ਸੁਨੀਲ ਜਾਖੜ ਦੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦੇ ਫ਼ੈਸਲੇ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਹੈਰਾਨ ਕੀਤਾ ਹੈ। ਜਾਖੜ ਪਰਿਵਾਰ ਕਾਂਗਰਸ ਨਾਲ ਸਬੰਧਿਤ ਰਿਹਾ ਹੈ ਅਤੇ ਉਸ ਦੇ ਪਿਤਾ ਬਲਰਾਮ ਜਾਖੜ ਕੇਂਦਰ ਵਿਚ ਮੰਤਰੀ, ਲੋਕ ਸਭਾ ਦੇ ਸਪੀਕਰ, ਰਾਜਪਾਲ ਅਤੇ ਹੋਰ ਉੱਚ ਅਹੁਦਿਆਂ ’ਤੇ ਰਹੇ ਹਨ। ਸੁਨੀਲ ਜਾਖੜ ਖ਼ੁਦ ਵਿਧਾਨ ਸਭਾ ਵਿਚ ਕਾਂਗਰਸ ਵਿਰੋਧੀ ਧਿਰ ਦਾ ਆਗੂ, ਸੂਬਾ ਕਾਂਗਰਸ ਦਾ ਮੁਖੀ, ਲੋਕ ਸਭਾ ਦਾ ਮੈਂਬਰ ਅਤੇ ਹੋਰ ਅਹੁਦਿਆਂ ’ਤੇ ਰਿਹਾ ਹੈ। ਪਰਿਵਾਰ ਦੇ ਹੋਰ ਮੈਂਬਰ ਵੀ ਕਾਂਗਰਸ ਵਿਚ ਰਹੇ ਹਨ। ਪਿਛਲੇ ਵਰ੍ਹੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਹਟਾਏ ਜਾਣ ਦੀ ਪ੍ਰਕਿਰਿਆ ਦੌਰਾਨ ਸੁਨੀਲ ਜਾਖੜ ਦਾ ਨਾਮ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਉੱਭਰਿਆ ਅਤੇ 40 ਤੋਂ ਜ਼ਿਆਦਾ ਵਿਧਾਇਕਾਂ ਨੇ ਉਸ ਦੀ ਹਮਾਇਤ ਕੀਤੀ। ਉਸ ਸਮੇਂ ਕਾਂਗਰਸ ਦੀ ਅੰਦਰੂਨੀ ਸਿਆਸਤ ਅਤੇ ਇਕ ਕੇਂਦਰੀ ਆਗੂ ਦੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਕਾਰਨ ਉਹ ਮੁੱਖ ਮੰਤਰੀ ਨਾ ਬਣ ਸਕਿਆ। ਪਿਛਲੇ ਦਿਨੀਂ ਉਸ ਨੂੰ ਇਕ ਬਿਆਨ ਕਾਰਨ ਕਾਂਗਰਸ ਤੋਂ ਮੁਅੱਤਲ ਕਰ ਦਿੱਤਾ ਗਿਆ।
ਸਿਆਸੀ ਮਾਹਿਰਾਂ ਅਨੁਸਾਰ ਸੁਨੀਲ ਜਾਖੜ ਜਿਹੇ ਆਗੂ ਨੂੰ ਕਾਂਗਰਸ ਤੋਂ ਮੁਅੱਤਲ ਕਰਨਾ ਗ਼ਲਤ ਸੀ ਅਤੇ ਸਬੰਧਿਤ ਮਾਮਲਾ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਸੀ। ਇਸੇ ਤਰ੍ਹਾਂ ਉਸ ਨੂੰ ਮੁੱਖ ਮੰਤਰੀ ਨਾ ਬਣਾਉਣਾ ਵੱਡੀ ਸਿਆਸੀ ਗ਼ਲਤੀ ਸੀ। ਇਸ ਸਭ ਕੁਝ ਦੇ ਬਾਵਜੂਦ ਉਸ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਜਿੱਥੇ ਕਾਂਗਰਸ ਦੇ ਬਿਖਰ ਰਹੇ ਸ਼ੀਰਾਜੇ ਵੱਲ ਇਸ਼ਾਰਾ ਕਰਦਾ ਹੈ, ਉੱਥੇ ਆਗੂਆਂ ਦੀ ਸਿਆਸੀ ਨੈਤਿਕਤਾ ’ਤੇ ਵੀ ਸਵਾਲ ਉਠਾਉਂਦਾ ਹੈ। ਸੁਨੀਲ ਜਾਖੜ ਨੂੰ ਗੰਭੀਰ ਸਿਆਸੀ ਆਗੂ ਸਮਝਿਆ ਜਾਂਦਾ ਰਿਹਾ ਹੈ। ਲੋਕ ਸਭਾ ਵਿਚ ਉਸ ਨੇ ਭਾਜਪਾ ਦੀਆਂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਸੀ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਉਸ ਦੀ ਵਿਚਾਰਧਾਰਾ ਵਿਚ ਏਨੀ ਵੱਡੀ ਤਬਦੀਲੀ ਆਈ ਹੈ ਜਾਂ ਭਾਜਪਾ ਵਿਚ ਸ਼ਾਮਿਲ ਹੋਣ ਦੇ ਕੋਈ ਹੋਰ ਕਾਰਨ ਹਨ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨਾ ਤਾਂ ਖੇਤਰੀ ਆਗੂਆਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਨਾ ਹੀ ਉਸ ਵਿਚ ਉਹ ਊਰਜਾ ਹੈ ਜੋ ਭਾਜਪਾ ਦਾ ਸਾਹਮਣਾ ਕਰਨ ਲਈ ਚਾਹੀਦੀ ਹੈ।
ਭਾਜਪਾ ਨੂੰ ਵੱਡੇ ਸਿਆਸੀ ਫ਼ਾਇਦੇ ਮਿਲਣ ਦੀ ਉਮੀਦ ਹੈ। ਜਾਖੜ ਪਰਿਵਾਰ ਦਾ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਵਿਚ ਵੀ ਪ੍ਰਭਾਵ ਹੈ। ਪਿਛਲੇ ਸਮਿਆਂ ਵਿਚ ਬਹੁਤ ਸਾਰੇ ਆਗੂ ਭਾਜਪਾ ਵਿਚ ਸ਼ਾਮਿਲ ਹੋਏ ਹਨ ਪਰ ਜਾਖੜ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਉਣਾ ਪਾਰਟੀ ਦੀ ਸਭ ਤੋਂ ਵੱਡੀ ਸਿਆਸੀ ਪ੍ਰਾਪਤੀ ਹੈ। ਗੁਜਰਾਤ ਵਿਚ ਵੀ ਕਾਂਗਰਸ ਦੇ ਵਰਕਿੰਗ ਪ੍ਰਧਾਨ ਹਾਰਦਿਕ ਪਟੇਲ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਦੀ ਘਟਦੀ ਹੋਈ ਸ਼ਕਤੀ ਦੇਸ਼ ਦੀ ਸਿਆਸਤ ਵਿਚ ਅਜਿਹਾ ਖਲਾਅ ਪੈਦਾ ਕਰ ਰਹੀ ਹੈ ਜਿਸ ਕਾਰਨ ਭਾਜਪਾ ਵਿਰੋਧੀ ਮੁਹਾਜ਼ ਬਣਨਾ ਮੁਸ਼ਕਿਲ ਦਿਖਾਈ ਦਿੰਦਾ ਹੈ। ਕਾਂਗਰਸ ਨੂੰ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਬਹਾਲ ਕਰਨ ਦੀ ਸਖ਼ਤ ਜ਼ਰੂਰਤ ਹੈ।