨ 1998 ਵਿਚ ਪੁਲਾੜ ਵਿਚ ਭੇਜਿਆ ਗਿਆ ਅਤੇ ਲਗਾਤਾਰ ਕਾਇਮ ਰਿਹਾ ਹੈ। ਇਸ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਵਿਚ ਕਈ ਵਾਧੇ ਕੀਤੇ ਗਏ ਹਨ। ਧਰਤੀ ਤੋਂ ਭੇਜੇ ਜਾਂਦੇ ਮਿਸ਼ਨ ਇਸ ਸਟੇਸ਼ਨ ਨਾਲ ਜੁੜ ਜਾਂਦੇ (dock-ਕਰਦੇ) ਹਨ ਤੇ ਫਿਰ ਧਰਤੀ ’ਤੇ ਵਾਪਸ ਆਉਂਦੇ ਹਨ। ਪੁਲਾੜ ਯਾਤਰੀ ਇਸ ਸਟੇਸ਼ਨ ’ਤੇ ਜਾਂਦੇ, ਇੱਥੇ ਠਹਿਰਦੇ ਤੇ ਵਾਪਸ ਆਉਂਦੇ ਹਨ। ਇਹ ਪੁਲਾੜ ਸਟੇਸ਼ਨ ਵਿਗਿਆਨ ਦੇ ਵੱਖ ਵੱਖ ਖੇਤਰਾਂ ’ਚ ਬਹੁਮੁੱਲੀ ਖੋਜ ਕਰਦਾ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਅਨੁਸਾਰ ਇਹ ਸਟੇਸ਼ਨ 2031 ਤਕ ਕਾਇਮ ਰੱਖਿਆ ਜਾਵੇਗਾ।
ਸੰਚਾਰ ਤੇ ਮੌਸਮ ਨਾਲ ਸਬੰਧਿਤ ਉਪ-ਗ੍ਰਹਿਆਂ ਦੀ ਕਾਰਗੁਜ਼ਾਰੀ ਖੇਤੀ, ਸੰਚਾਰ, ਬੈਕਿੰਗ, ਵਪਾਰ, ਸਨਅਤਾਂ ਅਤੇ ਹੋਰ ਖਿੱਤਿਆਂ ਦੇ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਪੁਲਾੜ ਖੋਜ ਦਾ ਮਤਲਬ ਸਿਰਫ਼ ਇਕ ਦੇਸ਼ ਦਾ ਦੂਸਰੇ ਨੂੰ ਮਾਤ ਪਾਉਣਾ ਨਹੀਂ ਸਗੋਂ ਇਹ ਸਮੁੱਚੀ ਮਾਨਵਤਾ ਦੇ ਲਈ ਹੈ। ਆਸ ਕੀਤੀ ਜਾਂਦੀ ਹੈ ਕਿ ਪੁਲਾੜ ਬਾਰੇ ਪੈਦਾ ਹੋ ਰਹੀ ਨਵੀਂ ਚੇਤਨਾ ਸਾਡੇ ਦੇਸ਼ ਦੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਛੁਟਕਾਰਾ ਦਿਵਾ ਕੇ ਤਰਕ ਦੇ ਲੜ ਲਾਏਗੀ।