ਧਾਰਮਿਕ ਕੱਟੜਤਾ ਨੇ ਹਿੰਦੋਸਤਾਨੀ ਬਰੇ-ਸਗ਼ੀਰ (ਉਪ-ਮਹਾਂਦੀਪ) ਦੇ ਸਮਾਜਾਂ ਵਿਚ ਨਫ਼ਰਤ ਤੇ ਹਿੰਸਾ ਵਧਾਉਣ ਵਿਚ ਵੱਡਾ ਹਿੱਸਾ ਪਾਇਆ ਹੈ। ਧਾਰਮਿਕ ਕੱਟੜਤਾ 19ਵੀਂ ਸਦੀ ਦੇ ਅਖ਼ੀਰ ਵਿਚ ਵਧਣੀ ਸ਼ੁਰੂ ਹੋਈ ਅਤੇ ਵੱਖ ਵੱਖ ਕੱਟੜਪੰਥੀ ਜਥੇਬੰਦੀਆਂ ਬਣੀਆਂ ਜਿਨ੍ਹਾਂ ਨੇ ਧਰਮਾਂ ਨੂੰ ਧਾਰਮਿਕ ਕੱਟੜਤਾ ਵਿਚ ਬਦਲਣ ਦੀ ਕੋਸ਼ਿਸ਼ ਕੀਤੀ। ਹਰ ਕੱਟੜਪੰਥੀ ਜਥੇਬੰਦੀ ਨੇ ਇਹ ਦੱਸਣ ਦਾ ਯਤਨ ਕੀਤਾ ਕਿ ਉਹ ਧਰਮ, ਜਿਸ ਨਾਲ ਉਹ ਜਥੇਬੰਦੀ ਤੁਅੱਲਕ ਰੱਖਦੀ ਹੈ, ਸਭ ਧਰਮਾਂ ’ਚੋਂ ਸਰਬਉੱਚ ਹੈ ਅਤੇ ਬਾਕੀ ਧਰਮਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਿਆ ਗਿਆ। ਇਸੇ ਕੱਟੜਤਾ ਕਾਰਨ 1947 ਵਿਚ ਪੰਜਾਬ ਤੇ ਬੰਗਾਲ ਦੀ ਵੰਡ ਹੋਈ, ਆਪਣਿਆਂ ਨੇ ਆਪਣਿਆਂ ਦਾ ਕਤਲੇਆਮ ਕੀਤਾ, ਵੱਡੀ ਪੱਧਰ ’ਤੇ ਕਤਲੋ-ਗ਼ਾਰਤ ਅਤੇ ਔਰਤਾਂ ਦੀ ਬੇਪਤੀ ਹੋਈ, ਲੱਖਾਂ ਲੋਕ ਉੱਜੜੇ ਤੇ ਘਰ ਬਰਬਾਦ ਹੋਏ। ਕੱਟੜਪੰਥੀ ਜਥੇਬੰਦੀਆਂ ਅਤੇ ਵਿਅਕਤੀਆਂ ਨੇ ਇਸ ਸਭ ਕੁਝ ਨੂੰ ਧਰਮ ਦੇ ਨਾਂ ’ਤੇ ਜਾਇਜ਼ ਠਹਿਰਾਇਆ। ਇਹ ਵਰਤਾਰਾ ਵੰਡ ਤੋਂ ਬਾਅਦ ਹੋਰ ਵੱਖ ਵੱਖ ਰੂਪਾਂ ਵਿਚ ਪਨਪਿਆ ਅਤੇ ਵੱਡੇ ਸਿਆਸੀ ਹਥਿਆਰ ਵਜੋਂ ਵਰਤਿਆ ਗਿਆ। ਕੱਟੜਪੰਥੀ ਜਥੇਬੰਦੀਆਂ ਲੋਕਾਂ ਵਿਚ ਇਹ ਡਰ ਪੈਦਾ ਕਰਦੀਆਂ ਹਨ ਕਿ ਉਨ੍ਹਾਂ ਦਾ ਧਰਮ ਖ਼ਤਰੇ ਵਿਚ ਹੈ ਅਤੇ ਸਿਰਫ਼ ਉਹੀ (ਜਥੇਬੰਦੀਆਂ) ਧਰਮ ਦੀ ਰੱਖਿਆ ਕਰ ਸਕਦੀਆਂ ਹਨ।
