ਸਿਆਸੀ ਮਾਹਿਰ ਬਿਹਾਰ ਵਿਚ ਸਿਆਸੀ ਘਮਸਾਣ ਨੂੰ ਦੋ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਦੇਖ ਰਹੇ ਹਨ। ਪਹਿਲੇ ਦ੍ਰਿਸ਼ਟੀਕੋਣ ਅਨੁਸਾਰ ਬਿਹਾਰ ’ਚ ਹੋ ਰਹੀ ਸਿਆਸੀ ਤਬਦੀਲੀ ਦੇਸ਼ ਦੀ ਰਾਜਨੀਤੀ ’ਚ ਖੇਤਰੀ ਅਤੇ ਕੌਮੀ ਪੱਧਰ ’ਤੇ ਵੱਡਾ ਬਦਲਾਉ ਲਿਆ ਸਕਦੀ ਹੈ। ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤੀਸ਼ ਕੁਮਾਰ ਦਾ ਭਾਜਪਾ ਤੋਂ ਤੋੜ-ਵਿਛੋੜਾ ਇਸ ਗੱਲ ਦਾ ਸੂਚਕ ਹੈ ਕਿ ਛੋਟੀਆਂ ਪਾਰਟੀਆਂ ਵਾਸਤੇ ਭਾਜਪਾ ਨਾਲ ਭਾਈਵਾਲੀ ਪਾਲਣੀ ਬਹੁਤ ਮੁਸ਼ਕਿਲ ਹੈ। ਨਿਤੀਸ਼ ਕੁਮਾਰ ਅਟਲ ਬਿਹਾਰੀ ਵਾਜਪਾਈ ਵਾਲੀ ਕੇਂਦਰ ਸਰਕਾਰ ਵਿਚ ਖੇਤੀ ਤੇ ਰੇਲਵੇ ਮੰਤਰੀ ਰਿਹਾ। ਉਹ ਪਹਿਲੀ ਵਾਰ 2000 ਵਿਚ ਭਾਜਪਾ ਦੀ ਹਮਾਇਤ ਨਾਲ ਕੁਝ ਦਿਨਾਂ ਲਈ ਮੁੱਖ ਮੰਤਰੀ ਬਣਿਆ ਅਤੇ ਬਾਅਦ ਵਿਚ ਭਾਜਪਾ ਦੀ ਹਮਾਇਤ ਨਾਲ ਹੀ 2005-2010 ਅਤੇ 2010-2014 ਵਿਚ ਇਸ ਅਹੁਦੇ ’ਤੇ ਰਿਹਾ। 2015 ਵਿਚ ਉਸ ਨੇ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਕੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਮਹਾਗੱਠਬੰਧਨ ਬਣਾ ਕੇ ਚੋਣਾਂ ਜਿੱਤੀਆਂ ਤੇ ਚੌਥੀ ਵਾਰ ਬਿਹਾਰ ਦਾ ਮੁੱਖ ਮੰਤਰੀ ਬਣਿਆ। 2017 ਵਿਚ ਉਸ ਨੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲੋਂ ਰਿਸ਼ਤਾ ਤੋੜ ਕੇ ਫਿਰ ਭਾਜਪਾ ਦੀ ਹਮਾਇਤ ਕੀਤੀ ਅਤੇ ਮੁੱਖ ਮੰਤਰੀ ਦੇ ਅਹੁਦੇ ’ਤੇ ਬਰਕਰਾਰ ਰਿਹਾ। 