ਸਵਰਾਜਬੀਰ
ਕੌਣ ਆਇਆ ਪਹਿਨ ਲਬਿਾਸ ਕੁੜੇ
ਤੁਸੀਂ ਪੁੱਛੋ ਨਾਲ ਇਖਲਾਸ ਕੁੜੇ
ਹੱਥ ਖੂੰਡੀ ਮੋਢੇ ਕੰਬਲ ਕਾਲਾ
ਅੱਖੀਆਂ ਦੇ ਵਿਚ ਵੱਸੇ ਉਜਾਲਾ
ਚਾਕ ਨਹੀਂ ਹੈ ਕੋਈ ਮਤਵਾਲਾ
ਪੁੱਛੋ ਬਿਠਾ ਕੇ ਪਾਸ ਕੁੜੇ
– ਬੁੱਲ੍ਹੇ ਸ਼ਾਹ
ਹੱਥ ਖੂੰਡੀ ਹੈ ਤੇ ਮੋਢੇ ’ਤੇ ਕਾਲਾ ਕੰਬਲ। ਇਹ ਲਬਿਾਸ ਕਿਸ ਦਾ ਹੈ? ਲਬਿਾਸ ਸ਼ਖ਼ਸੀਅਤ ਨੂੰ ਬਿਆਨ ਕਰਨ ਵਾਲੀ ਕੱਪੜਿਆਂ ’ਚ ਸੀਤੀ ਇਬਾਰਤ ਹੁੰਦਾ ਹੈ। ਬੁੱਲ੍ਹੇ ਸ਼ਾਹ ਦੇ ਸ਼ਬਦਾਂ ਵਿਚ ਕਾਇਨਾਤ ਦਾ ਵਾਲੀ, ਪੈਗੰਬਰ ਮੁਹੰਮਦ ਤੇ ਰਾਂਝਾ ਇਕ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਪੰਜਾਬੀ ਸਾਹਿਤ ਵਿਚ ਦਮੋਦਰ ਨੇ ਰਾਂਝੇ ਦੇ ਤਖਤ ਹਜ਼ਾਰੇ ਤੋਂ ਚੱਲਣ ਵੇਲੇ ਉਸ ਦੇ ਲਬਿਾਸ ਦਾ ਵਰਨਣ ਏਦਾਂ ਕੀਤਾ ਸੀ, ‘‘ਖੂੰਡੀ ਤੇ ਹੱਥ ਵੰਝਲੀ ਕੀਤੀ, ਚੱਲਣ ਤੇ ਚਿਤ ਚਾਇਆ/ਚੀਰਾ ਲਾਲ ਤੇ ਉਤੇ ਅੰਬਰੀ, ਮੱਝ ਨੀਲਾ ਖੇਸ ਬਨ੍ਹਾਇਆ।’’ ਵਾਰਿਸ ਸ਼ਾਹ ਨੇ ਹੀਰ ਦੇ ਲਬਿਾਸ ਦਾ ਥੋੜ੍ਹਾ ਜਿਹਾ ਵੇਰਵਾ ਏਦਾਂ ਦਿੱਤਾ ਹੈ, ‘‘ਕੁੜਤੀ ਸੂਹੀ ਦੀ ਹਿੱਕ ਦੇ ਨਾਲ ਫੱਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ।’’ ਰਾਂਝੇ ਦੇ ਜੋਗੀ ਬਣ ਜਾਣ ’ਤੇ ਉਸ ਦਾ ਲਬਿਾਸ ਜੋਗੀਆਂ ਵਾਲਾ ਹੈ, ‘‘ਕੰਨੀ ਓਸ ਦੇ ਦਰਸ਼ਨੀਂ ਮੁੰਦਰਾਂ ਨੇ, ਦਾੜ੍ਹੀ ਪਟੇ ਸਿਰ ਭਵਾਂ ਮੁਨਾਇ ਵੜਿਆ।’’ ਪਰ ਉਹ ਕਿਸੇ ਨਾਲ ਪੂਰਾ ਮੇਲ ਨਹੀਂ ਖਾਂਦਾ ‘‘ਨਾ ਉਹ ਮੁੰਡੀਆ, ਗੋਦੜੀ, ਨਾਥ, ਨਾ ਜੰਘਮ, ਨਾ ਉਦਾਸੀਆਂ ਵਿਚ ਠਹਿਰਾਈਆਂ ਨੀ।’’ ਬੁੱਲ੍ਹੇ ਸ਼ਾਹ ਜੋਗੀ/ਰਾਂਝੇ ਦੇ ਲਬਿਾਸ ਦਾ ਇਉਂ ਵਰਨਣ ਕਰਦਾ ਹੈ, ‘‘ਜੋਗੀ ਜੋਗ ਸਿਧਾਰਨ ਆਇਆ/ਸਿਰ ਦਾੜੀ ਮੂੰਹ ਮੋਨ ਮੁਨਾਇਆ/ਇਸ ਨੇ ਭਗਵਾ ਭੇਸ ਵਟਾਇਆ/ਕਾਲੀ ਸੇਲ੍ਹੀ ਗਲ ਵਿਚ ਪਾਈ।’’ ਬੁੱਲ੍ਹੇ ਸ਼ਾਹ ਵਿਚ ਰਾਂਝਾ ਤੇ ਰੱਬ ਇਕ ਹੋਏ ਹੋਏ ਹਨ ਤੇ ਲਬਿਾਸ ਹੈ, ‘‘ਏਸ ਜੋਗੀ ਦੀ ਕੀ ਨਿਸ਼ਾਨੀ/ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ/ਸੂਰਤ ਇਸ ਦੀ ਯੂਸਫ਼ ਸਾਨੀ/ਇਸ ਅਲਫ਼ੋਂ ਅਹਿਦ ਬਣਾਇਆ।’’
ਮਾਰਕ ਟਵੇਨ ਨੇ ਆਪਣੀ ਕਹਾਣੀ ‘ਜ਼ਾਰ ਦੀ ਆਤਮਬਚਨੀ (The Czar’s Soliloguy)’ ਵਿਚ ਲਿਖਿਆ ਸੀ, ‘‘ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਕੱਪੜਿਆਂ ਤੋਂ ਬਿਨਾਂ ਉਹ ਕੁਝ ਵੀ ਨਹੀਂ ਹੈ; ਕੱਪੜੇ ਸਿਰਫ਼ ਬੰਦੇ ਦੀ ਸ਼ਖ਼ਸੀਅਤ ਸਿਰਜਦੇ ਹੀ ਨਹੀਂ ਸਗੋਂ ਉਸ ਦੀ ਪਛਾਣ ਵੀ ਹੁੰਦੇ ਨੇ; ਕੱਪੜਿਆਂ ਤੋਂ ਬਿਨ ਬੰਦਾ ਇਕ ਸਿਫਰ ਹੈ, ਇਕ ਖਿਲਾਅ, ਅਣਹੋਇਆ… ਕੱਪੜਿਆਂ ਤੋਂ ਬਿਨਾਂ ਬੰਦੇ ਕੋਲ ਕੋਈ ਤਾਕਤ ਨਹੀਂ ਹੁੰਦੀ।’’ ਮਾਰਕ ਟਵੇਨ ਜਾਗੀਰਦਾਰੀ ਤੇ ਸਰਮਾਏਦਾਰੀ ਸਮਾਜਾਂ ਵਿਚ ਲਬਿਾਸ ਦੀ ਤਾਕਤ ਨੂੰ ਬਿਆਨ ਕਰ ਰਿਹਾ ਸੀ। ਪੁਰਾਣੀ ਲਾਤੀਨੀ ਕਹਾਵਤ ‘‘vestis virum fact’’ ਦਾ ਅੰਗਰੇਜ਼ੀ ਅਨੁਵਾਦ ਹੈ, ‘‘clothes make the man’’। ਇਸ ਦਾ ਪੰਜਾਬੀ ਵਿਚ ਸ਼ਾਬਦਿਕ ਅਨੁਵਾਦ ਮੁਸ਼ਕਲ ਹੈ। ਇਸ ਦੇ ਅਰਥ ਹਨ ਕਿ ਲੋਕ ਕਿਸੇ ਬੰਦੇ ਦੀ ਸ਼ਖ਼ਸੀਅਤ ਤੇ ਸਮਾਜਿਕ ਹਸਤੀ ਬਾਰੇ ਉਹਦੇ ਕੱਪੜਿਆਂ ਤੋਂ ਹੀ ਜਾਣਦੇ ਹਨ।
ਮਨੁੱਖ ਨੇ ਕਦ ਕੱਪੜੇ ਦੀ ਕਾਢ ਕੱਢੀ ਤੇ ਕਦ ਲਬਿਾਸ ਪਹਿਨਣੇ ਸ਼ੁਰੂ ਕੀਤੇ, ਬਹੁਤ ਵੱਡੇ ਵਿਸ਼ੇ ਹਨ। ਗਰੀਬਾਂ, ਅਮੀਰਾਂ ਤੇ ਬਾਦਸ਼ਾਹਾਂ ਦੇ ਲਬਿਾਸਾਂ ਵਿਚ ਕੋਹਾਂ ਦਾ ਫ਼ਰਕ ਹੁੰਦਾ ਹੈ। ਲਬਿਾਸ ਤੋਂ ਪਤਾ ਲੱਗਦਾ ਹੈ ਕਿ ਇਹ ਜਿਊੜਾ ਮਰਦ ਹੈ ਕਿ ਔਰਤ। ਕਈ ਵਾਰ ਲਬਿਾਸ ਤੋਂ ਬੰਦੇ ਦੇ ਧਰਮ ਦਾ ਵੀ ਅੰਦਾਜ਼ਾ ਹੁੰਦਾ ਹੈ, ਉਸ ਦੀ ਧਰਤ ਤੇ ਮੁਲਕ ਦਾ ਪਤਾ ਲੱਗਦਾ ਹੈ। ਲਬਿਾਸ ਬਹੁ-ਪਰਤੀ ਇਬਾਰਤ ਹੈ।
ਹਿੰਦੋਸਤਾਨੀ ਬਰੇ-ਸਗੀਰ (ਉਪ ਮਹਾਂਦੀਪ) ਦੀ ਤਾਰੀਖ ਵਿਚ ਬਹੁਤ ਸਾਰੇ ਅਜਿਹੇ ਪੰਥ ਤੇ ਫਿਰਕੇ ਉਭਰੇ ਜਿਨ੍ਹਾਂ ਨੇ ਲਬਿਾਸ ਨੂੰ ਨਕਾਰ ਦਿੱਤਾ; ਨੰਗੇ ਰਹਿਣ ਲੱਗ ਪਏ। ਜੈਨ ਮੱਤ ਨਾਲ ਸਬੰਧਿਤ ਕਈ ਮੁਨੀ ਬਿਲਕੁਲ ਨੰਗੇ ਰਹਿੰਦੇ ਹਨ। ਨਾਗੇ ਸਾਧੂ ਨੰਗੇ ਰਹਿੰਦੇ ਤੇ ਪਿੰਡਿਆਂ ’ਤੇ ਬਿਭੂਤ ਮਲਦੇ ਹਨ। ਯਹੂਦੀ ਧਰਮ ਛੱਡ ਕੇ ਮੁਸਲਮਾਨ ਬਣਿਆ ਫਕੀਰ ਸਰਮਦ ਵੀ ਪਿੰਡੇ ’ਤੇ ਲੀਰ ਨਹੀਂ ਸੀ ਪਹਿਨਦਾ। ਸ਼ਾਹਜਹਾਨ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ ਉਸ ਦਾ ਮੁਰੀਦ ਸੀ। ਔਰੰਗਜ਼ੇਬ ਨੇ ਉਸ ਨੂੰ ਕਤਲ ਕਰਾ ਦਿੱਤਾ। ਉਸ ਦੀ ਕਬਰ ਦਿੱਲੀ ਦੀ ਜਾਮਾ ਮਸਜਿਦ ਕੋਲ ਹੈ। ਦਲੀਲ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਮੁਨੀਆਂ, ਸਾਧੂਆਂ ਤੇ ਫਕੀਰਾਂ ਨੇ ਕੱਪੜਿਆਂ ਤੇ ਲਬਿਾਸ ਨੂੰ ਮਾਇਆ ਦੀ ਵਧਦੀ ਤਾਕਤ ਨਾਲ ਜੋੜ ਕੇ ਵੇਖਿਆ ਤੇ ਮਾਇਆਧਾਰੀ ਹੋਣ ਤੋਂ ਇਨਕਾਰ ਕਰਦਿਆਂ ਨੰਗੇ ਰਹਿਣ ਦਾ ਫ਼ੈਸਲਾ ਕੀਤਾ। ਸ਼ੁਰੂਆਤੀ ਸਮਿਆਂ ਵਿਚ ਇਹ ਲੋਕ ਜ਼ਰੂਰ ਸਮਾਜਿਕ ਵਿਦਰੋਹੀ ਰਹੇ ਹੋਣਗੇ ਪਰ ਬਾਅਦ ਵਿਚ ਇਨ੍ਹਾਂ ਦੇ ਪੈਰੋਕਾਰਾਂ ਦੇ ਪੰਥ ਸੰਸਥਾਤਮਕ ਰੂਪ ਧਾਰਨ ਕਰ ਗਏ। ਸਮਾਜ ਇਨ੍ਹਾਂ ਨੂੰ ਮਾਣ-ਸਨਮਾਨ ਦੇਣ ਲੱਗ ਪਿਆ। ਵਿਦਰੋਹੀਆਂ ਵਿਚੋਂ ਵਿਦਰੋਹ ਦੀ ਰੂਹ ਗਾਇਬ ਹੋ ਗਈ ਅਤੇ ਅਜਿਹੇ ਪੰਥਾਂ ਤੇ ਫਿਰਕਿਆਂ ਦੇ ਪੈਰੋਕਾਰਾਂ ਕੋਲ ਖਾਲੀ ਲਬਿਾਸ ਰਹਿ ਗਿਆ। ਸਮਾਜ ਵਿਚਲੀਆਂ ਗਾਲਬਿ ਤਾਕਤਾਂ ਵਿਦਰੋਹਾਂ ਨੂੰ ਕੁਚਲਦੀਆਂ ਵੀ ਹਨ ਅਤੇ ਉਨ੍ਹਾਂ ਨੂੰ ਆਪਣਾ ਅੰਗ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ ਤੇ ਬਹੁਤ ਵਾਰ ਇਸ ਕੋਸ਼ਿਸ਼ ਵਿਚ ਕਾਮਯਾਬ ਵੀ ਹੁੰਦੀਆਂ ਹਨ। ਇਹ ਵਿਦਰੋਹੀ ਵੀ ਸਮਾਜ ਦੀਆਂ ਗਾਲਬਿ ਤਾਕਤਾਂ ਦਾ ਹਿੱਸਾ ਬਣ ਗਏ।
ਇਸ ਸਮੇਂ ਔਰਤਾਂ ਦੇ ਲਬਿਾਸ ਬਾਰੇ ਚਰਚਾ ਹੋ ਰਹੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦਾ ਪਿਛਲੇ ਦਿਨੀਂ ਦਿੱਤਾ ਉਹ ਬਿਆਨ ਜਿਸ ਵਿਚ ਉਸ ਨੇ ਕਿਹਾ ਸੀ ਕਿ ਅੱਜ-ਕੱਲ੍ਹ ਦੀਆਂ ਔਰਤਾਂ ਸਮਾਜਿਕ ਕਦਰਾਂ-ਕੀਮਤਾਂ ਦੀ ਪ੍ਰਵਾਹ ਨਹੀਂ ਕਰਦੀਆਂ ਤੇ ਗੋਡਿਆਂ ਤੋਂ ਪਾਟੀਆਂ/ਉਧੜੀਆਂ ਜੀਨਾਂ ਪਾਉਂਦੀ ਹਨ, ਲੋਕਾਂ ਦੇ ਧਿਆਨ ਦੇ ਕੇਂਦਰ ਵਿਚ ਹੈ। ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਅਜਿਹੇ ਲਬਿਾਸ ਪਾਉਣ ਵਾਲੀਆਂ ਔਰਤਾਂ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਸਿੱਖਿਆ ਦੇਣਗੀਆਂ। ਔਰਤਾਂ ਨੇ ਵੱਡੀ ਪੱਧਰ ’ਤੇ ਉਸ ਬਿਆਨ ਦਾ ਵਿਰੋਧ ਕੀਤਾ। ਭਾਜਪਾ ਦੇ ਵੱਡੇ ਹਮਾਇਤੀ ਅਮਿਤਾਭ ਬਚਨ ਦੀ ਦੋਹਤਰੀ ਨਵਿਆ ਨੰਦਾ (Navya Nanda) ਨੇ ਅਜਿਹੀ ਜੀਨ ਪਾ ਕੇ ਫੋਟੋ ਇੰਸਟਾਗਰਾਮ ’ਤੇ ਲਗਾਈ ਤੇ ਲਿਖਿਆ ਹੈ, ‘‘ਸਾਡੇ ਕੱਪੜੇ ਬਦਲਵਾਉਣ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲੋ ਕਿਉਂਕਿ ਜਿਹੜਾ ਸੁਨੇਹਾ ਤੁਸੀਂ ਸਮਾਜ ਨੂੰ ਦੇਣਾ ਚਾਹੁੰਦੇ ਹੋ, ਉਹ ਬਹੁਤ ਬੇਚੈਨੀ ਪੈਦਾ ਕਰਨ ਵਾਲਾ (shocking) ਹੈ।’’
ਉਹ ਕਿਹੋ ਜਿਹਾ ਸੁਨੇਹਾ ਹੈ ਜਿਸ ਵੱਲ ਨਵਿਆ ਨੰਦਾ ਨੇ ਸੰਕੇਤ ਕੀਤਾ ਹੈ। ਮੁੱਖ ਮੰਤਰੀ ਦੇ ਭਾਸ਼ਨ ਰਾਹੀਂ ਔਰਤਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਸਮਾਜ ਵਿਚ ਮਰਦ ਹੀ ਔਰਤਾਂ ਨੂੰ ਦੱਸਣਗੇ ਕਿ ਉਹ ਕਿਸ ਤਰ੍ਹਾਂ ਦੇ ਕੱਪੜੇ ਪਾਉਣ। ਵੈਸੇ ਤਾਂ ਮਰਦ-ਪ੍ਰਧਾਨ ਸਮਾਜਾਂ ਵਿਚ ਹਮੇਸ਼ਾਂ ਮਰਦ ਹੀ ਦੱਸਦੇ ਆਏ ਹਨ ਕਿ ਔਰਤ ਨੂੰ ਕਿਸ ਤਰ੍ਹਾਂ ਵਿਹਾਰ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਦੇ ਕੱਪੜੇ ਪਾਉਣੇ, ਕਦ ਤੇ ਕਿਸ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ; ਪਤੀ ਦੀ ਮੌਤ ’ਤੇ ਉਸ ਨੂੰ ਸਤੀ ਹੋਣਾ ਚਾਹੀਦਾ ਜਾਂ ਨਹੀਂ ਜਾਂ ਸਿਰ ਮੁਨਵਾਉਣਾ ਤੇ ਚਿੱਟੇ ਕੱਪੜੇ ਪਾਉਣੇ ਚਾਹੀਦੇ ਹਨ ਜਾਂ ਨਹੀਂ। ਸਮੇਂ ਬਦਲੇ ਹਨ ਅਤੇ ਹੁਣ ਔਰਤਾਂ ਵਿਚੋਂ ਕਈ ਮਰਦਾਂ ਦੇ ਇਹੋ ਜਿਹੇ ਦਿਸ਼ਾ-ਨਿਰਦੇਸ਼ਾਂ ਨੂੰ ਨਹੀਂ ਮੰਨਣਾ ਚਾਹੁੰਦੀਆਂ। ਉਹ ਸਮਾਜ ਦੁਆਰਾ ਨਿਸ਼ਚਿਤ ਕੀਤੀ ਮਰਿਆਦਾ ’ਤੇ ਕਿੰਤੂ ਕਰ ਰਹੀਆਂ ਹਨ। ਕਈ ਔਰਤ ਸਿਆਸੀ ਆਗੂਆਂ ਤੇ ਸਮਾਜਿਕ ਕਾਰਕੁਨਾਂ ਨੇ ਰਾਵਤ ਦੇ ਬਿਆਨ ਦਾ ਵਿਰੋਧ ਕੀਤਾ (ਬਾਅਦ ਵਿਚ ਰਾਵਤ ਨੇ ਆਪਣੇ ਬਿਆਨ ਬਾਰੇ ਖੇਦ ਪ੍ਰਗਟ ਕੀਤਾ ਪਰ ਨਾਲ ਇਹ ਵੀ ਕਿਹਾ ਕਿ ਉਹ ਅਜਿਹੀਆਂ ਜੀਨਾਂ ਪਾਉਣ ਨੂੰ ਚੰਗਾ ਨਹੀਂ ਸਮਝਦਾ)।
ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਔਰਤਾਂ ਉਚ ਮੱਧ ਵਰਗ ਨਾਲ ਸਬੰਧ ਰੱਖਦੀਆਂ ਹਨ ਜਦੋਂਕਿ ਨਿਮਨ ਮੱਧ ਵਰਗ ਤੇ ਛੋਟੇ ਵਰਗਾਂ ਦੀਆਂ ਔਰਤਾਂ ਮਰਦ-ਪ੍ਰਧਾਨ ਸਮਾਜ ਦੁਆਰਾ ਨਿਸ਼ਚਿਤ ਕੀਤੀ ਜੀਵਨ-ਜਾਚ ਅਨੁਸਾਰ ਜੀਊਣਾ ਚਾਹੁੰਦੀਆਂ ਹਨ। ਔਰਤਾਂ ਦੀ ਵੱਡੀ ਗਿਣਤੀ ਨੇ ਮਰਦ-ਪ੍ਰਧਾਨ ਸੋਚ ਨੂੰ ਆਤਮਸਾਤ ਕੀਤਾ ਤੇ ਅਪਣਾਇਆ ਹੋਇਆ ਹੈ ਅਤੇ ਉਹ ਖੁਦ ਆਪਣੀਆਂ ਧੀਆਂ ਨੂੰ ਮਰਦ-ਪ੍ਰਧਾਨ ਸੂਝ-ਸਮਝ (ਉਹ ਆਪਣੀ ਮਰਜ਼ੀ ਨਾਲ ਵਿਆਹ ਨਾ ਕਰਾਉਣ, ਜਾਤ ਜਾਂ ਧਰਮ ਤੋਂ ਬਾਹਰ ਸ਼ਾਦੀਆਂ ਨਾ ਕਰਨ, ਮਰਦਾਂ ਦੁਆਰਾ ਪ੍ਰਵਾਨ ਕੀਤੇ ਗਏ ਲਬਿਾਸ ਹੀ ਪਾਉਣ) ਅਨੁਸਾਰ ਜੀਊਣ ਦਾ ਵੱਲ ਸਿਖਾਉਂਦੀਆਂ ਹਨ।
ਹਾਲ ਦੀ ਘੜੀ ਜੀਨਾਂ ਵੱਲ ਧਿਆਨ ਧਰੀਏ ਤਾਂ ਪਤਾ ਲੱਗਦਾ ਹੈ ਕਿ ਜੀਨਾਂ ਕਪਾਹ ਦੇ ਸੂਤਰ ਨੂੰ ਖਾਸ ਤਰ੍ਹਾਂ ਨਾਲ ਬੁਣੇ ਕੱਪੜੇ, ਜਿਸ ਨੂੰ ਡੈਨਿਮ ਜਾਂ ਡਾਂਗਰੀ ਕਿਹਾ ਜਾਂਦਾ, ਤੋਂ ਬਣਾਈਆਂ ਜਾਂਦੀਆਂ ਹਨ। ਭਾਰਤ ਵਿਚ ਅਜਿਹਾ ਕੱਪੜਾ ਸਦੀਆਂ ਤੋਂ ਬਣਦਾ ਰਿਹਾ ਹੈ ਤੇ ਅੰਗਰੇਜ਼ੀ ਵਿਚ ਵਰਤਿਆ ਜਾਂਦਾ ਸ਼ਬਦ ਡਾਂਗਰੀ (Dangaree) ਮਰਾਠੀ ਸ਼ਬਦ ਡੋਂਗਰੀ ਤੋਂ ਅਪਣਾਇਆ ਗਿਆ ਦੱਸਿਆ ਜਾਂਦਾ ਹੈ। ਅਮਰੀਕਾ ਵਿਚ ਲੈਵੀ ਸਟਰਾਸ ਅਤੇ ਜੈਕੋਬ ਡੇਵਿਸ ਨੇ 1873 ਵਿਚ ਇਸ ਕੱਪੜੇ ਦਾ ਪੇਟੈਂਟ ਆਪਣੇ ਨਾਂ ’ਤੇ ਕਰਵਾਇਆ। ਦੋਹਾਂ ਨੇ ਰਲ ਜੀਨਾਂ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਇਹ ਜੀਨ ਪੈਂਟਾਂ ਆਪਣੀ ਮਜ਼ਬੂਤੀ ਕਾਰਨ ਪਹਿਲਾਂ ਮਜ਼ਦੂਰ ਜਮਾਤ ਅਤੇ ਖਾਸ ਕਰਕੇ ਖਾਣ ਮਜ਼ਦੂਰਾਂ ਦਾ ਪਹਿਰਾਵਾ ਬਣੀਆਂ। ਸੋਵੀਅਤ ਯੂਨੀਅਨ ਵਿਚ ਇਨ੍ਹਾਂ ਨੂੰ ਪੱਛਮ ਦੇ ਸੱਭਿਆਚਾਰਕ ਪਤਨ ਦੀ ਨਿਸ਼ਾਨੀ ਮੰਨਿਆ ਗਿਆ।