ਹੁਣ ਵੀ ਧਾਰਮਿਕ ਕੱਟੜਤਾ ਨੂੰ ਹਿੰਸਾ ਤੇ ਨਫ਼ਰਤ ਵਧਾਉਣ ਅਤੇ ਉਸ ਤੋਂ ਸਿਆਸੀ ਲਾਹਾ ਲੈਣ ਲਈ ਵਰਤਿਆ ਜਾ ਰਿਹਾ ਹੈ। ਜੰਮੂ ਕਸ਼ਮੀਰ ’ਚ ਹਿੰਦੂ ਸਿੱਖ ਪਰਿਵਾਰਾਂ ’ਤੇ ਕਾਇਰਾਨਾ ਹਮਲੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਹਨ। ਪਰਵਾਸੀ ਮਜ਼ਦੂਰਾਂ ਦੇ ਕਤਲ ਦਹਿਸ਼ਤਗਰਦ ਜਥੇਬੰਦੀਆਂ ਦੀ ਕੱਟੜ ਤੇ ਮਨੁੱਖਤਾ ਵਿਰੋਧੀ ਸੋਚ ਨੂੰ ਨੰਗਾ ਕਰਦੇ ਹਨ। ਪਾਕਿਸਤਾਨ, ਦਹਿਸ਼ਤਗਰਦ ਜਥੇਬੰਦੀਆਂ ਨੂੰ ਉਤਸ਼ਾਹਿਤ ਕਰ ਕੇ ਕਸ਼ਮੀਰ ’ਚ ਫ਼ਿਰਕੂ ਪਾੜੇ ਨੂੰ ਵਧਾਉਣ ਵਿਚ ਭੂਮਿਕਾ ਨਿਭਾ ਰਿਹਾ ਹੈ। ਅਫ਼ਗਾਨਿਸਤਾਨ ’ਚ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੰਗਲਾਦੇਸ਼ ’ਚ ਦੁਰਗਾ ਪੂਜਾ ਦੌਰਾਨ ਮੰਦਿਰਾਂ ’ਤੇ ਹਮਲੇ ਅਤੇ ਹਿੰਸਾ ਸਮਾਜਿਕ ਤਾਣੇ-ਬਾਣੇ ਨੂੰ ਤਾਰ ਤਾਰ ਕਰਨ ਵਾਲੀਆਂ ਕਾਰਵਾਈਆਂ ਹਨ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਭਾਰਤ ਸਰਕਾਰ ਨੂੰ ਦੱਸਿਆ ਹੈ ਕਿ ਭਾਰਤ ਵਿਚ ਇਨ੍ਹਾਂ ਘਟਨਾਵਾਂ ਦੇ ਪ੍ਰਤੀਕਰਮ ਦੀ ਤਾਸੀਰ ਬੰਗਲਾਦੇਸ਼ ਸਰਕਾਰ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਸਮਰੱਥਾ ’ਤੇ ਅਸਰ ਪਾਵੇਗੀ ਕਿਉਂਕਿ ਬੰਗਲਾਦੇਸ਼ ਦੀਆਂ ਕੱਟੜਪੰਥੀ ਜਥੇਬੰਦੀਆਂ ਸ਼ੇਖ ਹਸੀਨਾ ਨੂੰ ਭਾਰਤ ਦਾ ਕਰੀਬੀ ਦੱਸ ਕੇ ਉਸ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਸ਼ੇਖ ਹਸੀਨਾ ਦੇ ਰਾਜ-ਕਾਲ ਵਿਚ ਦਹਿਸ਼ਤਗਰਦ ਅਤੇ ਕੱਟੜਪੰਥੀ ਜਥੇਬੰਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।
