ਪੰਜਾਬ ਦਾ ਸਿਆਸੀ ਦ੍ਰਿਸ਼ ਭੰਬਲਭੂਸਿਆਂ ਵਿਚ ਪਾਉਣ ਵਾਲਾ ਹੈ। ਚਰਨਜੀਤ ਸਿੰਘ ਚੰਨੀ ਦੇ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਸਿਆਸੀ ਮਾਹਿਰ ਇਹ ਸਮਝ ਰਹੇ ਸਨ ਕਿ ਕਾਂਗਰਸ ਨੇ ਵੱਡੀ ਸਿਆਸੀ ਪਹਿਲਕਦਮੀ ਕੀਤੀ ਹੈ ਜਿਸ ਨਾਲ ਉਹ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਸਹਿਜੇ ਹੀ ਜਿੱਤ ਜਾਵੇਗੀ ਪਰ ਕਾਂਗਰਸ ਦੀ ਜੱਥੇਬਦੀ ਅਤੇ ਸਰਕਾਰ ਲਗਤਾਰ ਟਕਰਾਉ ਦੀ ਸਥਿਤੀ ਵਿਚ ਹਨ। ਲੋਕ ਇਸ ਟਕਰਾਉ ਦੀਆਂ ਪਰਤਾਂ ਦੇ ਮਾਅਨੇ ਸਮਝਣ ਤੋਂ ਅਸਮਰੱਥ ਹਨ ਕਿ ਇਸ ਦੇ ਕਾਰਨ ਸਿਧਾਂਤਕ ਹਨ ਜਾਂ ਨਿੱਜੀ। ਕਾਂਗਰਸ ਸਰਕਾਰ ਕੋਲ ਆਪਣੇ ਵਾਅਦੇ ਪੂਰੇ ਕਰਨ ਲਈ ਬਹੁਤ ਥੋੜ੍ਹਾ ਸਮਾਂ ਹੈ ਅਤੇ ਅਜਿਹਾ ਟਕਰਾਉ ਇਸ ਸਮੱਸਿਆ ਨੂੰ ਹੋਰ ਜਟਿਲ ਬਣਾ ਸਕਦਾ ਹੈ।
ਕਈ ਦਹਾਕਿਆਂ ਤੋਂ ਪੰਜਾਬ ਨਸ਼ਿਆਂ ਦੇ ਫੈਲਾਉ, ਬੇਰੁਜ਼ਗਾਰੀ ਅਤੇ ਰਿਸ਼ਵਤਖ਼ੋਰੀ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਜਿੱਥੇ ਬੇਰੁਜ਼ਗਾਰੀ, ਸਿਸਟਮ ਅਤੇ ਅਸਾਵੇਂ ਆਰਥਿਕ ਵਿਕਾਸ ਦੇ ਮਾਡਲ ਨਾਲ ਜੁੜੀ ਸਮੱਸਿਆ ਹੈ ਉੱਥੇ ਨਸ਼ਿਆਂ ਦਾ ਫੈਲਾਉ ਅਤੇ ਰਿਸ਼ਵਤਖ਼ੋਰੀ ਦੀਆਂ ਸਮੱਸਿਆਵਾਂ ਦਾ ਬੁਨਿਆਦੀ ਕਾਰਨ ਜ਼ਮੀਨੀ ਪੱਧਰ ’ਤੇ ਸਰਕਾਰੀ ਤੰਤਰ ਦਾ ਜਵਾਬਦੇਹ ਨਾ ਹੋਣਾ ਹੈ। ਰਿਸ਼ਵਤਖ਼ੋਰੀ ਸਾਡੀ ਜੀਵਨ ਜਾਚ ਦਾ ਹਿੱਸਾ ਬਣ ਚੁੱਕੀ ਹੈ। ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅਤੇ ਥਾਣਿਆਂ ਵਿਚ ਨਿੱਤ ਜ਼ਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਸੂਬੇ ਦੀ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਜ਼ਮੀਨੀ ਪੱਧਰ ’ਤੇ ਸਰਕਾਰੀ ਤੰਤਰ ਦੀ ਅਸਫ਼ਲਤਾ ’ਤੇ ਨਿਸ਼ਾਨਾ ਸੇਧਦਿਆਂ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਵਿਚ ਜੁਟੀ ਹੋਈ ਹੈ ਕਿ ਉਹ ਦਿੱਲੀ ਦੀ ਤਰਜ਼ ’ਤੇ ਅਜਿਹਾ ਸ਼ਾਸਨ ਦੇਵੇਗੀ ਜਿਸ ਵਿਚ ਰਿਸ਼ਵਤਖ਼ੋਰੀ ਘਟੇਗੀ ਅਤੇ ਲੋਕਾਂ ਦੀ ਸਿਆਸਤਦਾਨਾਂ ਅਤੇ ਅਧਿਕਾਰੀਆਂ ਤਕ ਪਹੁੰਚ ਵਧੇਗੀ। ਪਾਰਟੀ ਨੂੰ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਵਿਚ ਲੱਗ ਰਹੀ ਦੇਰੀ ਪਾਰਟੀ ਦੁਆਰਾ ਬਣਾਈ ਭਵਿੱਖ ਦੀ ਤਸਵੀਰ ਨੂੰ ਧੁੰਦਲਿਆਂ ਕਰਦੀ ਹੈ। ਅਰਵਿੰਦ ਕੇਜਰੀਵਾਲ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਮੁੱਖ ਮੰਤਰੀ ਦਾ ਉਮੀਦਵਾਰ ਸਿੱਖ ਹੋਵੇਗਾ। ਪਾਰਟੀ ਵੱਖ ਵੱਖ ਸਿਆਸਤਦਾਨਾਂ, ਕਲਾਕਾਰਾਂ, ਕਿਸਾਨ ਆਗੂਆਂ, ਸੇਵਾਮੁਕਤ ਅਫ਼ਸਰਾਂ, ਜਰਨੈਲਾਂ ਆਦਿ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਦੀ ਚਾਹਵਾਨ ਹੈ ਪਰ ਮੁੱਖ ਮੰਤਰੀ ਦੇ ਉਮੀਦਵਾਰ ਨੂੰ ਚੁਣਨਾ ਪਾਰਟੀ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰ ਕੇ ਚੋਣਾਂ ਲੜ ਰਿਹਾ ਹੈ। ਹਰ ਹਲਕੇ ਵਿਚ ਜਥੇਬੰਦਕ ਤਾਕਤ ਅਤੇ ਮਜ਼ਬੂਤ ਕਾਡਰ ਪਾਰਟੀ ਦੀ ਸ਼ਕਤੀ ਹਨ। ਅਤੀਤ ਵਿਚ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਕਾਰਨ ਪਾਰਟੀ ਆਪਣੇ ਰਵਾਇਤੀ ਵੋਟਰਾਂ ਨੂੰ ਉਤਸ਼ਾਹਿਤ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਕੇਂਦਰ ਸਰਕਾਰ ਦੁਆਰਾ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਫਿਰ ਸਰਗਰਮ ਹੋ ਰਹੀ ਹੈ। ਸੰਭਾਵਨਾ ਹੈ ਕਿ ਪਾਰਟੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਨਵੀਂ ਬਣਾਈ ਪੰਜਾਬ ਲੋਕ ਕਾਂਗਰਸ ਨਾਲ ਮਿਲ ਕੇ ਚੋਣਾਂ ਲੜੇਗੀ। ਅਮਰਿੰਦਰ ਸਿੰਘ ਕੌਮੀ ਸੁਰੱਖਿਆ ਦੇ ਮਾਮਲਿਆਂ ’ਤੇ ਕੇਂਦਰ ਸਰਕਾਰ ਅਤੇ ਭਾਜਪਾ ਦੀ ਹਾਂ ਵਿਚ ਹਾਂ ਮਿਲਾਉਂਦੇ ਰਹੇ ਹਨ। ਦੋਵੇਂ ਪਾਰਟੀਆਂ ਇਹ ਸਮਝਦੀਆਂ ਹਨ ਕਿ ਉਹ ਸ਼ਹਿਰੀ ਹਲਕਿਆਂ ਵਿਚ ਸੀਟਾਂ ਜਿੱਤ ਸਕਦੀਆਂ ਹਨ ਪਰ ਇਸ ਗੱਠਜੋੜ ਨੂੰ ਦਿਹਾਤੀ ਇਲਾਕਿਆਂ ਵਿਚ ਹੁੰਗਾਰਾ ਮਿਲਣਾ ਮੁਸ਼ਕਿਲ ਹੈ।
ਕਿਸਾਨ ਅੰਦੋਲਨ ਨੇ ਸੂਬੇ ਨੂੰ ਨਵੀਆਂ ਆਸਾਂ ਅਤੇ ਸੰਭਾਵਨਾਵਾਂ ਦਿੱਤੀਆਂ ਹਨ। ਲੋਕਾਂ ਦਾ ਧਿਆਨ ਕਿਸਾਨ ਆਗੂਆਂ ’ਤੇ ਕੇਂਦਰਿਤ ਹੈ ਕਿ ਕੀ ਅੰਦੋਲਨ ਕਰਨ ਵਾਲੀਆਂ ਧਿਰਾਂ ਵਿਚੋਂ ਕੋਈ ਸਿਆਸੀ ਪਾਰਟੀ ਜਾਂ ਗਰੁੱਪ ਜਨਮ ਲੈ ਸਕਦਾ ਹੈ। ਸਮੇਂ ਦੀ ਘਾਟ ਕਾਰਨ ਕਿਸਾਨ ਆਗੂਆਂ ਲਈ ਅਜਿਹਾ ਫ਼ੈਸਲਾ ਲੈਣ ਵਿਚ ਬਹੁਤ ਮੁਸ਼ਕਿਲਾਂ ਆ ਸਕਦੀਆਂ ਹਨ। ਸਿਆਸੀ ਪਾਰਟੀਆਂ ਇਕ ਖ਼ਾਸ ਤਰ੍ਹਾਂ ਦੀ ਪ੍ਰਕਿਰਿਆ ਰਾਹੀਂ ਜਨਮ ਲੈਂਦੀਆਂ ਹਨ ਜਿਸ ਵਿਚ ਸਮਾਂ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਆਉਣ ਵਾਲੇ ਦਿਨ ਵੀ ਇਹ ਦੱਸਣਗੇ ਕਿ ਕੀ ਪੰਜਾਬ ਦੀ ਸਿਆਸਤ ਵਿਚ ਕੋਈ ਨਵੀਂ ਸ਼ਕਤੀ ਪ੍ਰਵੇਸ਼ ਕਰ ਕੇ ਸੂਬੇ ਦੇ ਭਵਿੱਖ ਨੂੰ ਕੋਈ ਵੱਖਰੀ ਸੇਧ ਦੇ ਸਕਦੀ ਹੈ ਜਾਂ ਵੋਟਰਾਂ ਨੂੰ ਰਵਾਇਤੀ ਪਾਰਟੀਆਂ ’ਚੋਂ ਹੀ ਚੋਣ ਕਰਨੀ ਪਵੇਗੀ।