ਕੰਪਿਊਟਰ ਤਕਨੀਕ ਨੇ ਬਹੁਤ ਸਾਰੇ ਕੰਮ ਆਸਾਨ ਕਰ ਦਿੱਤੇ ਹਨ ਪਰ ਸਭ ਕੁਝ ਡਿਜੀਟਲ ਕਰ ਦਿੱਤੇ ਜਾਣ ਦੇ ਕਈ ਖ਼ਤਰੇ ਵੀ ਸਾਹਮਣੇ ਆ ਰਹੇ ਹਨ। ਇੱਥੋਂ ਤੱਕ ਕਿ ਕਿਸੇ ਵਿਅਕਤੀ ਜਾਂ ਸੰਸਥਾ ਖ਼ਿਲਾਫ਼ ਲੰਮੇ ਸਮੇਂ ਦੀ ਯੋਜਨਾਬੰਦੀ ਰਾਹੀਂ ਸਾਜ਼ਿਸ਼ ਰਚੀ ਜਾ ਸਕਦੀ ਹੈ। ਉਸ ਦੇ ਘਰ ਵਿਚ ਪਿਆ ਕੰਪਿਊਟਰ ਸੁਰੱਖਿਅਤ ਨਹੀਂ ਹੈ ਅਤੇ ਸਬੰਧਿਤ ਵਿਅਕਤੀ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਕੰਪਿਊਟਰ ਵਿਚ ਅਜਿਹੀ ਜਾਣਕਾਰੀ ਅਤੇ ਫਾਈਲਾਂ ਪਹੁੰਚਾਈਆਂ ਜਾ ਸਕਦੀਆਂ ਹਨ ਜੋ ਗ਼ੈਰ-ਕਾਨੂੰਨੀ ਹੋਣ। ਅਮਰੀਕਾ ਦੀ ਡਿਜੀਟਲ ਫੋਰੈਂਸਿਕ ਕੰਪਨੀ ‘ਅਰਸੈਨਲ ਕੰਸਲਟਿੰਗ’ ਦੀ ਰਿਪੋਰਟ ਉੱਤੇ ਯਕੀਨ ਕੀਤਾ ਜਾਵੇ ਤਾਂ ਉਸ ਦੀਆਂ ਰਿਪੋਰਟਾਂ ਭੀਮਾ ਕੋਰੇਗਾਉਂ ਹਿੰਸਾ ਦੇ ਨਾਮ ਉੱਤੇ ਨਜ਼ਰਬੰਦ ਕੀਤੇ ਗਏ ਸਵਾ ਦਰਜਨ ਬੁੱਧੀਜੀਵੀਆਂ, ਵਕੀਲਾਂ ਅਤੇ ਸਿੱਖਿਆ ਸ਼ਾਸਤਰੀਆਂ ਖ਼ਿਲਾਫ਼ ਚਲਾਏ ਜਾ ਰਹੇ ਦੇਸ਼ਧ੍ਰੋਹ ਦੇ ਮੁਕੱਦਮੇ ਪਿੱਛੇ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕਰ ਸਕਦੀਆਂ ਹਨ। ਕੰਪਨੀ ਨੇ ਪਹਿਲੀ ਰਿਪੋਰਟ ਫਰਵਰੀ 2021 ਵਿਚ ਦਿੱਤੀ ਸੀ। ਹੁਣ ਦੂਸਰੀ ਰਿਪੋਰਟ ਵਿਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ 2018 ਵਿਚ ਭੀਮਾ ਕੋਰੇਗਾਉਂ ਵਿਖੇ ਹੋਈ ਹਿੰਸਾ ਤੋਂ ਬਾਅਦ ਕਿਸੇ ਹੈਕਰ ਨੇ ਸਮਾਜਿਕ ਕਾਰਕੁਨ ਰੋਨਾ ਵਿਲਸਨ ਦੇ ਕੰਪਿਊਟਰ ਵਿਚ 22 ਫਾਈਲਾਂ ਚੋਰੀ ਅਤੇ ਵਿਲਸਨ ਦੀ ਜਾਣਕਾਰੀ ਤੋਂ ਬਿਨਾਂ ਰੱਖ ਦਿੱਤੀਆਂ।
ਇਹ ਫਾਈਲਾਂ ਨਾ ਤਾਂ ਵਿਲਸਨ ਜਾਂ ਉਸ ਦੇ ਕੰਪਿਊਟਰ ਉੱਤੇ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੇ ਬਣਾਈਆਂ ਅਤੇ ਨਾ ਹੀ ਉਨ੍ਹਾਂ ਨੇ ਇਹ ਫਾਈਲਾਂ ਖੋਲ੍ਹੀਆਂ। ਇਨ੍ਹਾਂ ਫਾਈਲਾਂ ਵਿਚ ਰੋਨਾ ਵਿਲਸਨ ਅਤੇ ਗ੍ਰਿਫ਼ਤਾਰ ਕੀਤੇ ਗਏ ਹੋਰ ਸਮਾਜਿਕ ਕਾਰਕੁਨਾਂ ਵੱਲੋਂ ਪਾਬੰਦੀਸ਼ੁਦਾ ਭਾਰਤੀ ਮਾਓਵਾਦੀ ਪਾਰਟੀ ਨਾਲ ਚਿੱਠੀ ਪੱਤਰ ਦਾ ਜ਼ਿਕਰ ਅਤੇ ਮਾਓਵਾਦੀ ਪਾਰਟੀ ਨੂੰ ਮਿਲਣ ਵਾਲੇ ਫੰਡਾਂ, ਕੇਡਰ ਦੀ ਕਮੀ ਅਤੇ ਹੋਰ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਫਾਇਲਾਂ ਨੂੰ ਪਹਿਲਾਂ ਪੂਨਾ ਪੁਲੀਸ ਅਤੇ ਬਾਅਦ ਵਿਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਇਨ੍ਹਾਂ ਵਿਦਵਾਨਾਂ ਅਤੇ ਸਮਾਜਿਕ ਕਾਰਕੁਨਾਂ ਵਿਰੁੱਧ ਸਬੂਤ ਵਜੋਂ ਪੇਸ਼ ਕੀਤਾ ਹੈ।
ਇਕ ਰਿਪੋਰਟ ਮੁਤਾਬਿਕ ਜਾਂਚ ਏਜੰਸੀਆਂ ਨੇ ਕੇਵਲ ਇੰਨਾ ਕਹਿ ਕੇ ਹੀ ਕੰਮ ਚਲਾ ਲਿਆ ਹੈ ਕਿ ਉਹ ਕਿਸੇ ਪ੍ਰਾਈਵੇਟ ਕੰਪਨੀ ਜਾਂ ਸੰਸਥਾ ਦੀਆਂ ਰਿਪੋਰਟਾਂ ਉੱਤੇ ਯਕੀਨ ਨਹੀਂ ਕਰਦੀਆਂ। ਇਸ ਤੋਂ ਪਹਿਲੀ ਰਿਪੋਰਟ ਨੂੰ ਵੀ ਅਦਾਲਤਾਂ ਨੇ ਅਣਦੇਖਿਆ ਕਰ ਦਿੱਤਾ ਸੀ। ਅਰਸੈਨਲ ਕੰਸਲਟਿੰਗ ਡਿਜੀਟਲ ਖੇਤਰ ਦੇ ਅਪਰਾਧਾਂ ਬਾਰੇ ਤਫ਼ਤੀਸ਼ ਕਰਨ ਵਾਲੀਆਂ ਫੋਰੈਂਸਿਕ ਸੰਸਥਾਵਾਂ ਵਿੱਚੋਂ ਮੋਹਰੀ ਮੰਨੀ ਜਾਂਦੀ ਹੈ। ਰੋਨਾ ਵਿਲਸਨ ਦੇ ਵਕੀਲਾਂ ਨੇ 2019 ਵਿਚ ਉਸ ਦੇ ਕੰਪਿਊਟਰ ਦੀ ਹਾਰਡ ਡਿਸਕ ਦੀ ਇਲੈਕਟ੍ਰੌਨਿਕ ਕਾਪੀ ਇਸ ਕੰਪਨੀ ਨੂੰ ਭੇਜੀ ਸੀ। ਇਹ ਦੋਵੇਂ ਰਿਪੋਰਟਾਂ ਇਸ ਪੂਰੇ ਮਾਮਲੇ ਉੱਤੇ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ। ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਜਾਂਚ ਕਰਵਾਏ। ਜੇਕਰ ਸਰਕਾਰ ਨੇ ਚੁੱਪ ਵੱਟੀ ਰੱਖੀ ਤਾਂ ਨਾ ਕੇਵਲ ਸਰਕਾਰ ਦੀ ਸਾਖ਼ ਨੂੰ ਵੱਟਾ ਲੱਗੇਗਾ ਬਲਕਿ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਵੀ ਸਵਾਲ ਉਠਾਏ ਜਾਣਗੇ।