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੇ ਭਾਜਪਾ ਨਾਲ ਗੱਠਜੋੜ ਕਰ ਕੇ ਚੋਣਾਂ ਲੜੀਆਂ। ਇਸ ਵਾਰ ਚਿਰਾਗ ਪਾਸਵਾਨ ਦੀ ਅਗਵਾਈ ਵਿਚ ਲੋਕ ਜਨ-ਸ਼ਕਤੀ ਪਾਰਟੀ ਨੇ ਉਸ ਦੀ ਪਾਰਟੀ ਵਿਰੁੱਧ ਉਮੀਦਵਾਰ ਖੜ੍ਹੇ ਕੀਤੇ ਅਤੇ ਜੇਡੀਯੂ ਨੂੰ ਸਿਰਫ਼ 43 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਪ੍ਰਾਪਤ ਹੋਈ; ਰਾਸ਼ਟਰੀ ਜਨਤਾ ਦਲ ਨੂੰ 75, ਭਾਜਪਾ ਨੂੰ 74, ਕਾਂਗਰਸ ਨੂੰ 19 ਅਤੇ ਸੀਪੀਆਈ (ਲਬਿਰੇਸ਼ਨ) ਨੂੰ 12 ਸੀਟਾਂ ਮਿਲੀਆਂ। ਨਿਤੀਸ਼ ਭਾਜਪਾ ਦੀ ਹਮਾਇਤ ਨਾਲ ਮੁੱਖ ਮੰਤਰੀ ਤਾਂ ਬਣ ਗਿਆ ਪਰ ਉਸ ਦੀਆਂ ਭਾਜਪਾ ਤੋਂ ਦੂਰੀਆਂ ਵਧਦੀਆਂ ਗਈਆਂ। ਹੁਣ ਜਨਤਾ ਦਲ (ਯੂਨਾਈਟਿਡ), ਆਰਜੇਡੀ, ਕਾਂਗਰਸ ਤੇ ਕਮਿਊਨਿਸਟ ਪਾਰਟੀਆਂ ਦਾ ਮਹਾਗੱਠਬੰਧਨ ਮੁੜ ਸੁਰਜੀਤ ਹੋਇਆ ਹੈ ਅਤੇ ਇਸ ਦਾ ਪ੍ਰਭਾਵ ਕੌਮੀ ਸਿਆਸਤ ’ਤੇ ਪੈਣਾ ਲਾਜ਼ਮੀ ਹੈ। ਨਿਤੀਸ਼ ਕੁਮਾਰ ਨੂੰ ਕੌਮੀ ਪੱਧਰ ’ਤੇ ਵਿਰੋਧੀ ਪਾਰਟੀਆਂ ਦੇ ਮੋਹਰੀ ਆਗੂ ਵਜੋਂ ਦੇਖਿਆ ਜਾ ਰਿਹਾ ਹੈ।
ਕੁਝ ਹੋਰ ਮਾਹਿਰਾਂ ਦੇ ਦ੍ਰਿਸ਼ਟੀਕੋਣ ਅਨੁਸਾਰ ਅਜਿਹਾ ਮਹਾਗੱਠਬੰਧਨ ਸਿਆਸੀ ਮੌਕਾਪ੍ਰਸਤੀ ਹੈ ਅਤੇ ਨਿਤੀਸ਼ ਕੁਮਾਰ ਆਪਣੀ ਤੇ ਆਪਣੀ ਪਾਰਟੀ ਦੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ। 2005 ਵਿਚ ਨਿਤੀਸ਼ ਦੀ ਪਾਰਟੀ ਨੇ 88 ਸੀਟਾਂ ਜਿੱਤੀਆਂ ਸਨ ਜਦੋਂਕਿ 2010 ਵਿਚ 115 ਤੇ 2015 ਵਿਚ 71 ਸੀਟਾਂ ਜਿੱਤੀਆਂ। 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਸਿਰਫ਼ 43 ਸੀਟਾਂ ਤਕ ਸਿਮਟ ਕੇ ਰਹਿ ਗਈ। ਇਨ੍ਹਾਂ ਮਾਹਿਰਾਂ ਅਨੁਸਾਰ ਜਨਤਾ ਦਲ (ਯੂਨਾਈਟਿਡ) ਨੂੰ ਇਸ ਗੱਲ ਦਾ ਗਿਆਨ ਹੋ ਗਿਆ ਸੀ ਕਿ ਪਾਰਟੀ ਦਾ ਹਸ਼ਰ ਵੀ ਉਹੋ ਜਿਹਾ ਹੋਣ ਵਾਲਾ ਹੈ ਜਿਹੋ ਜਿਹਾ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦਾ ਹੋਇਆ ਹੈ। ਜਨਤਾ ਦਲ (ਯੂਨਾਈਟਿਡ) ਦੇ ਆਗੂਆਂ ਨੂੰ ਪਤਾ ਹੈ ਕਿ ਚਿਰਾਗ ਪਾਸਵਾਨ ਨੇ ਉਨ੍ਹਾਂ ਦੀ ਪਾਰਟੀ ਦੇ ਵਿਰੁੱਧ ਉਮੀਦਵਾਰ ਭਾਜਪਾ ਦੀ ਸ਼ਹਿ ’ਤੇ ਹੀ ਖੜ੍ਹੇ ਕੀਤੇ ਸਨ।
ਉੱਪਰਲੇ ਦੋਹਾਂ ਦ੍ਰਿਸ਼ਟੀਕੋਣਾਂ ਤੋਂ ਅਗਾਂਹ ਜਾਂਦਿਆਂ ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਜੇ ਭਾਜਪਾ ਜੇਡੀਯੂ ਦੀ ਹੋਂਦ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਕੀ ਇਹ ਪਹਿਲਕਦਮੀ ਉਸ ਨੂੰ ਬਚਾ ਸਕੇਗੀ। ਮਹਾਰਾਸ਼ਟਰ ਵਿਚ ਸ਼ਿਵ ਸੈਨਾ ਸਰਕਾਰ ਦੀ ਅਗਵਾਈ ਕਰਨ ਦੇ ਬਾਵਜੂਦ ਦੋਫਾੜ ਹੋ ਗਈ ਅਤੇ ਅੱਜ ਆਪਣੀ ਹੋਂਦ ਬਰਕਰਾਰ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਭਾਜਪਾ ਅਜਿਹੀ ਸਿਆਸੀ ਤਾਕਤ ਬਣ ਚੁੱਕੀ ਹੈ ਜੋ ਵਿਰੋਧੀ ਪਾਰਟੀਆਂ ਦੀ ਹੋਂਦ ਨੂੰ ਨੇਸਤਨਾਬੂਦ ਕਰਨ ਦੀ ਸਮਰੱਥਾ ਰੱਖਦੀ ਹੈ। ਭਾਜਪਾ ਦਾ ਜ਼ਿਆਦਾ ਮੁਕਾਬਲਾ ਖੇਤਰੀ ਪਾਰਟੀਆਂ ਨੇ ਕੀਤਾ ਹੈ ਪਰ ਇਸ ਦੇ ਬਾਵਜੂਦ ਪਾਰਟੀ ਸ਼ਿਵ ਸੈਨਾ, ਸ਼੍ਰੋਮਣੀ ਅਕਾਲੀ ਦਲ, ਜਨਤਾ ਦਲ (ਯੂਨਾਈਟਿਡ) ਅਤੇ ਕਈ ਹੋਰ ਛੋਟੀਆਂ ਪਾਰਟੀਆਂ ਨੂੰ ਕਮਜ਼ੋਰ ਕਰਨ ਵਿਚ ਸਫ਼ਲ ਹੋਈ ਹੈ। ਹਾਲ ਦੀ ਘੜੀ ਤਾਂ ਜਨਤਾ ਦਲ (ਯੂਨਾਈਟਿਡ) ਨੂੰ ਸਫ਼ਲਤਾ ਮਿਲੀ ਹੈ ਅਤੇ ਨਿਤੀਸ਼ ਕੁਮਾਰ ਅੱਠਵੀਂ ਵਾਰ ਸੂਬੇ ਦਾ ਮੁੱਖ ਮੰਤਰੀ ਬਣਿਆ ਹੈ ਪਰ ਇਸ ਮੁਹਾਜ਼ ਦਾ ਵੱਡਾ ਇਮਤਿਹਾਨ ਅਜੇ ਹੋਣਾ ਹੈ। ਭਾਜਪਾ ਦੇ ਤਰਕਸ਼ ਵਿਚ ਅਜੇ ਕਈ ਤੀਰ ਹਨ ਜਿਨ੍ਹਾਂ ਕਾਰਨ ਬਿਹਾਰ ਦੇ ਸਿਆਸੀ ਨਾਟਕ ਵਿਚ ਕਈ ਹੋਰ ਮੋੜ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਲੰਮੇ ਸਮੇਂ ਤਕ ਰਹੇ ਗੱਠਜੋੜ ਕਾਰਨ ਦੂਸਰੀਆਂ ਪਾਰਟੀਆਂ ਵੱਲੋਂ ਉਸ ਨੂੰ ਕੌਮੀ ਪੱਧਰ ’ਤੇ ਆਪਣਾ ਆਗੂ ਮੰਨਣ ਵਿਚ ਵੀ ਮੁਸ਼ਕਿਲਾਂ ਪੇਸ਼ ਆਉਣਗੀਆਂ।