ਪਿਛਲੇ ਸਾਲਾਂ ’ਚ ਮਿਆਂਮਾਰ ’ਚ ਵੀ ਧਾਰਮਿਕ ਕੱਟੜਪੰਥੀਆਂ ਨੇ ਘੱਟਗਿਣਤੀ ਫ਼ਿਰਕਿਆਂ ’ਤੇ ਜ਼ੁਲਮ ਢਾਹੇ ਹਨ। ਰੋਹਿੰਗੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਲੋਕ ਬੇਘਰ ਹੋਏ। ਸ੍ਰੀਲੰਕਾ ’ਚ ਵੀ ਕੱਟੜਪੰਥੀਆਂ ਨੇ ਕਈ ਤਰ੍ਹਾਂ ਦੀਆਂ ਕਾਰਵਾਈਆਂ ਕਰ ਕੇ ਸਮਾਜਿਕ ਪਾੜੇ ਨੂੰ ਵਧਾਇਆ ਹੈ। ਪਾਕਿਸਤਾਨ ਦਹਿਸ਼ਤਗਰਦੀ ਜਥੇਬੰਦੀਆਂ ਦਾ ਪਾਲਣਹਾਰ ਤਾਂ ਬਣਿਆ ਪਰ ਦਹਿਸ਼ਤਗਰਦਾਂ ਨੇ ਪਾਕਿਸਤਾਨ ਦੇ ਸਾਧਾਰਨ ਲੋਕਾਂ ਦਾ ਘਾਣ ਕਰਨ ’ਚ ਕੋਈ ਕਸਰ ਨਹੀਂ ਛੱਡੀ। ਧਾਰਮਿਕ ਕੱਟੜਤਾ ਦੇ ਆਧਾਰ ’ਤੇ ਹੁੰਦੀ ਰਾਜਨੀਤੀ ਸਿਆਸੀ ਜਮਾਤ ਨੂੰ ਰਾਸ ਆਉਂਦੀ ਹੈ ਕਿਉਂਕਿ ਧਾਰਮਿਕ ਭਾਵਨਾਵਾਂ ਦੇ ਵੇਗ ਦਾ ਸ਼ਿਕਾਰ ਹੋਏ ਲੋਕਾਂ ਨੂੰ ਆਪਣੇ ਅਸਲੀ ਮੁੱਦਿਆਂ ਵੱਲ ਧਿਆਨ ਦੇਣ ਦਾ ਮੌਕਾ ਹੀ ਨਹੀਂ ਮਿਲਦਾ। ਇਹ ਵਰਤਾਰੇ ਇਹ ਵੀ ਸਿੱਧ ਕਰਦੇ ਹਨ ਕਿ ਖ਼ਾਸ ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਧਾਰਮਿਕ ਕੱਟੜਪੰਥੀਆਂ ਵਿਰੁੱਧ ਇਸ ਲਈ ਕਾਰਵਾਈ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਨੂੰ ਕੱਟੜਪੰਥੀਆਂ ਦੇ ਬਣਾਏ ਬਿਰਤਾਂਤ ਤੋਂ ਸਿਆਸੀ ਲਾਹਾ ਮਿਲਦਾ ਹੈ। ਜੇਕਰ ਦੱਖਣੀ ਏਸ਼ੀਆ ਦੇ ਲੋਕਾਂ ਦੇ ਆਪਸੀ ਰਿਸ਼ਤੇ ਸੁਧਰਨ ਤਾਂ ਇਹ ਖ਼ਿੱਤਾ ਖੁਸ਼ਹਾਲੀ ਅਤੇ ਅਮਨ ਦੀਆਂ ਰਾਹਾਂ ’ਤੇ ਕਦਮ ਵਧਾ ਸਕਦਾ ਹੈ। ਦੱਖਣੀ ਏਸ਼ੀਆ ਦੀਆਂ ਜਮਹੂਰੀ ਤਾਕਤਾਂ ਨੂੰ ਇਕਜੁੱਟ ਹੋ ਕੇ ਧਾਰਮਿਕ ਕੱਟੜਤਾ ਵਿਰੁੱਧ ਲੜਨ ਦੀ ਜ਼ਰੂਰਤ ਹੈ। ਦਹਿਸ਼ਤਗਰਦ ਜਥੇਬੰਦੀਆਂ ਅਤੇ ਧਾਰਮਿਕ ਕੱਟੜਪੰਥੀਆਂ ਨੂੰ ਭਾਈਚਾਰਕ ਸਾਂਝ ਤੋੜਨ ਅਤੇ ਫ਼ਿਰਕੂ ਤੁਅੱਸਬ ਆਧਾਰ ’ਤੇ ਸਿਆਸਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।