ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਟਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਘਿਨੌਣੇ ਕੇਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਮੈਡੀਕਲ ਪ੍ਰੋਫੈਸ਼ਨਲ ਕਰਮੀ ਸੰਘਰਸ਼ ਕਰ ਰਹੇ ਹਨ। ਉਹ ਅਕਸਰ ਨਾ ਕੇਵਲ ਜਿਨਸੀ ਸ਼ਿਕਾਰੀਆਂ ਅਤੇ ਹੋਰਨਾਂ ਅਪਰਾਧੀਆਂ ਦੇ ਹਮਲੇ ਦੀ ਜ਼ੱਦ ਵਿੱਚ ਆ ਜਾਂਦੇ ਸਨ ਸਗੋਂ ਕਈ ਵਾਰ ਮਰੀਜ਼ਾਂ ਦੇ ਵਾਰਸਾਂ ਦੇ ਗੁੱਸੇ ਦਾ ਵੀ ਸ਼ਿਕਾਰ ਬਣ ਜਾਂਦੇ ਸਨ। ਡਾਕਟਰਾਂ ਤੋਂ ਬੇਵਜ੍ਹਾ ਹੀ ਇਹ ਤਵੱਕੋ ਕਰ ਲਈ ਜਾਂਦੀ ਹੈ ਕਿ ਉਹ ਚਮਤਕਾਰ ਦਿਖਾਉਣਗੇ ਅਤੇ ਨਾਉਮੀਦ ਕੇਸਾਂ ਵਿੱਚ ਜੀਵਨ ਬਚਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਸਰੀਰਕ ਅਤੇ ਕਾਨੂੰਨੀ ਪੱਖਾਂ ਤੋਂ ਸੁਰੱਖਿਆ ਦੀ ਬਹੁਤ ਲੋੜ ਸੀ। ਸੁਪਰੀਮ ਕੋਰਟ ਨੇ ਆਪਣੇ ਹਾਲੀਆ ਫ਼ੈਸਲੇ ਵਿੱਚ ਆਖਿਆ ਹੈ ਕਿ ਮੈਡੀਕਲ ਸਟਾਫ ਨੂੰ ਸਿਰਫ਼ ਇਸ ਬਿਨਾ ’ਤੇ ਹੀ ਮੈਡੀਕਲ ਲਾਪਰਵਾਹੀ ਦਾ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ ਕਿ ਕੋਈ ਕਿਸੇ ਸਰਜਰੀ ਜਾਂ ਇਲਾਜ ਇੱਛਤ ਨਤੀਜੇ ਨਹੀਂ ਕੱਢ ਸਕੀ। ਅਦਾਲਤ ਮੁਤਾਬਿਕ ਮੈਡੀਕਲ ਪ੍ਰੈਕਟਿਸ ਵਿੱਚ ਗੜਬੜ ਹੋਣ ਦੇ ਪੁਖ਼ਤਾ ਸਬੂਤਾਂ ਦੇ ਆਧਾਰ ’ਤੇ ਹੀ ਡਾਕਟਰਾਂ ਦਾ ਕਸੂਰ ਤੈਅ ਕੀਤਾ ਜਾਣਾ ਚਾਹੀਦਾ ਹੈ। ਡਾਕਟਰ ਆਪਣੀ ਪੇਸ਼ੇ ਦੀ (ਹਿਪੋਕਰੇਟਿਕ) ਸਹੁੰ ਚੁੱਕਦੇ ਹਨ ਜਿਸ ਕਰ ਕੇ ਉਹ ਮਰੀਜ਼ਾਂ ਦੀ ਦੇਖਭਾਲ ਅਤੇ ਆਪਣਾ ਕੰਮ ਪੂਰੀ ਦਿਆਨਤਦਾਰੀ ਨਾਲ ਕਰਨ ਪ੍ਰਤੀ ਵਚਨਬੱਧ ਹੁੰਦੇ ਹਨ। ਹੋ ਸਕਦਾ ਹੈ, ਕੁਝ ਲੋਕ ਅਨੈਤਿਕ ਅਤੇ ਗ਼ਲਤ ਕਾਰਵਾਈਆਂ ਵਿੱਚ ਸ਼ਾਮਿਲ ਹੋਣ ਪਰ ਇਸ ਕਰ ਕੇ ਸਮੁੱਚੀ ਮੈਡੀਕਲ ਬਰਾਦਰੀ ਨੂੰ ਇਕੋ ਰੱਸੇ ਬੰਨ੍ਹਣਾ ਸਹੀ ਨਹੀਂ।
