ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਬਾਅਦ ਸ਼ੋ੍ਮਣੀ ਅਕਾਲੀ ਦਲ ਵਿਚ ਆਗੂ ਤਬਦੀਲ ਕਰਨ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਅਸਤੀਫ਼ੇ ਦੀ ਚਰਚਾ ਨੂੰ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਭਾਵੇਂ ਅਫ਼ਵਾਹਾਂ ਦੱਸਿਆ ਹੈ ਪਰ ਮਾਮਲਾ ਜ਼ਿਆਦਾ ਗੰਭੀਰ ਦਿਖਾਈ ਦਿੰਦਾ ਹੈ। ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਨੇ ਆਪਣੇ ਤਰੀਕੇ ਨਾਲ ਆਗੂ ਤਬਦੀਲ ਕਰਨ ਦੀ ਰਾਇ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਤਿੰਨ ਆਗੂਆਂ ਮਨਪ੍ਰੀਤ ਸਿੰਘ ਇਯਾਲੀ, ਰਵੀਕਰਨ ਸਿੰਘ ਕਾਹਲੋਂ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਵਿਚ ਪ੍ਰਮੁੱਖ ਸਥਾਨ ਦੇਣ ਦੀ ਵਕਾਲਤ ਕੀਤੀ ਹੈ। ਜਗਮੀਤ ਸਿੰਘ ਨੇ ਸ਼ੋ੍ਮਣੀ ਕਮੇਟੀ ਵਿਚ ਸਹਿਜਧਾਰੀਆਂ ਦੀ ਵੋਟ ਨੂੰ ਸਵੀਕਾਰ ਕਰਨ ਦੀ ਗੱਲ ਕਰਕੇ ਨਵੀਂ ਬਹਿਸ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।
ਵਿਧਾਨ ਸਭਾ ਦੀਆਂ ਚੋਣਾਂ ਵਿਚ ਮਹਿਜ਼ ਤਿੰਨ ਵਿਧਾਇਕਾਂ ਤੱਕ ਸਿਮਟ ਜਾਣ ਪਿੱਛੋਂ ਪਾਰਟੀ ਨੇ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ 13 ਮੈਂਬਰੀ ਜਾਂਚ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਪਾਰਟੀ ਕਾਰਕੁਨਾਂ ਦੀ ਰਾਇ ਜਾਨਣ ਤੋਂ ਬਾਅਦ ਆਪਣੀ ਰਿਪੋਰਟ ਕੋਰ ਕਮੇਟੀ ਨੂੰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਮੇਟੀ ਨੇ ਕਾਰਕੁਨਾਂ ਦੀ ਰਾਇ ਮੁਤਾਬਿਕ ਲੀਡਰਸ਼ਿਪ ਵਿਚ ਤਬਦੀਲੀ ਦੀ ਸਿਫ਼ਾਰਿਸ਼ ਕੀਤੀ ਹੈ। ਨਿੱਜੀ ਤੌਰ ਉੱਤੇ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਦਾ ਵੀ ਮੰਨਣਾ ਹੈ ਕਿ ਤਬਦੀਲੀ ਤੋਂ ਬਿਨਾਂ ਪਾਰਟੀ ਦੀ ਹੋਂਦ ਨੂੰ ਬਚਾਉਣਾ ਅਤੇ ਲੋਕਾਂ ਦੀ ਹਮਾਇਤ ਹਾਸਿਲ ਕਰਨਾ ਸੰਭਵ ਨਹੀਂ ਹੈ। ਪਾਰਟੀ ਉੱਤੇ ਪਰਿਵਾਰਕ ਦਬਦਬਾ ਨਾਂਹਮੁਖੀ ਚਿੰਨ੍ਹ ਬਣ ਚੁੱਕਾ ਹੈ। ਅਕਾਲੀ ਦਲ ਦੀ ਭਾਈਵਾਲ ਰਹੀ ਭਾਜਪਾ ਇਸੇ ਮੁੱਦੇ ਨੂੰ ਬੜੀ ਸ਼ਿੱਦਤ ਨਾਲ ਉਭਾਰ ਰਹੀ ਹੈ। ਸੰਗਰੂਰ ਦੀ ਚੋਣ ਵਿਚ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਭਾਵਨਾਤਮਕ ਮੁੱਦੇ ਕਾਰਨ ਵੋਟਾਂ ਪੈਣ ਦੀ ਉਮੀਦ ਰੱਖੀ ਗਈ ਸੀ।
ਪੰਥਕ ਸਿਆਸਤ ਦੇ ਜਾਣਕਾਰ ਅਤੇ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਇਹ ਪ੍ਰਵਾਨ ਕਰ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਸਿਆਸੀ ਮੈਦਾਨ ਵਿਚ ਠੋਸ ਭੂਮਿਕਾ ਨਿਭਾਅ ਸਕਦਾ ਹੈ। ਸੰਗਰੂਰ ਚੋਣ ਦੇ ਨਤੀਜਿਆਂ ਤੋਂ ਆਗੂ ਇਹ ਅਨੁਮਾਨ ਲਗਾ ਰਹੇ ਹਨ ਕਿ ਪੰਥਕ ਸਿਆਸਤ ਅੰਦਰ ਖਲਾਅ ਕਾਰਨ ਹੀ ਵੋਟਰਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਦੇਣਾ ਬਿਹਤਰ ਸਮਝਿਆ ਹੈ; ਉਹ ਇਸ ਨੂੰ ਉਹ ਅਸਥਾਈ ਫ਼ੈਸਲਾ ਪ੍ਰਵਾਨ ਕਰ ਰਹੇ ਹਨ। ਮਾਨ ਦੀ ਜਿੱਤ ਨੇ ਪੰਜਾਬ ਅੰਦਰ ਨਵੇਂ ਸਿਆਸੀ ਸਮੀਕਰਨਾਂ ਦਾ ਰਾਹ ਤਿਆਰ ਕੀਤਾ ਹੈ। ਸ਼ੋ੍ਮਣੀ ਅਕਾਲੀ ਦਲ ਦੀ ਅਗਲੀ ਕੋਰ ਕਮੇਟੀ ਦੀ ਮੀਟਿੰਗ ਹੀ ਦੱਸੇਗੀ ਕਿ ਅਕਾਲੀ ਦਲ ਕਿਸੇ ਨਵੇਂ ਰਸਤੇ ’ਤੇ ਚੱਲਣ ਲਈ ਤਿਆਰ ਹੈ ਜਾਂ ਨਹੀਂ।