“ਮੈਂ ਆਪਣੇ ਬੱਚਿਆਂ ਨਾਲ ਇੱਥੇ ਨਹੀਂ ਰਹਿਣਾ ਚਾਹੁੰਦਾ। ਮੈਂ ਪੀੜਤ (victim) ਨਹੀਂ ਬਣਨਾ ਚਾਹੁੰਦਾ।’’ ਇਹ ਸ਼ਬਦ ਬੰਗਲਾਦੇਸ਼ ਵਿਚ ਨਾਰੇਲ ਜ਼ਿਲ੍ਹੇ ਦੇ ਸਾਹਾਪਾਰਾ ਪਿੰਡ ਦੇ ਹਿੰਦੂ ਭਾਈਚਾਰੇ ਨਾਲ ਸਬੰਧਿਤ ਇਕ ਵਸਨੀਕ ਦੇ ਹਨ। ਸ਼ੁੱਕਰਵਾਰ ਬੰਗਲਾਦੇਸ਼ ਦੇ ਬਹੁਗਿਣਤੀ ਫ਼ਿਰਕੇ ਦੇ ਕੱਟੜਪੰਥੀਆਂ ਨੇ ਇਸ ਪਿੰਡ ਦੇ ਹਿੰਦੂਆਂ ’ਤੇ ਹਮਲਾ ਕਰ ਕੇ ਲੋਕਾਂ ਨਾਲ ਕੁੱਟ-ਮਾਰ ਕੀਤੀ, ਘਰ ਸਾੜੇ ਤੇ ਲੁੱਟੇ ਅਤੇ ਮੰਦਰ ਦੀ ਭੰਨ-ਤੋੜ ਕੀਤੀ। ਕੱਟੜਪੰਥੀਆਂ ਦਾ ਕਹਿਣਾ ਸੀ ਕਿ ਘੱਟਗਿਣਤੀ ਭਾਈਚਾਰੇ ਨਾਲ ਸਬੰਧਿਤ ਅਕਾਸ਼ ਸਾਹਾ ਨੇ ਫੇਸਬੁੱਕ ’ਤੇ ਅਜਿਹੀ ਪੋਸਟ ਪਾਈ ਹੈ ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੀ ਹੈ। ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚ ਇਹ ਰੁਝਾਨ ਜ਼ੋਰ ਫੜ ਰਿਹਾ ਹੈ। ਕੋਈ ਵਿਅਕਤੀ ਕੁਝ ਕਹਿੰਦਾ ਹੈ ਤਾਂ ਦੂਸਰੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ; ਪੀੜਤ ਭਾਈਚਾਰਾ ਲਿਖੀ-ਬੋਲੀ ਗਈ ਗੱਲ ਦਾ ਮੁਕਾਬਲਾ ਦਲੀਲ ਜਾਂ ਤਰਕ ਰਾਹੀਂ ਨਹੀਂ ਕਰਨਾ ਚਾਹੁੰਦਾ; ਹਿੰਸਾ ਦਾ ਰਾਹ ਅਪਣਾਇਆ ਜਾਂਦਾ ਹੈ। ਬੰਗਲਾਦੇਸ਼ ਵਿਚ ਪਿਛਲੇ ਸਾਲ ਅਕਤੂਬਰ ਵਿਚ ਦੁਰਗਾ ਪੂਜਾ ਦੌਰਾਨ ਵੀ ਹਿੰਦੂ ਭਾਈਚਾਰੇ ਦੇ ਲੋਕਾਂ ਵਿਰੁੱਧ ਹਿੰਸਾ ਹੋਈ ਜਿਸ ਵਿਚ ਦੋ ਵਿਅਕਤੀ ਮਾਰੇ ਗਏ ਅਤੇ ਵੱਡੀ ਪੱਧਰ ’ਤੇ ਲੁੱਟ-ਮਾਰ ਹੋਈ ਸੀ। ਵੱਖ ਵੱਖ ਜ਼ਿਲ੍ਹਿਆਂ ਵਿਚ ਦੁਰਗਾ ਪੂਜਾ ਦੇ 80 ਤੋਂ ਜ਼ਿਆਦਾ ਮੰਡਪਾਂ ’ਤੇ ਹਮਲਾ ਕੀਤਾ ਗਿਆ ਸੀ। 16 ਅਕਤੂਬਰ 2021 ਨੂੰ ਦੋਹਾਂ ਫ਼ਿਰਕਿਆਂ ਦੇ ਲੋਕਾਂ ਨੇ ਢਾਕਾ ਵਿਚ ਵੱਡੇ ਜਲੂਸ ਕੱਢੇ ਸਨ ਜਿਨ੍ਹਾਂ ਵਿਚ ਨਫ਼ਰਤੀ ਨਾਅਰੇ ਲਗਾਏ ਗਏ।
ਹਰ ਭਾਈਚਾਰੇ ਦੇ ਕੱਟੜਪੰਥੀ ਆਪਣੇ ਫ਼ਿਰਕੇ ਦੇ ਲੋਕਾਂ ਨੂੰ ਨਫ਼ਰਤ ਅਤੇ ਹਿੰਸਾ ਦੀ ਰਾਹ ’ਤੇ ਪਾਉਂਦੇ ਹਨ। ਉਹ ਲੋਕਾਂ ਨੂੰ ਇਕ-ਦੂਜੇ ਵਿਰੁੱਧ ਖੜ੍ਹੇ ਕਰ ਕੇ ਸਿਆਸੀ ਲਾਹਾ ਲੈਂਦੇ ਹਨ। ਕੱਟੜਪੰਥੀ ਸਿਆਸੀ ਪਾਰਟੀਆਂ ਉਨ੍ਹਾਂ ਦੀ ਪਿੱਠ ’ਤੇ ਹੁੰਦੀਆਂ ਹਨ। ਬਹੁਤਾ ਕਰਕੇ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ, ਮਿਆਂਮਾਰ, ਸ੍ਰੀਲੰਕਾ, ਸਭ ਦੇਸ਼ਾਂ ਵਿਚ ਘੱਟਗਿਣਤੀ ਫ਼ਿਰਕਿਆਂ ਦੇ ਲੋਕ ਕੱਟੜਪੰਥੀਆਂ ਦੇ ਨਿਸ਼ਾਨੇ ’ਤੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਬੰਗਲਾਦੇਸ਼ ਵਿਚ ਹਿੰਦੂਆਂ ਦੀ ਗਿਣਤੀ 8.5 ਫ਼ੀਸਦੀ ਸੀ। ਸਿਆਸੀ ਮਾਹਿਰਾਂ ਅਨੁਸਾਰ ਲਗਾਤਾਰ ਹੁੰਦੀ ਹਿੰਸਾ ਕਾਰਨ ਹਿੰਦੂ ਵੱਡੀ ਗਿਣਤੀ ਵਿਚ ਦੇਸ਼ ਛੱਡ ਰਹੇ ਹਨ ਅਤੇ ਉਨ੍ਹਾਂ ਦੀ ਗਿਣਤੀ ਘਟ ਰਹੀ ਹੈ। ਸਾਹਾਪਾਰਾ ਤੋਂ ਵੀ ਲੋਕਾਂ ਦੇ ਪਿੰਡ ਛੱਡਣ ਬਾਰੇ ਖ਼ਬਰਾਂ ਆ ਰਹੀਆਂ ਹਨ। ਕੱਟੜਪੰਥੀਆਂ ਦੁਆਰਾ ਕੀਤੀਆਂ ਜਾਂਦੀਆਂ ਇਹ ਹਰਕਤਾਂ ਕਾਇਰਾਨਾ ਅਤੇ ਸਮਾਜ ਵਿਰੋਧੀ ਹਨ। ਨਫ਼ਰਤ ਮਨੁੱਖ ਨੂੰ ਅਮਨੁੱਖਤਾ ਵੱਲ ਲੈ ਜਾਂਦੀ ਹੈ; ਇਸ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੁੰਦਾ। ਲੋਕ ਸਾਂਝੀਵਾਲਤਾ ਦੀ ਬਜਾਇ ਨਫ਼ਰਤ ’ਤੇ ਆਧਾਰਿਤ ਦਲੀਲਾਂ ਤੋਂ ਜ਼ਿਆਦਾ ਕਾਇਲ ਹੁੰਦੇ ਹਨ।