ਗ਼ਲਤ ਸਰਜਰੀਆਂ ਜਾਂ ਗ਼ੈਰ-ਤਸੱਲੀਬਖਸ਼ ਨਤੀਜਾ ਨਿਕਲਣ ’ਤੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਡਾਕਟਰਾਂ ’ਤੇ ਲਾਪਰਵਾਹੀ ਦਾ ਦੋਸ਼ ਲਾ ਦਿੰਦੇ ਹਨ। ਕਾਨੂੰਨੀ ਕਾਰਵਾਈ ਦਾ ਡਰ ਜਾਂ ਹਿੰਸਾ ਵੀ ਮੈਡੀਕਲ ਪੇਸ਼ੇਵਰਾਂ ਨੂੰ ਦਬਾਅ ਵਿੱਚ ਰੱਖਦੀ ਹੈ, ਜਦੋਂਕਿ ਉਹ ਪਹਿਲਾਂ ਹੀ ਤਣਾਅਪੂਰਨ ਸਥਿਤੀਆਂ ਵਿੱਚ ਕੰਮ ਕਰ ਰਹੇ ਹੁੰਦੇ ਹਨ। ਇਸ ਨਾਲ ਅਕਸਰ ਉਨ੍ਹਾਂ ਦੀ ਸਮਰੱਥਾ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਗੰਭੀਰ ਗ਼ਲਤੀਆਂ ਦਾ ਮਾਹੌਲ ਪੈਦਾ ਹੁੰਦਾ ਹੈ।
ਸਿਹਤ ਸੰਭਾਲ ਕਰਮੀ ਸੁਖਾਵੇਂ ਮਾਹੌਲ ਵਿੱਚ ਹੀ ਆਪਣੀ ਯੋਗਤਾ ਨੂੰ ਸਭ ਤੋਂ ਵਧੀਆ ਢੰਗ ਨਾਲ ਵਰਤ ਸਕਦੇ ਹਨ ਜਿੱਥੇ ਅਡਿ਼ੱਕਿਆਂ ਦੀ ਕੋਈ ਗੁੰਜਾਇਸ਼ ਨਾ ਹੋਵੇ। ਹਾਲਾਂਕਿ ਉਨ੍ਹਾਂ ਦਾ ਸਭ ਤੋਂ ਵਧੀਆ ਕੰਮ ਵੀ ਸ਼ਾਇਦ ਕਈ ਵਾਰ ਕਾਫ਼ੀ ਸਾਬਿਤ ਨਹੀਂ ਹੁੰਦਾ। ਦੂਜੇ ਪਾਸੇ, ਗ਼ੈਰ-ਜ਼ਰੂਰੀ ਟੈਸਟਾਂ ਤੇ ਬੇਲੋੜੀਆਂ ਸਰਜਰੀਆਂ ਵਰਗੇ ਮਾੜੇ ਮੈਡੀਕਲ ਕੰਮਾਂ ਪ੍ਰਤੀ ਵੀ ਸਖ਼ਤੀ ਵਰਤੀ ਜਾਣੀ ਚਾਹੀਦੀ ਹੈ ਜੋ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਵੱਡਾ ਬਿੱਲ ਦੇਣ ਲਈ ਮਜਬੂਰ ਕਰਨ ਤੇ ਸਿਹਤ ਬੀਮਾ ਕੰਪਨੀਆਂ ਦੀਆਂ ਜੇਬਾਂ ਭਰਨ ਲਈ ਕੀਤੇ ਜਾਂਦੇ ਹਨ। ਆਖ਼ਿਰਕਾਰ, ਇਸ ਮਾਮਲੇ ਵਿੱਚ ਡਾਕਟਰ ਦੀ ਇਮਾਨਦਾਰੀ ਤੇ ਕਾਬਲੀਅਤ ’ਚ ਮਰੀਜ਼ ਦਾ ਭਰੋਸਾ ਦਾਅ ਉੱਤੇ ਲੱਗਾ ਹੁੰਦਾ ਹੈ।