ਭਾਰਤੀ ਜਨਤਾ ਪਾਰਟੀ ਦੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਦੀ ਹਜ਼ਰਤ ਮੁਹੰਮਦ ਸਾਹਿਬ ਬਾਰੇ ਵਿਵਾਦਿਤ ਟਿੱਪਣੀ ਤੋਂ ਬਾਅਦ ਕਈ ਦੁਖਾਂਤਕ ਘਟਨਾਵਾਂ ਵਾਪਰੀਆਂ ਹਨ। ਨੂਪੁਰ ਸ਼ਰਮਾ ਦੁਆਰਾ ਕੀਤੀ ਟਿੱਪਣੀ ਗ਼ਲਤ ਅਤੇ ਅਪਮਾਨਜਨਕ ਸੀ ਜਿਸ ਲਈ ਉਸ ਨੇ ਮੁਆਫ਼ੀ ਵੀ ਮੰਗੀ। ਭਾਜਪਾ ਨੇ ਉਸ ਨੂੰ ਅਹੁਦੇ ਤੋਂ ਹਟਾ ਕੇ ਮੁਅੱਤਲ ਕਰ ਦਿੱਤਾ। ਦੇਸ਼ ਵਿਚ ਕਈ ਥਾਵਾਂ ’ਤੇ ਉਸ ਵਿਰੁੱਧ ਕੇਸ ਦਰਜ ਕੀਤੇ ਗਏ। ਇਸ ਬਾਰੇ ਤਰਕ-ਵਿਤਰਕ ਹੋ ਸਕਦਾ ਹੈ ਕਿ ਭਾਜਪਾ ਨੇ ਉਸ ਵਿਰੁੱਧ ਓਨੀ ਸਖ਼ਤ ਕਾਰਵਾਈ ਨਹੀਂ ਕੀਤੀ ਜਿੰਨੀ ਕੀਤੀ ਜਾਣੀ ਚਾਹੀਦੀ ਸੀ ਜਾਂ ਨੂਪੁਰ ਦੀ ਟਿੱਪਣੀ ਨਫ਼ਰਤ ਭਰੀ ਸੋਚ ’ਚੋਂ ਜਨਮ ਲੈਂਦੀ ਹੈ ਜਾਂ ਨੂਪੁਰ ਵਿਰੁੱਧ ਕਾਨੂੰਨੀ ਕਾਰਵਾਈ ਤੇਜ਼ੀ ਨਾਲ ਹੋਣੀ ਚਾਹੀਦੀ ਹੈ ਪਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਅਤੇ ਉਦੈਪੁਰ ਵਿਚ ਉਸ ਦੀ ਹਮਾਇਤ ਵਿਚ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਵਾਲੇ ਕਨ੍ਹੱਈਆ ਲਾਲ ਦਾ ਕਤਲ ਵੀ ਗ਼ਲਤ, ਕਾਇਰਾਨਾ, ਕਰੂਰ ਅਤੇ ਅਣਮਨੁੱਖੀ ਕਾਰਵਾਈਆਂ ਹਨ। ਇਨ੍ਹਾਂ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਘੱਟ ਹੈ।
ਇਹ ਸਹੀ ਹੈ ਕਿ ਬਹੁਗਿਣਤੀ ਫ਼ਿਰਕੇ ਨਾਲ ਜੁੜੇ ਕੱਟੜਪੰਥੀਆਂ ਨੇ ਪਹਿਲੂ ਖ਼ਾਨ, ਅਖ਼ਲਾਕ ਅਤੇ ਕਈ ਹੋਰ ਲੋਕਾਂ ਦੀਆਂ ਹੱਤਿਆਵਾਂ ਕੀਤੀਆਂ; ਉਨ੍ਹਾਂ ਨੇ ਸੈਂਕੜੇ ਲੋਕਾਂ ਨੂੰ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ; ਗੌਰੀ ਲੰਕੇਸ਼, ਗੋਬਿੰਦ ਪਨਸਾਰੇ, ਨਰੇਂਦਰ ਦਾਭੋਲਕਰ ਅਤੇ ਹੋਰ ਚਿੰਤਕਾਂ ਦੇ ਕਤਲ ਨੂੰ ਵੀ ਇਨ੍ਹਾਂ ਕੱਟੜਪੰਥੀਆਂ ਨਾਲ ਜੋੜਿਆ ਜਾਂਦਾ ਹੈ ਪਰ ਇਨ੍ਹਾਂ ਸਭ ਕਾਰਵਾਈਆਂ ਦੇ ਆਧਾਰ ’ਤੇ ਕਨ੍ਹੱਈਆ ਲਾਲ ਦੀ ਹੱਤਿਆ ਨੂੰ ਸਹੀ ਠਹਿਰਾਉਣਾ ਸਰਾਸਰ ਗ਼ਲਤ ਹੈ। ਧਾਰਮਿਕ ਆਧਾਰ ’ਤੇ ਪੈਦਾ ਹੋਇਆ ਗੁੱਸਾ, ਰੋਹ ਜਾਂ ਕ੍ਰੋਧ ਕਿਸੇ ਨੂੰ ਇਹ ਅਧਿਕਾਰ ਨਹੀਂ ਦਿੰਦੇ ਕਿ ਉਹ ਕਿਸੇ ਹੋਰ ਵਿਅਕਤੀ ਦੀ ਜਾਨ ਲੈ ਲਵੇ। ਨੂਪੁਰ ਸ਼ਰਮਾ ਦੀ ਮੁਖ਼ਾਲਫ਼ਤ ਵਿਚਾਰਧਾਰਕ ਆਧਾਰ ’ਤੇ ਹੋਣੀ ਚਾਹੀਦੀ ਹੈ। ਨਫ਼ਰਤ ਭਰੀ ਬੋਲੀ ਦਾ ਸਾਹਮਣਾ ਅਰਥ-ਭਰਪੂਰ ਅਤੇ ਤਰਕਸੰਗਤ ਵਿਚਾਰਾਂ ਨਾਲ ਕੀਤਾ ਜਾਣਾ ਚਾਹੀਦਾ ਹੈ; ਹਿੰਸਾ ਨਾਲ ਨਹੀਂ। ਧਾਰਮਿਕ ਆਧਾਰ ’ਤੇ ਕੀਤੀ ਹਰ ਹਿੰਸਕ ਕਾਰਵਾਈ ਕੱਟੜਪੰਥੀ ਤਾਕਤਾਂ ਨੂੰ ਮਜ਼ਬੂਤ ਕਰਦੀ ਹੈ। ਅਜਿਹੀਆਂ ਕਾਰਵਾਈਆਂ ਕਾਰਨ ਹਰ ਫ਼ਿਰਕੇ ਦੇ ਕੱਟੜਪੰਥੀ ਤੱਤਾਂ ਨੂੰ ਹੋਰ ਜ਼ਹਿਰ ਉਗਲਣ ਦਾ ਮੌਕਾ ਮਿਲਦਾ ਹੈ।
ਮੰਗਲਵਾਰ ਵਾਲੇ ਦਿਨ ਉਦੈਪੁਰ ਵਿਚ ਦੋ ਵਿਅਕਤੀਆਂ ਨੇ ਦਰਜ਼ੀ ਦਾ ਕੰਮ ਕਰਦੇ ਕਨ੍ਹੱਈਆ ਲਾਲ ਦੀ ਹੱਤਿਆ ਕਰ ਕੇ ਸੋਸ਼ਲ ਮੀਡੀਆ ’ਤੇ ਇਹ ਪੋਸਟ ਪਾਈ ਕਿ ਉਨ੍ਹਾਂ ਨੇ ‘ਇਸਲਾਮ ਦੇ ਅਪਮਾਨ’ ਦਾ ਬਦਲਾ ਲਿਆ ਹੈ। ਦੇਸ਼-ਵਿਦੇਸ਼ ਵਿਚ ਨੂਪੁਰ ਸ਼ਰਮਾ ਦੀ ਟਿੱਪਣੀ ਅਤੇ ਉਸ ਨਾਲ ਜੁੜੀ ਨਫ਼ਰਤ ਦੀ ਸਿਆਸਤ ਦਾ ਵਿਰੋਧ ਹੋ ਰਿਹਾ ਸੀ ਪਰ ਕਨ੍ਹੱਈਆ ਲਾਲ ਦੀ ਹੱਤਿਆ ਨੇ ਦਰਸਾਇਆ ਹੈ ਕਿ ਕੱਟੜਪੰਥੀ ਸੋਚ ਹਰ ਫ਼ਿਰਕੇ ਵਿਚ ਪਨਪ ਰਹੀ ਹੈ। ਦੇਸ਼ ਦੇ ਸਿਆਸਤਦਾਨਾਂ ਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਉਹ ਦੇਸ਼ ਨੂੰ ਕਿਸ ਪਾਸੇ ਲਿਜਾ ਰਹੇ ਹਨ। ਸਾਰੇ ਧਰਮਾਂ ਦੇ ਕੱਟੜਪੰਥੀਆਂ ਵਿਚ ਇਕ ਗੱਲ ਸਾਂਝੀ ਹੈ ਕਿ ਉਹ ਤਰਕਸ਼ੀਲਾਂ ਅਤੇ ਕਿਸੇ ਪਰਮ ਸ਼ਕਤੀ ਵਿਚ ਵਿਸ਼ਵਾਸ ਨਾ ਰੱਖਣ ਵਾਲੇ ਵਿਅਕਤੀਆਂ ਦੇ ਵਿਰੋਧੀ ਹਨ। ਅੰਗਰੇਜ਼ ਚਿੰਤਕ ਰਿਚਰਡ ਡਾਕਨਿਜ਼ ਬਹੁਤ ਦੇਰ ਤੋਂ ਇਹ ਦਲੀਲ ਦਿੰਦਾ ਰਿਹਾ ਹੈ ਕਿ ਜੇ ਧਾਰਮਿਕ ਵਿਅਕਤੀਆਂ ਅਤੇ ਵਿਸ਼ਵਾਸ ਆਧਾਰਿਤ ਸੋਚ ਰੱਖਣ ਵਾਲੇ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੱਤੀ ਗਈ ਹੈ ਤਾਂ ਤਰਕਸ਼ੀਲਾਂ ਅਤੇ ਕਿਸੇ ਪਰਮ ਸ਼ਕਤੀ ਵਿਚ ਵਿਸ਼ਵਾਸ ਨਾ ਰੱਖਣ ਵਾਲੇ ਲੋਕਾਂ ਨੂੰ ਵੀ ਉਨ੍ਹਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਲਈ ਬਰਾਬਰ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ; ਭਾਵ ਜੇ ਹਰ ਧਰਮ ਦੇ ਲੋਕਾਂ ਨੂੰ ਇਹ ਆਜ਼ਾਦੀ ਹੈ ਕਿ ਉਹ ਆਪਣੇ ਧਰਮ ਨੂੰ ਸਰਬਉੱਚ ਦੱਸ ਸਕਦੇ ਹਨ ਤਾਂ ਉਹ ਲੋਕ, ਜੋ ਧਾਰਮਿਕ ਵਿਸ਼ਵਾਸ ਨਹੀਂ ਰੱਖਦੇ, ਨੂੰ ਵੀ ਪਰਮ ਸ਼ਕਤੀ ਦੇ ਸਿਧਾਂਤ ਦਾ ਖੰਡਨ ਕਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਪੁਰਾਤਨ ਭਾਰਤ ਵਿਚ ਚਾਰਵਾਕ, ਆਜੀਵਕ ਅਤੇ ਕਈ ਹੋਰ ਪੰਥਾਂ ਦੇ ਲੋਕ ਪਰਮ ਸ਼ਕਤੀ ਵਿਚ ਵਿਸ਼ਵਾਸ ਨਹੀਂ ਸਨ ਰੱਖਦੇ ਪਰ ਹੁਣ ਕੱਟੜਪੰਥੀ ਸੋਚ ਏਨੀ ਵਧ ਚੁੱਕੀ ਹੈ ਕਿ ਅਜਿਹੀ ਆਜ਼ਾਦੀ ਸੰਭਵ ਨਹੀਂ; ਸਗੋਂ ਕੱਟੜਤਾ ਦਾ ਆਲਮ ਅਜਿਹਾ ਹੈ ਕਿ ਇਕ ਧਰਮ ਦੇ ਕੱਟੜਪੰਥੀ ਆਪਣੀ ਸਾਰੀ ਤਾਕਤ ਦੂਸਰੇ ਧਰਮਾਂ ਦੇ ਲੋਕਾਂ ਅਤੇ ਉਨ੍ਹਾਂ ਦੇ ਰੀਤੀ-ਰਿਵਾਜਾਂ ਨੂੰ ਗ਼ਲਤ ਅਤੇ ਘਟੀਆ ਦੱਸਣ ਵਿਚ ਲਗਾਉਂਦੇ ਹਨ। ਬਹਿਸ ਵਿਚੋਂ ਤਰਕ ਮਨਫ਼ੀ ਹੋ ਗਿਆ ਹੈ। ਅਜਿਹੀ ਸਿਆਸਤ ਕੱਟੜਪੰਥੀ ਤਾਕਤਾਂ ਨੂੰ ਬਹੁਤ ਰਾਸ ਆਉਂਦੀ ਹੈ। ਜਮਹੂਰੀ ਤਾਕਤਾਂ ਨੂੰ ਹਰ ਫ਼ਿਰਕੇ ਦੇ ਕੱਟੜਪੰਥੀਆਂ ਵਿਰੁੱਧ ਲੜਨਾ ਪਵੇਗਾ। ਇਸ ਲਈ ਸਾਂਝੀਵਾਲਤਾ ਦੀ ਸੋਚ ’ਤੇ ਆਧਾਰਿਤ ਵਿਆਪਕ ਲੋਕ ਮੁਹਾਜ਼ ਉਸਾਰਨ ਦੀ ਜ਼ਰੂਰਤ ਹੈ।