1950ਵਿਆਂ ਵਿਚ ਅਮਰੀਕੀ ਨੌਜਵਾਨਾਂ ਵਿਚ ਨਿਰਾਸ਼ਾ ਵਧੀ ਅਤੇ ਹਿੱਪੀ ਸੱਭਿਆਚਾਰ ਦੀਆਂ ਕਰੂੰਬਲਾਂ ਫੁੱਟਣ ਲੱਗੀਆਂ। ਉਦੋਂ ਬਣੀ ਫਿਲਮ ‘‘ਬਿਨਾ-ਉਦੇਸ਼ ਦਾ ਵਿਦਰੋਹੀ (Rebel Without a Cause)’’ ਵਿਚ ਜੇਮਜ਼ ਡੀਨ ਨੇ ਜੀਨਾਂ ਪਹਿਨ ਕੇ ਕੇਂਦਰੀ ਭੂਮਿਕਾ ਨਿਭਾਈ ਅਤੇ ਜੀਨਾਂ ਅਜਿਹੇ ਨੌਜਵਾਨਾਂ ਵਿਚ ਹਰਮਨਪਿਆਰੀਆਂ ਹੋ ਗਈਆਂ ਜਿਹੜੇ ਆਪਣੇ ਆਪ ਨੂੰ ਪ੍ਰਚਲਿਤ ਸਮਾਜਿਕ ਧਾਰਨਾਵਾਂ ਦੇ ਵਿਰੋਧੀ ਸਮਝਦੇ ਸਨ।
ਗੋਡਿਆਂ ਤੋਂ ਪਾਟੀਆਂ ਜੀਨਾਂ 1970 ਵਿਚ ਇੰਗਲੈਂਡ ਵਿਚ ਉਭਰ ਰਹੇ ਪੰਕ ਸੱਭਿਆਚਾਰ (Punk Culture) ਦਾ ਹਿੱਸਾ ਬਣੀਆਂ। ਪੰਕ ਰਾਕ ਸੰਗੀਤ ਦੇ ਇਕ ਗਰੁੱਪ ‘‘ਸੈਕਸ ਪਿਸਟਲਜ’’ ਨੇ ਫਟੀਆਂ ਜੀਨਾਂ ਨੂੰ ਵਿਦਰੋਹ ਦੇ ਪ੍ਰਤੀਕ ਵਜੋਂ ਉਭਾਰਿਆ। ਪੰਕ ਲਹਿਰ ਆਪਣੇ ਆਪ ਨੂੰ ਸਥਾਪਤੀ ਤੇ ਕਾਰਪੋਰੇਟਾਂ ਦਾ ਵਿਰੋਧੀ ਕਹਿੰਦੀ ਅਤੇ ਖਪਤਵਾਦ/ਉਪਭੋਗਤਾਵਾਦ ਦੇ ਖਿਲਾਫ ਮੰਨਦੀ ਸੀ। ਇਸ ਲਹਿਰ ਨੇ ਕਵਿਤਾ, ਸੰਗੀਤ, ਕਲਾ ਅਤੇ ਫਿਲਮਾਂ ਦੇ ਖੇਤਰਾਂ ’ਤੇ ਪ੍ਰਭਾਵ ਪਾਇਆ। ਪੰਕ ਲਹਿਰ ਦੇ ਪੈਰੋਕਾਰਾਂ ਨੂੰ ਅਰਾਜਕਤਾਵਾਦੀ ਮੰਨਿਆ ਜਾਂਦਾ ਸੀ/ਹੈ।
ਸਰਮਾਏਦਾਰੀ ਨਿਜ਼ਾਮ ਵਿਦਰੋਹ ਦੇ ਪ੍ਰਤੀਕਾਂ/ਚਿੰਨ੍ਹਾਂ ਨੂੰ ਮੁੱਖ ਧਾਰਾ ਵਿਚ ਸਮੋਣ ਦੀ ਕੋਸ਼ਿਸ਼ ਕਰਦਾ ਅਤੇ ਬਹੁਤ ਵਾਰ ਕਾਮਯਾਬ ਹੁੰਦਾ ਹੈ। ਇਸੇ ਤਰ੍ਹਾਂ ਪਹਿਲਾਂ ਜੀਨਾਂ, ਫਿਰ ਗੋਡਿਆਂ ਤੋਂ ਪਾਟੀਆਂ ਜੀਨਾਂ ਅਤੇ ਬਾਅਦ ਵਿਚ ਥਾਂ ਥਾਂ ਤੋਂ ਫਟੀਆਂ ਜੀਨਾਂ ਜਿਹੜੀਆਂ ਵਿਦਰੋਹ ਦੇ ਪ੍ਰਤੀਕ ਵਜੋਂ ਉਭਰੀਆਂ ਸਨ, ਬਾਅਦ ਵਿਚ ਫੈਸ਼ਨ ਸਨਅਤ ਦਾ ਅੰਗ ਬਣ ਕੇ ਕਾਰਪੋਰੇਟ ਸੈਕਟਰ ਲਈ ਲਾਭਕਾਰੀ ਵਪਾਰ ਦਾ ਸਾਧਨ ਬਣ ਗਈਆਂ।
ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੱਪੜੇ ਪਾਉਣ, ਵਾਲਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਕਟਾਉਣ ਤੇ ਗੁੰਦਣ, ਸੰਗੀਤ ਕਲਾ, ਸਾਹਿਤ ਤੇ ਫਿਲਮਾਂ ਦੇ ਖੇਤਰ ਵਿਚ ਸਥਾਪਿਤ ਧਾਰਨਾਵਾਂ ਤੋਂ ਪਰੇ ਜਾ ਰਚਨਾਵਾਂ ਕਰਨ ਨਾਲ ਬਹੁਤ ਵਾਰ ਨੌਜਵਾਨ ਇਹ ਦੱਸ ਰਹੇ ਹੁੰਦੇ ਹਨ ਕਿ ਉਹ ਸਮਾਜ ਦੀ ਮੁੱਖ ਧਾਰਾ ’ਤੇ ਗਾਲਬਿ ਸੋਚ-ਸਮਝ ਨਾਲ ਸਹਿਮਤ ਨਹੀਂ ਹਨ। ਕਈ ਵਾਰ ਅਜਿਹਾ ਵਿਦਰੋਹ ਵਿਸਫੋਟਕ ਵੀ ਹੋ ਸਕਦਾ ਹੈ ਪਰ ਬਹੁਤੀ ਵਾਰ ਅਜਿਹਾ ਵਿਦਰੋਹ ਥੋੜ੍ਹੇ ਸਮੇਂ ਲਈ ਹੁੰਦਾ ਹੈ; ਬਹੁਤ ਜਲਦੀ ਆਪਣੀ ਪ੍ਰਤੀਕਮਈ ਸ਼ਕਤੀ ਗਵਾ ਲੈਂਦਾ ਹੈ ਅਤੇ ਫੈਸ਼ਨ ਬਣ ਜਾਂਦਾ ਹੈ।
ਉੱਘੇ ਚਿੰਤਕ ਸਟੂਅਰਟ ਹਾਲ ਨੇ ਪਾਪੂਲਰ ਸੱਭਿਆਚਾਰ ਨੂੰ ਉਹ ਸਥਾਨ ਦੱਸਿਆ ਜਿੱਥੇ ਗਾਲਬਿ ਸੱਭਿਆਚਾਰ ਵਿਰੁੱਧ ਵਿਦਰੋਹ ਵੀ ਹੁੰਦਾ ਹੈ ਅਤੇ ਉਸ ਨਾਲ ਸਮਝੌਤਾ ਵੀ ਕੀਤਾ ਜਾਂਦਾ ਹੈ। ਉਸ ਨੇ ਦੂਸਰੀ ਆਲਮੀ ਜੰਗ ਤੋਂ ਬਾਅਦ ਇੰਗਲੈਂਡ ਵਿਚ ਨੌਜਵਾਨਾਂ ਦੇ ਵੱਖ ਵੱਖ ਟੋਲਿਆਂ ਵਿਚ ਸਮਾਜ ਪ੍ਰਤੀ ਉਭਰੀ ਉਪਰਾਮਤਾ ਦਾ ਅਧਿਐਨ ਕਰਦਿਆਂ ਕਿਹਾ ਸੀ ਇਹ ਟੋਲੇ ਬੋਲਣ, ਕੱਪੜੇ ਪਹਿਨਣ, ਵਾਲ ਕਟਾਉਣ, ਗਾਉਣ ਆਦਿ ਦੇ ਨਵੇਂ ਤਰੀਕੇ ਈਜ਼ਾਦ ਕਰਦੇ ਤੇ ਵਰਤਦੇ ਹਨ ਅਤੇ ਅਜਿਹਾ ਕਰਕੇ ਗਾਲਬਿ ਸੱਭਿਆਚਾਰ ਅਤੇ ਸੂਝ-ਸਮਝ ਪ੍ਰਤੀ ਆਪਣਾ ਵਿਦਰੋਹ ਦਰਜ ਕਰਨਾ ਚਾਹੁੰਦੇ ਹਨ; ਇਹ ਵਿਦਰੋਹ ਅਸਲੀ ਵਿਦਰੋਹ ਨਾ ਹੋ ਕਰਮਕਾਂਡੀ ਤਰੀਕੇ ਦਾ ਹੁੰਦਾ ਹੈ। ਸਟੂਅਰਟ ਹਾਲ ਨੇ ਇਸ ਨੂੰ ਕਰਮਕਾਂਡੀ ਤਰੀਕਿਆਂ ਰਾਹੀਂ ਵਿਦਰੋਹ (Resistance through Rituals) ਦੱਸਿਆ। ਸਰਮਾਏਦਾਰੀ ਨਿਜ਼ਾਮ, ਕੰਪਨੀਆਂ ਅਤੇ ਸਨਅਤਾਂ ਵਿਦਰੋਹ ਦੇ ਅਜਿਹੇ ਪ੍ਰਤੀਕਾਂ ਅਤੇ ਤਰੀਕਿਆਂ ਨੂੰ ਆਪਣੇ ਵਿਚ ਸਮਾਅ ਕੇ ਬਹੁਤ ਤੇਜ਼ੀ ਨਾਲ ਵਧਾਉਂਦੀਆਂ ਅਤੇ ਦੁਹਰਾਉਂਦੀਆਂ ਹਨ। ਪ੍ਰਤੀਕਾਂ ਦੀ ਵਰਤੋਂ ਵਿਚ ਤੇਜ਼ੀ ਨਾਲ ਕੀਤਾ ਜਾਂਦਾ ਦੁਹਰਾਉ ਇਨ੍ਹਾਂ ਪ੍ਰਤੀਕਾਂ ਨੂੰ ਖੋਖਲੇ ਅਤੇ ਸ਼ਕਤੀਹੀਣ ਕਰ ਦਿੰਦਾ ਹੈ।