ਸ਼ੇਖ ਹਸੀਨਾ ਦੇ ਰਾਜ ਦੌਰਾਨ ਧਾਰਮਿਕ ਕੱਟੜਤਾ ’ਤੇ ਕਾਬੂ ਪਾਉਣ ਲਈ ਸਖ਼ਤ ਕਦਮ ਚੁੱਕੇ ਗਏ ਪਰ ਦੇਸ਼ ’ਚ ਅਜਿਹੀਆਂ ਪਾਰਟੀਆਂ ਤੇ ਜਥੇਬੰਦੀਆਂ ਮੌਜੂਦ ਹਨ ਜਿਨ੍ਹਾਂ ਦੀ ਹੋਂਦ ਕੱਟੜਪੰਥੀ ਸਿਆਸਤ ’ਤੇ ਨਿਰਭਰ ਹੈ। ਉਹ ਇਹ ਵੀ ਜਾਣਦੀਆਂ ਹਨ ਕਿ ਉਹ ਅਜਿਹੀ ਸਿਆਸਤ ਕਰ ਕੇ ਸੱਤਾ ਹਾਸਲ ਕਰ ਸਕਦੀਆਂ ਹਨ। ਅਫ਼ਗ਼ਾਨਿਸਤਾਨ, ਪਾਕਿਸਤਾਨ, ਭਾਰਤ, ਸ੍ਰੀਲੰਕਾ, ਮਿਆਂਮਾਰ, ਸਭ ਦੇਸ਼ਾਂ ’ਚ ਕੱਟੜਪੰਥੀ ਤਾਕਤਾਂ ਦਾ ਬੋਲਬਾਲਾ ਹੋਇਆ ਹੈ। ਇਕ ਦੇਸ਼ ’ਚ ਹੁੰਦੀਆਂ ਫ਼ਿਰਕੂ ਘਟਨਾਵਾਂ ਦੇ ਅਸਰ ਦੂਸਰੇ ਦੇਸ਼ਾਂ ’ਚ ਵੀ ਦੇਖੇ ਜਾ ਸਕਦੇ ਹਨ। ਕੱਟੜਪੰਥੀ ਇਨ੍ਹਾਂ ਘਟਨਾਵਾਂ ਨੂੰ ਨਫ਼ਰਤ ਫੈਲਾਉਣ ਅਤੇ ਹਿੰਸਾ ਭੜਕਾਉਣ ਲਈ ਵਰਤਦੇ ਹਨ। ਬੰਗਲਾਦੇਸ਼ ਦੀ ਸਰਕਾਰੀ ਨੀਤੀ ਅਜਿਹੀਆਂ ਘਟਨਾਵਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਹੈ। ਹੋਰ ਦੇਸ਼ਾਂ ਵਿਚ ਅਜਿਹਾ ਕਰਨ ਦੀ ਸਿਆਸੀ ਇੱਛਾ ਦਿਖਾਈ ਨਹੀਂ ਦਿੰਦੀ। ਭਾਰਤ ਵਿਚ ਕੱਟੜਪੰਥੀਆਂ ਨੇ ਸਿਆਸੀ ਨੈਤਿਕਤਾ ਨੂੰ ਤਿਲਾਂਜਲੀ ਦੇ ਦਿੱਤੀ ਹੈ। ਭਾਰਤ, ਬੰਗਲਾਦੇਸ਼, ਨੇਪਾਲ ਤੇ ਸ੍ਰੀਲੰਕਾ ਦੇ ਸੰਵਿਧਾਨ ਧਰਮ ਨਿਰਪੱਖਤਾ ਨੂੰ ਬੁਨਿਆਦੀ ਮੰਨਦੇ ਹਨ। ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਧਰਮ ਆਧਾਰਿਤ ਰਿਆਸਤਾਂ/ਸਟੇਟਾਂ ਹਨ। ਇਨ੍ਹਾਂ ਦੇਸ਼ਾਂ ਦੇ ਘੱਟਗਿਣਤੀ ਫ਼ਿਰਕਿਆਂ ਨੂੰ ਆਪਣੀ ਲੜਾਈ ਜਮਹੂਰੀ ਤਰੀਕੇ ਨਾਲ ਲੜਨੀ ਪੈਣੀ ਹੈ। ਜਮਹੂਰੀ ਤਾਕਤਾਂ ਦੀ ਕਮਜ਼ੋਰੀ ਕੱਟੜਪੰਥੀ ਸ਼ਕਤੀਆਂ ਨੂੰ ਮਜ਼ਬੂਤ ਕਰਦੀ ਹੈ। ਜ਼ਰੂਰਤ ਹੈ ਕਿ ਧਰਮ ਨਿਰਪੱਖ ਸ਼ਕਤੀਆਂ ਇਕਜੁੱਟ ਹੋ ਕੇ ਕੱਟੜਪੰਥੀਆਂ ਦਾ ਸਾਹਮਣਾ ਕਰਨ।