ਬਿਹਾਰ ਦੇ ਵੱਡੇ ਆਗੂ ਅਤੇ ਵੱਖ ਵੱਖ ਸਰਕਾਰਾਂ ਦੌਰਾਨ ਕੇਂਦਰੀ ਮੰਤਰੀ ਰਹੇ ਮਰਹੂਮ ਰਾਮਵਿਲਾਸ ਪਾਸਵਾਨ ਵੱਲੋਂ ਸਥਾਪਿਤ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਦੀ ਅੰਦਰੂਨੀ ਫੁੱਟ ਨਿਰਣਾਇਕ ਮੋੜ ਉੱਤੇ ਪਹੁੰਚ ਚੁੱਕੀ ਹੈ। ਇਸ ਨੇ ਪਰਿਵਾਰਕ ਪਾਰਟੀਆਂ ਦੀ ਸੱਤਾ ਦੀ ਅੰਦਰੂਨੀ ਲੜਾਈ ਨੂੰ ਮੁੜ ਸਾਹਮਣੇ ਲਿਆਂਦਾ ਹੈ। ਲੋਕ ਸਭਾ ਵਿਚ ਐੱਲਜੇਪੀ ਦੇ ਛੇ ਮੈਂਬਰ ਹਨ। ਇਨ੍ਹਾਂ ਵਿਚੋਂ ਪੰਜ ਨੇ ਲੋਕ ਸਭਾ ਦੇ ਸਪੀਕਰ ਨੂੰ ਦਰਖ਼ਾਸਤ ਦਿੱਤੀ ਹੈ ਕਿ ਸਦਨ ਅੰਦਰ ਪਾਰਟੀ ਦੇ ਮੌਜੂਦਾ ਆਗੂ ਅਤੇ ਰਾਮਵਿਲਾਸ ਪਾਸਵਾਨ ਦੇ ਬੇਟੇ ਚਿਰਾਗ਼ ਪਾਸਵਾਨ ਨੂੰ ਆਗੂ ਦੇ ਅਹੁਦੇ ਤੋਂ ਹਟਾ ਕੇ ਉਸ ਤੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਨੂੰ ਆਗੂ ਬਣਾ ਦਿੱਤਾ ਜਾਵੇ। ਇਸ ਪੱਤਰ ਉੱਤੇ ਫ਼ੈਸਲੇ ਦੀ ਉਡੀਕ ਕਰਨ ਦੀ ਥਾਂ ਇਕ ਹੋਰ ਫ਼ੈਸਲਾ ਕਰਦਿਆਂ ਪਾਰਟੀ ਨੇ ਚਿਰਾਗ਼ ਪਾਸਵਾਨ ਨੂੰ ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਕੇ ਸੂਰਜ ਭਾਨ ਨੂੰ ਵਰਕਿੰਗ ਪ੍ਰਧਾਨ ਬਣਾ ਦਿੱਤਾ ਹੈ ਅਤੇ ਪੰਜ ਦਿਨਾਂ ਅੰਦਰ ਪਾਰਟੀ ਦੀ ਕਾਰਜਕਾਰਨੀ ਬੁਲਾ ਕੇ ਸਥਾਈ ਪ੍ਰਧਾਨ ਚੁਣਨ ਲਈ ਕਿਹਾ ਹੈ। ਚਿਰਾਗ਼ ਪਾਸਵਾਨ ਨੇ ਪੰਜ ਲੋਕ ਸਭਾ ਮੈਂਬਰਾਂ ਨੂੰ ਪਾਰਟੀ ’ਚੋਂ ਬਰਖ਼ਾਸਤ ਕਰ ਦਿੱਤਾ ਹੈ।
ਅੰਦਰੂਨੀ ਸੱਤਾ ਦੀ ਲੜਾਈ ਵਿਚ ਇਸ ਵਾਰ ਚਾਚੇ ਨੇ ਭਤੀਜੇ ਨੂੰ ਮਾਤ ਦੇ ਦਿੱਤੀ ਹੈ। ਚਿਰਾਗ਼ ਨੇ ਇਹ ਯਤਨ ਕੀਤਾ ਸੀ ਕਿ ਸੰਕਟ ਟਾਲਣ ਲਈ ਉਸ ਦੀ ਮਾਂ ਰੀਨਾ ਪਾਸਵਾਨ ਨੂੰ ਰਾਸ਼ਟਰੀ ਪ੍ਰਧਾਨ ਬਣਾ ਦਿੱਤਾ ਜਾਵੇ ਪਰ ਇਸ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਪਿਛਲੇ ਸਾਲ ਅਕਤੂਬਰ-ਨਵੰਬਰ ਵਿਚ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਭਾਜਪਾ ਨੇ ਚਿਰਾਗ਼ ਪਾਸਵਾਨ ਨੂੰ ਆਪਣੀ ਸਿਆਸਤ ਲਈ ਵਰਤ ਕੇ ਪਾਸੇ ਕਰ ਦਿੱਤਾ ਹੈ। ਉਸ ਤੋਂ ਨਿਤੀਸ਼ ਕੁਮਾਰ ਦਾ ਵਿਰੋਧ ਕਰਨ ਲਈ ਜਨਤਾ ਦਲ (ਯੂ) ਦੇ ਉਮੀਦਵਾਰਾਂ ਦੇ ਮੁਕਾਬਲੇ ਐੱਲਜੀਪੀ ਦੇ ਉਮੀਦਵਾਰ ਖੜ੍ਹੇ ਕਰਨ ਦਾ ਫ਼ੈਸਲਾ ਕਰਵਾ ਦਿੱਤਾ ਗਿਆ। ਇਸ ਨਾਲ ਭਾਜਪਾ ਪਹਿਲੀ ਵਾਰ ਬਿਹਾਰ ਵਿਧਾਨ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ। ਨਿਤੀਸ਼ ਕੁਮਾਰ ਦੀ ਪਾਰਟੀ ਤੀਸਰੇ ਨੰਬਰ ਉੱਤੇ ਚਲੀ ਗਈ। ਭਾਜਪਾ ਨੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾ ਕੇ ਉਸ ’ਤੇ ‘ਸਿਆਸੀ ਅਹਿਸਾਨ’ ਕੀਤਾ।
ਭਾਜਪਾ ਨੇ ਚਿਰਾਗ਼ ਨੂੰ ਵਰਤ ਤਾਂ ਲਿਆ ਪਰ ਉਸ ਨੂੰ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਿਲ ਨਹੀਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪਸ਼ੂਪਤੀ ਕੁਮਾਰ ਪਾਰਸ ਨਿਤੀਸ਼ ਕੁਮਾਰ ਦੇ ਸੰਪਰਕ ’ਚ ਹੈ। ਪਾਰਸ ਨੂੰ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ’ਚ ਜਗ੍ਹਾ ਦੇਣ ਦੀ ਗੱਲ ਵੀ ਚੱਲ ਰਹੀ ਹੈ। ਚਿਰਾਗ਼ ਆਪਣੀ ਹੀ ਪਾਰਟੀ ਵਿਚ ਅਲੱਗ-ਥਲੱਗ ਹੋ ਗਿਆ ਲੱਗਦਾ ਹੈ। ਪਾਰਟੀਆਂ ਦੇ ਆਗੂ ਸੱਤਾ ਵਿਚ ਰਹਿਣ ਕਾਰਨ ਪਾਰਟੀ ਕਾਰਕੁਨਾਂ ’ਤੇ ਪਰਿਵਾਰ ਦਾ ਪ੍ਰਭਾਵ ਤਾਂ ਜਮਾ ਲੈਂਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ ਪਰਿਵਾਰ ਦੇ ਅੰਦਰੋਂ ਹੀ ਚੁਣੌਤੀ ਮਿਲਦੀ ਹੈ। ਇੰਡੀਅਨ ਨੈਸ਼ਨਲ ਲੋਕ ਦਲ, ਸ਼ਿਵ ਸੈਨਾ, ਡੀਐੱਮਕੇ, ਅਕਾਲੀ ਦਲ, ਤੇਲਗੂ ਦੇਸਮ ਪਾਰਟੀ ਸਮੇਤ ਕਰੀਬ ਸਾਰੀਆਂ ਪਾਰਟੀਆਂ ਵਿਚ ਪਾਰਟੀਆਂ ਤੇ ਗਾਲਬਿ ਪਰਿਵਾਰਾਂ ਨੂੰ ਪਰਿਵਾਰਾਂ ਦੇ ਅੰਦਰੋਂ ਹੀ ਬਗ਼ਾਵਤਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪਾਰਟੀਆਂ ਦਾ ਗੁੰਮ ਹੋ ਰਿਹਾ ਲੋਕ-ਪੱਖੀ ਖਾਸਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਮਾਮਲਾ ਲੋਕਾਂ ਦੀ ਸਿਆਸੀ ਜਾਗਰੂਕਤਾ ਨਾਲ ਸਬੰਧਿਤ ਹੈ।