ਫਿਰ ਵੀ ਨੌਜਵਾਨ ਮੁੰਡੇ ਤੇ ਕੁੜੀਆਂ ਅਜਿਹੇ ਪ੍ਰਤੀਕ ਵਰਤ ਕੇ (ਜਿਵੇਂ ਫਟੀਆਂ ਜੀਨਾਂ ਪਾ ਕੇ) ਇਹ ਜ਼ਰੂਰ ਦਰਸਾਉਣਾ ਚਾਹੁੰਦੇ ਹਨ ਕਿ ਉਹ ਚੇਤ, ਅਚੇਤ ਰੂਪ ਵਿਚ ਸਮਾਜ ਦੀ ਪ੍ਰਮੁੱਖ ਵਿਚਾਰਧਾਰਾ ਨਾਲ ਸਹਿਮਤ ਨਹੀਂ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਕਈ ਵਾਰ ਲਬਿਾਸ ਸਾਡੇ ਅਵਚੇਤਨ ਵਿਚ ਦਬਾਈਆਂ ਗਈਆਂ ਰੁਚੀਆਂ ਅਤੇ ਰੁਝਾਨਾਂ ਦਾ ਪ੍ਰਗਟਾਵਾ ਹੁੰਦਾ ਹੈ। ਇਹ ਵਰਤਾਰੇ ਇਹ ਵੀ ਦੱਸਦੇ ਹਨ ਕਿ ਕਿਤੇ ਨਾ ਕਿਤੇ ਨਿਰਾਸ਼ਾ ਅਤੇ ਉਪਰਾਮਤਾ ਹੈ। ਸਰਮਾਏਦਾਰੀ ਨਿਜ਼ਾਮ ਨਿਰਾਸ਼ਾ ਅਤੇ ਉਪਰਾਮਤਾ ਦੇ ਪ੍ਰਤੀਕਾਂ ਨੂੰ ਮੁਨਾਫ਼ਾ ਕਮਾਉਣ ਦੇ ਸਾਧਨ ਬਣਾ ਲੈਂਦਾ ਹੈ। ਜਮਹੂਰੀ ਤਾਕਤਾਂ ਦਾ ਕੰਮ ਅਜਿਹੀ ਨਿਰਾਸ਼ਾ ਅਤੇ ਉਪਰਾਮਤਾ ਦੇ ਸਹੀ ਕਾਰਨਾਂ ਦੀ ਖੋਜ ਕਰਕੇ ਉਨ੍ਹਾਂ ਨੂੰ ਲੋਕਾਂ ਸਾਹਮਣੇ ਰੱਖਣਾ ਅਤੇ ਉਨ੍ਹਾਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨਾ ਹੁੰਦਾ ਹੈ। ਇਸ ਸਭ ਦੇ ਬਾਵਜੂਦ ਕਿਸੇ ਨੂੰ ਇਹ ਕਹਿਣ ਦਾ ਕੋਈ ਹੱਕ ਨਹੀਂ ਹੈ ਕਿ ਔਰਤਾਂ ਜਾਂ ਮਰਦ ਕਿਸ ਤਰੀਕੇ ਦੇ ਲਬਿਾਸ ਪਹਿਨਣ। ਲੋਕ ਆਪਣੇ ਸੱਭਿਆਚਾਰ ਤੇ ਸਮਾਜ ਤੋਂ ਸਮਝ ਗ੍ਰਹਿਣ ਕਰਦੇ ਹਨ ਅਤੇ ਬਾਹਰ ਦੇ ਸੱਭਿਆਚਾਰਾਂ ਤੋਂ ਵੀ। ਸਾਨੂੰ ਲੋਕਾਂ ਦੀ ਸਮਝ ’ਤੇ ਭਰੋਸਾ ਕਰਦਿਆਂ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਰਾਹ-ਰਸਤੇ ਖੁਦ ਤਲਾਸ਼ ਕਰ ਲੈਣਗੇ।
ਰੱਬ ਮਹਾਰਾਣੀ ਦੀ ਰੱਖਿਆ ਕਰੇ
ਰੱਬ ਮਹਾਰਾਣੀ1 ਦੀ ਰੱਖਿਆ ਕਰੇ
ਫਾਸ਼ੀਵਾਦ ਰਾਜ ਨੇ
ਤੁਹਾਨੂੰ ਮੂਰਖ ਬਣਾ ਰੱਖਿਐ
ਸੰਭਾਵੀ ਐਚ2 ਬੰਬ
ਰੱਬ ਮਹਾਰਾਣੀ ਦੀ ਰੱਖਿਆ ਕਰੇ
ਉਹ ਮਨੁੱਖ ਨਹੀਂ ਹੈ
ਏਥੇ ਨਾ ਤਾਂ ਕੋਈ ਭਵਿੱਖ ਏ
ਤੇ ਨਾ ਹੀ ਇੰਗਲੈਂਡ ਦੇ ਸੁਪਨੇ
ਉਹ ਨਾ ਸੁਣੋ ਜੋ ਤੁਸੀਂ ਚਾਹੁੰਦੇ ਹੋ
ਉਹ ਨਾ ਸੁਣੋ ਜਿਸ ਦੀ ਤੁਹਾਨੂੰ ਲੋੜ ਹੈ
ਏਥੇ ਕੋਈ ਭਵਿੱਖ ਨਹੀਂ……
ਕੋਈ ਭਵਿੱਖ ਨਹੀਂ……
ਤੁਹਾਡੇ ਲਈ ਕੋਈ ਭਵਿੱਖ ਨਹੀਂ……
ਫਟੀਆਂ ਜ਼ੀਨਾਂ ਪਾਉਣ ਵਾਲੇ ਰਾਕ ਮਿਊਜ਼ਕ ਗਰੁੱਪ ‘‘ਸੈਕਸ ਪਿਸਟਲਜ਼’’ ਦੇ ਮਸ਼ਹੂਰ ਗੀਤ ‘‘God Save the Queen” ਦੇ ਸ਼ੁਰੂਆਤੀ ਬੰਦ।
(1. ਇੰਗਲੈਂਡ ਦੀ ਮਹਾਰਾਣੀ 2. ਹਾਈਡਰੋਜਨ ਬੰਬ)